ਕੌਮੀ ਮਾਰਗ ’ਤੇ ਲੱਗੇ ਦਿਸ਼ਾ ਸੂਚਕ ਬੋਰਡਾਂ ਵਿੱਚ ਪਿੰਡਾਂ ਦੇ ਨਾਮ ਵਿਗਾੜੇ
ਸੁਖਦੇਵ ਸਿੰਘ
ਅਜਨਾਲਾ, 1 ਜੁਲਾਈ
ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਜਿੱਥੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਕੌਮੀ ਮਾਰਗਾਂ ’ਤੇ ਦਿਸ਼ਾ ਸੂਚਕ ਬੋਰਡਾਂ ’ਤੇ ਪੰਜਾਬੀ ’ਚ ਲਿਖੇ ਪਿੰਡਾਂ ਦੇ ਨਾਵਾਂ ’ਚ ਗਲਤੀਆਂ ਕਾਰਨ ਭਾਸ਼ਾ ਪ੍ਰੇਮੀਆਂ ਦੇ ਮਨਾਂ ਨੂੰ ਠੇਸ ਪੁੱਜਣ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਪਿੰਡਾਂ ਦੇ ਅਸਲੀ ਨਾਵਾਂ ਦੇ ਗਿਆਨ ਤੋਂ ਦੂਰ ਹੋਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣੇ ਜ਼ਿਲ੍ਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸ਼ੁਰੂ ਹੋ ਕੇ ਵਾਇਆ ਅਜਨਾਲਾ ਕਸਬਾ ਰਮਦਾਸ ਤੱਕ ਕੌਮੀ ਮਾਰਗ 354 ’ਤੇ ਪੈਂਦੇ ਪਿੰਡਾਂ ਨੂੰ ਦਰਸਾਉਣ ਵਾਲੇ ਦਿਸ਼ਾ ਸੂਚਕ ਬੋਰਡਾਂ ’ਤੇ ਪਿੰਡਾਂ ਦੇ ਨਾਮ ਲਿਖਦੇ ਸਮੇਂ ਅੱਖਰਾਂ ਵਿੱਚ ਮਾਤਰਾਵਾਂ ਦੀਆਂ ਅਨੇਕਾਂ ਗਲਤੀਆਂ ਹਨ। ਇਨ੍ਹਾਂ ਪਿੰਡਾਂ ਦੇ ਨਾਮ ਹੀ ਵਿਗਾੜ ਦਿੱਤੇ ਗਏ ਹਨ। ਭਾਸ਼ਾ ਵਿੱਚ ਗਲਤੀਆਂ ਕਾਰਨ ਹਰ ਇਕ ਪੰਜਾਬੀ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਆਖਰ ਇਸ ਕਾਰਜ ਪਿੱਛੇ ਗਲਤੀ ਕਿਸ ਦੀ ਹੈ ਕਿਉਕਿ ਕੌਮੀ ਮਾਰਗ ’ਤੇ ਬਾਹਰੋਂ ਆਉਣ ਵਾਲਾ ਵਿਅਕਤੀ ਇਨ੍ਹਾਂ ਦਿਸ਼ਾਂ ਸੂਚਕ ਬੋਰਡਾਂ ਦੇ ਸਹਾਰੇ ਹੀ ਆਪਣੀ ਮੰਜ਼ਲ ਤੱਕ ਪਹੁੰਚਦਾ ਹੈ।
ਇਸ ਕੌਮੀ ਮਾਰਗ ’ਤੇ ਜੇਕਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਆਇਆ ਜਾਵੇ ਤਾਂ ਰਸਤੇ ਵਿੱਚ ਪਿੰਡ ਆਉਂਦਾ ਹੈ ‘ਦਾਲਮ’ ਜੋ ਦਿਸ਼ਾ ਸੂਚਕ ਬੋਰਡ ਵਿੱਚ ‘ਦਲਮ’ ਲਿਖਿਆ ਗਿਆ ਹੈ। ਉਸ ਤੋਂ ਅੱਗੇ ਪਿੰਡ ਦੁਧਰਾਏ ਆਉਂਦਾ ਹੈ ਜਿਸ ਦਾ ਸਰਕਾਰੀ ਰਿਕਾਰਡ ਵਿੱਚ ਵੀ ਨਾਮ ਦੁਧਰਾਏ ਹੈ ਇਸ ਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਦੁਧਰਾਈ ਲਿਖਿਆ ਗਿਆ ਹੈ। ਪਿੰਡ ਉੱਗਰ ਔਲਖ ਨੂੰ ਉਗਰ ਔਲਖ, ਪਿੰਡ ਰੋਖੇ ਨੂੰ ਰੋਖੇ ਸ਼ਹਿਰ ਅਤੇ ਹਿੰਦੀ ਭਾਸ਼ਾ ਵਿੱਚ ਰੋਕੇਹੀ ਲਿਖਿਆ ਗਿਆ ਹੈ।
ਇੱਥੇ ਹੀ ਬੱਸ ਨਹੀਂ ਅਜਨਾਲਾ ਤੋਂ ਅੱਗੇ ਪਿੰਡ ਜਿਸ ਦਾ ਸਰਕਾਰੀ ਰਿਕਾਰਡ ਵਿੱਚ ਨਾਮ ਅਲੀਵਾਲ ਕੋਟਲੀ ਹੈ ਉਸ ਪਿੰਡ ਦੇ ਦਿਸ਼ਾ ਸੂਚਕ ਬੋਰਡ ’ਤੇ ਪਿੰਡ ਦਾ ਨਾਮ ਹੀ ਬਦਲ ਕੇ ਕੋਟਲੀ ਕਾਜ਼ੀਆਂ ਲਿਖਿਆ ਗਿਆ ਹੈ। ਇਸੇ ਤਰ੍ਹਾਂ ਪਿੰਡ ਸੁਲਤਾਨ ਮਾਹਲ ਨੂੰ ਸੁਲਤਾਨ ਮਹਲ ਅਤੇ ਸਮਰਾਏ ਨੂੰ ਪੰਜਾਬੀ ਭਾਸ਼ਾ ਵਿੱਚ ਸਮਰਾਇ ਅਤੇ ਹਿੰਦੀ ਵਿੱਚ ਸਮਰੇ ਲਿਖ ਕੇ ਰਾਹਗੀਰਾਂ ਅਤੇ ਬੱਚਿਆਂ ਵਿੱਚ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਸਮਾਜ ਸੇਵੀ ਪਰਮ ਸੰਧੂ ਨੇ ਮੰਗ ਕੀਤੀ ਕਿ ਕੌਮੀ ਮਾਰਗ ’ਤੇ ਲਿਖੇ ਬੋਰਡਾਂ ’ਤੇ ਪਿੰਡਾਂ ਦੇ ਨਾਮ ਸਹੀ ਕੀਤੇ ਜਾਣ ਤਾਂ ਜੋ ਲੋਕ ਪਿੰਡਾਂ ਦੇ ਨਾਵਾਂ ਬਾਰੇ ਕੋਈ ਦੁਚਿੱਤੀ ਵਿੱਚ ਨਾ ਫਸੇ।
ਗਲਤੀਆਂ ਨੂੰ ਸੁਧਾਰ ਦਿੱਤਾ ਜਾਵੇਗਾ: ਅਧਿਕਾਰੀ
ਇਸ ਸਬੰਧੀ ਕੌਮੀ ਮਾਰਗ ਦੇ ਅਧਿਕਾਰੀ ਮਨੋਹਰ ਲਾਲ ਨੇ ਕਿਹਾ ਕਿ ਬੋਰਡ ਲਿਖਣ ਵਾਲੇ ਵਿਭਾਗ ਵੱਲੋਂ ਪਿੰਡਾਂ ਦੇ ਨਾਵਾਂ ਨੂੰ ਅੰਗਰੇਜ਼ੀ ਦੇ ਅੱਖਰਾਂ ਤੋਂ ਪੰਜਾਬੀ ਵਿੱਚ ਬਦਲਣ ਸਮੇਂ ਅਜਿਹੀਆਂ ਗਲਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਸੁਧਾਰ ਦਿੱਤਾ ਜਾਵੇਗਾ।