ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿਹਾਤੀਆਂ ਦੀ ਖਰੀਦ ਸ਼ਕਤੀ ਦੀ ਮਿੱਥ

11:32 AM Feb 07, 2023 IST

ਔਨਿੰਦਿਓ ਚੱਕਰਵਰਤੀ

Advertisement

ਚੌਵੀ ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਸੰਪਾਦਕ ਨੇ ਮੈਨੂੰ ਬੀਬੀਸੀ ਲਈ ਤਿਆਰ ਕੀਤੇ ਜਾਂਦੇ ਸਾਡੇ ਬਿਜ਼ਨਸ ਸ਼ੋਅ ਵਾਸਤੇ ਭਾਰਤ ਵਿਚ ਵਧ-ਫੁੱਲ ਰਹੀ ਦਿਹਾਤੀ ਮੰਡੀ ‘ਤੇ ਸਟੋਰੀ ਕਰਨ ਭੇਜਿਆ। ਉਹ ਭਾਰਤ ਦੇ ਅਰਥਚਾਰੇ ਦੇ ਸਭ ਤੋਂ ਵੱਧ ਉਥਲ-ਪੁਥਲ ਭਰੇ ਦਹਾਕੇ ਦੇ ਅਖ਼ੀਰਲੇ ਦਿਨ ਸਨ। ਨਰਸਿਮਹਾ ਰਾਓ-ਡਾ. ਮਨਮੋਹਨ ਸਿੰਘ ਜੋੜੀ ਦੇ ਜਿਨ੍ਹਾਂ ਆਰਥਿਕ ਸੁਧਾਰਾਂ ਦਾ ਪੁਰਜ਼ੋਰ ਤਰੀਕੇ ਨਾਲ ਆਰੰਭ ਸੀ, ਉਸ ਨੂੰ ਦਹਾਕਾ ਪੂਰਾ ਹੋ ਰਿਹਾ ਸੀ; ਤੇ ਇਹ ਆਮ ਪ੍ਰਭਾਵ ਸੀ ਕਿ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਖੁਸ਼ਹਾਲੀ ਦੀ ਬਹਾਰ ਭਾਰਤ ਦੇ ਪਿੰਡਾਂ ਤੱਕ ਲੈ ਜਾਣਗੇ।

ਮੈਂ ਬਿਲਕੁੱਲ ਨੌਸਿਖੀਆ ਸਾਂ ਪਰ ਮੇਰੀ ਖੁਸ਼ਨਸੀਬੀ ਸੀ ਕਿ ਮੇਰੇ ਨਾਲ ਕੈਮਰਾ ਲੈ ਕੇ ਗਈ ਨਤਾਸ਼ਾ ਬਧਵਾਰ ਨੂੰ ਕਹਾਣੀ ਸੁਣਾਉਣ ਦੀ ਕਲਾ ਖੂਬ ਆਉਂਦੀ ਸੀ। ਖ਼ੈਰ, ਅਸੀਂ ਦੋਵੇਂ ਦਿੱਲੀ ਦੇ ਬਾਹਰਵਾਰ ਪੈਂਦੇ ਵਾਹਵਾ ਚੰਗੇ ਪਿੰਡ ਪਹੁੰਚ ਗਏ ਅਤੇ ਇਕ ਨਵੇਂ ਘਰ ਦਾ ਕੁੰਡਾ ਖੜਕਾਇਆ ਜਿਸ ਨੂੰ ਨਵਾਂ ਨਵਾਂ ਪਲੱਸਤਰ ਤੇ ਰੰਗ ਰੋਗਨ ਕੀਤਾ ਹੋਇਆ ਸੀ। ਸਾਨੂੰ ਆਸ ਸੀ ਕਿ ਇੱਥੋਂ ਸਾਡੀ ਸਟੋਰੀ ਲਈ ਕਾਫ਼ੀ ਮਸਾਲਾ ਮਿਲ ਜਾਵੇਗਾ। ਅੰਦਰ ਜਾ ਕੇ ਦੇਖਿਆ ਕਿ ਡਰਾਇੰਗ ਰੂਮ ਵਿਚ ਪਿਆ ਫਰਿੱਜ ਨਜ਼ਰ ਆ ਰਿਹਾ ਸੀ ਤੇ ਘਰ ਦੇ ਇਕ ਜੀਅ ਨੇ ਸਾਡੇ ਲਈ ਏਅਰ ਕੂਲਰ ਚਲਾ ਦਿੱਤਾ। ਨਤਾਸ਼ਾ ਦੇ ਦੋ ਤਿੰਨ ਵਾਰ ਕਹਿਣ ‘ਤੇ ਪਰਿਵਾਰ ਦੀ ਵੱਡੀ ਧੀ ਨੇ ਫਰਿੱਜ ਦਾ ਬੂਹਾ ਖੋਲ੍ਹਿਆ ਤੇ ਉਸ ਵਿਚੋਂ ਪਾਣੀ ਦੀ ਬੋਤਲ ਚੁੱਕ ਕੇ ਉਸ ਦੀ ਪਿਆਸ ਬੁਝਾਈ।

Advertisement

ਉਂਝ, ਇੱਥੇ ਵੀ ਦਿੱਕਤ ਸੀ। ਫਰਿੱਜ ਵਿਚ ਪਾਣੀ ਦੀਆਂ ਕੁਝ ਬੋਤਲਾਂ ਤੋਂ ਇਲਾਵਾ ਮੱਖਣ, ਆਂਡੇ, ਸਬਜ਼ੀਆਂ ਜਾਂ ਪੱਕੇ ਭੋਜਨ ਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਹੱਕੀ ਬੱਕੀ ਨਤਾਸ਼ਾ ਮੇਰੇ ਵੱਲ ਝਾਕੀ ਜਿਵੇਂ ਪੁੱਛਣਾ ਚਾਹੁੰਦੀ ਹੋਵੇ ਕਿ ਅਸੀਂ ਸ਼ਾਇਦ ਗ਼ਲਤ ਜਗ੍ਹਾ ਆ ਗਏ ਹਾਂ। ਕਿਸੇ ਰੱਜੇ ਪੁੱਜੇ ਪਰਿਵਾਰ ਦੀ ਤਲਾਸ਼ ਲਈ ਅਸੀਂ ਉਸ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਉੱਥੋਂ ਵਿਦਾ ਹੋਏ। ਯਾਦ ਰੱਖਿਓ, ਇਹ ਕੋਈ ਦੋ ਦਹਾਕੇ ਪੁਰਾਣੀ ਗੱਲ ਹੈ ਅਤੇ ਸਾਨੂੰ ਇਹ ਉਮੀਦ ਨਹੀਂ ਸੀ ਕਿ ਕਿਸੇ ਮਾੜੇ ਧੀੜੇ ਪਰਿਵਾਰ ਕੋਲ ਵੀ ਇਹੋ ਜਿਹਾ ਸਾਜ਼ੋ-ਸਾਮਾਨ ਹੋ ਸਕਦਾ ਹੈ।

ਅਗਲੇ ਘਰ ਗਏ, ਉੱਥੇ ਕੱਪੜੇ ਧੋਣ ਵਾਲੀ ਮਸ਼ੀਨ ਸੀ। ਨਤਾਸ਼ਾ ਨੇ ਗੱਲਾਂ ਗੱਲਾਂ ‘ਚ ਹੀ ਘਰ ਦੀ ਮਾਲਕਣ ਨੂੰ ਮਸ਼ੀਨ ਚਲਾ ਕੇ ਦਿਖਾਉਣ ਲਈ ਰਾਜ਼ੀ ਕਰ ਲਿਆ। ਔਰਤ ਪਾਣੀ ਦੀ ਬਾਲਟੀ ਲੈ ਕੇ ਆਈ ਤੇ ਮਸ਼ੀਨ ਵਿਚ ਪਾ ਦਿੱਤੀ, ਫਿਰ ਥੋੜ੍ਹਾ ਸਰਫ਼ ਤੇ ਕੁਝ ਕੱਪੜੇ ਪਾਏ ਤੇ ਫਿਰ ਮਸ਼ੀਨ ਦੇ ਡਰੱਮ ਵਿਚ ਹੀ ਆਪਣੇ ਹੱਥਾਂ ਨਾਲ ਕੱਪੜੇ ਧੋਣ ਲੱਗ ਪਈ। ਦੇਖਣ ਨੂੰ ਤਾਂ ਇਹ ਕੋਈ ਮਾੜੀ ਗੱਲ ਨਹੀਂ ਸੀ ਪਰ ਸਾਡੀ ਆਸ ਅਧਵਾਟੇ ਰਹਿ ਗਈ।

ਸਾਡੇ ਤਨਖ਼ਾਹਦਾਰ ਮੱਧ ਵਰਗ ਨੂੰ ਜਾਪਦਾ ਹੈ ਕਿ ‘ਚਮਕਦੇ ਭਾਰਤ’ (ਸ਼ਾਈਨਿੰਗ ਇੰਡੀਆ) ਦੀ ਲੋਅ ਦਿਹਾਤੀ ਖੇਤਰ ਤੱਕ ਅੱਪੜ ਗਈ ਹੋਵੇਗੀ ਪਰ ਇਹ ਨਿਰੀ ਖੁਸ਼ਫਹਿਮੀ ਹੈ। ਜੇ ਰਾਜਧਾਨੀ ਦੇ ਆਸ ਪਾਸ ਵਸਦੇ ਪਿੰਡਾਂ ਦੇ ਅਖੌਤੀ ਰਈਸ ਲੋਕ ਵੀ ਅਜਿਹਾ ਸਾਜ਼ੋ-ਸਾਮਾਨ ਵਰਤ ਨਹੀਂ ਸਕਦੇ ਤਾਂ ਬਾਕੀ ਲੋਕ ਛੇਤੀ ਕੀਤਿਆਂ ਇਹ ਸਾਮਾਨ ਖਰੀਦਣ ਦੀ ਹਿੰਮਤ ਕਿਵੇਂ ਜੁਟਾ ਸਕਣਗੇ।

ਟੀਵੀ ਸੈੱਟ, ਫਰਿੱਜ, ਵਾਸ਼ਿੰਗ ਮਸ਼ੀਨਾਂ ਆਦਿ ਬਿਜਲਈ ਸਾਮਾਨ ਵਾਲੀ ਮੁਕਾਮੀ ਦੁਕਾਨ ‘ਤੇ ਜਦੋਂ ਕੈਮਰੇ ਸਾਹਮਣੇ ਰਿਪੋਰਟਰ ਦੀ ਜ਼ਬਾਨੀ ਕਹਿਣ ਸਮੇਂ ਵਰਤੀ ਜਾਣੀ ਵਾਲਾ ਨਿਰਪੱਖ ਜਿਹਾ ਪੀਸ ਪਹਿਲਾਂ ਹੀ ਕੈਮਰੇ ‘ਚ ਕੈਦ ਕਰ ਲਿਆ ਸੀ ਪਰ ਨਤਾਸ਼ਾ ਸੀ ਸੰਪੂਰਨਤਾਵਾਦੀ; ਉਸ ਨੇ ਮੈਥੋਂ ਸੋਲਾਂ ਵਾਰ ਸ਼ਾੱਟ ਕਰਵਾਇਆ ਪਰ ਮੈਂ ਜ਼ਮੀਨੀ ਹਕੀਕਤ ਦੀ ਅੱਕਾਸੀ ਕਰਨ ਵਾਲੇ ਪਹਿਲੇ ਸ਼ਾੱਟ ਨੂੰ ਬਦਲਣ ਲਈ ਰਾਜ਼ੀ ਨਹੀਂ ਸੀ। ਉਹ ਖੁਸ਼ ਤਾਂ ਨਹੀਂ ਸੀ ਤੇ ਆਖਿ਼ਰਕਾਰ ਮੰਨ ਗਈ; ਮੇਰੀ ਸਟੋਰੀ ਦਿਹਾਤੀ ਮੰਡੀ ਦੀ ਮਿੱਥ ਨੂੰ ਉਵੇਂ ਨਹੀਂ ਉਭਾਰਦੀ ਸੀ ਜਿਵੇਂ ਕੀਤੀ ਜਾਣੀ ਚਾਹੀਦੀ ਸੀ।

ਕੀ ਦੋ ਦਹਾਕਿਆਂ ਬਾਅਦ ਹਾਲਾਤ ਬਦਲ ਗਏ ਹਨ?

ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨਐੱਫਐੱਚਐੱਸ) ਦੇ 2019-20 ਦੇ ਅੰਕੜੇ ਦੱਸਦੇ ਹਨ ਕਿ 4 ਦਿਹਾਤੀ ਪਰਿਵਾਰਾਂ ‘ਚੋਂ ਇਕ ਪਰਿਵਾਰ ਕੋਲ ਫਰਿੱਜ ਹੈ; ਕੱਪੜੇ ਧੋਣ ਵਾਲੀ ਮਸ਼ੀਨ 9% ਪਰਿਵਾਰਾਂ ਕੋਲ ਹੈ। ਲਗਭਗ 16% ਦਿਹਾਤੀ ਪਰਿਵਾਰਾਂ ਕੋਲ ਏਅਰ ਕੂਲਰ ਜਾਂ ਏਅਰ ਕੰਡੀਸ਼ਨਰ ਹਨ। ਇਨ੍ਹਾਂ ‘ਚੋਂ ਬਹੁਤਿਆਂ ਕੋਲ ਏਅਰ ਕੂਲਰ ਹਨ। ਨਾਬਾਰਡ ਦੇ ਆਲ ਇੰਡੀਆ ਫਾਇਨੈਂਸ਼ੀਅਲ ਇਨਕਲੂਜ਼ਨ ਸਰਵੇ (ਐੱਨਏਐੱਫਆਈਐੱਸ) 2016-17 ਵਿਚ ਪਤਾ ਲੱਗਿਆ ਕਿ ਸਿਰਫ਼ 2 ਫ਼ੀਸਦ ਦਿਹਾਤੀ ਪਰਿਵਾਰਾਂ ਕੋਲ ਏਸੀ ਹਨ ਅਤੇ ਦੋ ਸਾਲਾਂ ਵਿਚ ਇਨ੍ਹਾਂ ਅੰਕੜਿਆਂ ਵਿਚ ਬਹੁਤਾ ਬਦਲਾਓ ਆਉਣ ਦੇ ਆਸਾਰ ਨਹੀਂ ਹਨ।

ਪਿਛਲੇ ਦੋ ਦਹਾਕਿਆਂ ਦੌਰਾਨ ਦਿਹਾਤੀ ਪਰਿਵਾਰਾਂ ਨੇ ਜਿਹੜੇ ਦੋ ਯੰਤਰ ਸਭ ਤੋਂ ਵੱਧ ਖਰੀਦੇ, ਉਹ ਹਨ ਮੋਬਾਈਲ ਫੋਨ ਤੇ ਟੀਵੀ ਸੈੱਟ। ਐੱਨਐੱਫਆਈਐੱਸ ਅਤੇ ਐੱਨਐੱਫਐੱਚਐੱਸ ਦੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਪਿੰਡਾਂ ਵਿਚ ਰਹਿੰਦੇ ਕਰੀਬ 58 ਫੀਸਦ ਪਰਿਵਾਰਾਂ ਕੋਲ ਟੀਵੀ ਸੈੱਟ ਹਨ। ਇਹ ਟੈਲੀਵਿਜ਼ਨ ਦਰਜਾਬੰਦੀ ਏਜੰਸੀ ‘ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ’ (ਬੀਏਆਰਸੀ) ਵਲੋਂ ਵਰਤੋਂ ਵਿਚ ਲਿਆਂਦੇ ਜਾਂਦੇ ਟੀਵੀ ਸੈੱਟ ਮਾਲਕੀ ਬਾਰੇ ਅਨੁਮਾਨਾਂ ਨਾਲ ਮੇਲ ਖਾਂਦੇ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 2020 ਵਿਚ ਭਾਰਤ ਦੇ ਪੇਂਡੂ ਖੇਤਰਾਂ ਵਿਚ 11 ਕਰੋੜ 90 ਲੱਖ ਟੀਵੀ ਸੈੱਟ ਸਨ। ਇਹ ਕੁੱਲ ਦਿਹਾਤੀ ਪਰਿਵਾਰਾਂ ਦਾ 58-60 ਫ਼ੀਸਦ ਹਿੱਸਾ ਹੈ।

ਇਸ ਪੱਖ ‘ਚ ਹਾਲਾਤ ਵਿਚ ਤਬਦੀਲੀ ਪ੍ਰਸਾਰ ਭਾਰਤੀ ਦੀ ਮਾਲਕੀ ਵਾਲੇ ਮੁਫ਼ਤ ਡਿਸ਼ ਡੀਟੀਐੱਚ ਪਲੈਟਫਾਰਮ ਨੇ ਲਿਆਂਦੀ ਜਿੱਥੇ ਦਰਸ਼ਕਾਂ ਨੂੰ ਕੋਈ ਮਾਹਵਾਰ ਖਰਚਾ ਨਹੀਂ ਦੇਣਾ ਪੈਂਦਾ। ਮੁਫ਼ਤ ਡਿਸ਼ ਦਾ ਪਸਾਰ 2014 15 ਅਤੇ 2016 ਦੇ ਮੱਧ ਤੋਂ ਹੀ ਹੋ ਰਿਹਾ ਹੈ ਜਦੋਂ ਬਹੁਤ ਸਾਰੇ ਮਨੋਰੰਜਨ ਚੈਨਲ ਦਿਹਾਤੀ ਮੰਡੀ ਲਈ ਮੁਫ਼ਤ ਸ਼੍ਰੇਣੀ (ਫਰੀ ਟੂ ਏਅਰ) ਵਿਚ ਆ ਗਏ ਸਨ। ਮੁਫ਼ਤ ਡਿਸ਼ ਦਿਹਾਤੀ ਖੇਤਰ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਟੀਵੀ ਸੈੱਟ ਖਰੀਦਣ ਲਈ ਪ੍ਰੇਰਨ ਖ਼ਾਤਰ ਦਿੱਤੀ ਜਾਂਦੀ ਇਕ ਤਰ੍ਹਾਂ ਦੀ ਸਬਸਿਡੀ ਹੈ। ਇਸ ਦੇ ਬਾਵਜੂਦ ਬੀਏਆਰਸੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2016 ਤੋਂ 2020 ਵਿਚਕਾਰ ਦਿਹਾਤੀ ਭਾਰਤ ਵਿਚ ਟੀਵੀ ਸੈੱਟ ਵਾਲੇ ਪਰਿਵਾਰਾਂ ਦੀ ਸੰਖਿਆ ਵਿਚ ਮਹਿਜ਼ 3.4 ਫ਼ੀਸਦ ਵਾਧਾ ਹੋਇਆ ਹੈ।

ਹੁਣ ਮੋਬਾਈਲ ਫੋਨਾਂ ਦੀ ਗੱਲ ਕਰਦੇ ਹਾਂ। ਇਹ ਦਿਹਾਤੀ ਭਾਰਤ ਵਿਚ ਖਪਤਕਾਰੀ ਦੀ ਸਫ਼ਲਤਾ ਦੀ ਸਭ ਤੋਂ ਵੱਡੀ ਕਹਾਣੀ ਹੈ। ਐੱਨਏਐੱਫਆਈਐੱਸ ਦਾ ਕਹਿਣਾ ਹੈ ਕਿ ਦਿਹਾਤੀ ਭਾਰਤ ਦੇ 87 ਫ਼ੀਸਦ ਪਰਿਵਾਰਾਂ ਕੋਲ ਮੋਬਾਈਲ ਫੋਨ ਹੈ ਜਦਕਿ ਤਿੰਨ ਸਾਲ ਪਹਿਲਾਂ ਐੱਨਐੱਫਐੱਚਐੱਸ ਦੇ ਅਨੁਮਾਨ ਮੁਤਾਬਕ 91 ਫ਼ੀਸਦ ਦਿਹਾਤੀ ਪਰਿਵਾਰਾਂ ਕੋਲ ਮੋਬਾਈਲ ਫੋਨ ਹੈ। ਜੱਗ ਜ਼ਾਹਰ ਹੈ ਕਿ ਮੋਬਾਈਲ ਫੋਨਾਂ ਦੀ ਵਿਕਰੀ ਵਿਚ ਵੱਡਾ ਇਜ਼ਾਫ਼ਾ ਰਿਲਾਇੰਸ ਜੀਓ ਸ਼ੁਰੂ ਹੋਣ ਮਗਰੋਂ ਹੋਇਆ ਜਿਸ ਤਹਿਤ ਪਹਿਲੇ ਕੁਝ ਮਹੀਨੇ ਖਪਤਕਾਰਾਂ ਨੂੰ ਮੁਫ਼ਤ ਸੇਵਾਵਾਂ ਦਿੱਤੀਆਂ ਸਨ ਅਤੇ ਕੰਪਨੀ ਨੇ ਹਰ ਰੋਜ਼ ਇਕ ਜੀਬੀ ਡੇਟਾ ਦੇਣ ਦਾ ਪੈਟਰਨ ਵੀ ਬਦਲ ਦਿੱਤਾ ਸੀ।

ਇਸ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਨੂੰ ਵੀ ਇਸੇ ਰਾਹ ਚੱਲਣਾ ਪਿਆ ਤੇ ਉਨ੍ਹਾਂ ਡੇਟਾ ਤੇ ਕਾਲ ਦਰਾਂ ਸਸਤੀਆਂ ਕਰ ਦਿੱਤੀਆਂ। 2016 ਤੋਂ 2019 ਤੱਕ ਪ੍ਰਤੀ ਗਾਹਕ ਔਸਤਨ ਮਾਲੀਆ (ਏਆਰਪੀਯੂ) ਘਟ ਕੇ ਅੱਧਾ ਰਹਿ ਗਿਆ ਤੇ ਫਿਰ ਦਰਾਂ ਵਿਚ ਵਾਧਾ ਹੋਣ ਨਾਲ ਮਾਲੀਆ ਵਧਿਆ। ਸਾਫ਼ ਜ਼ਾਹਰ ਹੈ ਕਿ ਦਿਹਾਤੀ ਖਪਤਕਾਰ ਉਦੋਂ ਹੀ ਉਤਸ਼ਾਹਤ ਹੋਏ ਜਦੋਂ ਮੋਬਾਈਲ ਫੋਨ ਸੇਵਾਵਾਂ ਸਸਤੀਆਂ ਹੋਈਆਂ। ਇਸ ਤੱਥ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ 2022 ਦੇ ਅਖ਼ੀਰਲੇ ਕੁਝ ਮਹੀਨਿਆਂ ਵਿਚ ਭਾਰਤ ਵਿਚ ਮੋਬਾਈਲ ਖਪਤਕਾਰਾਂ ਦੇ ਆਧਾਰ ਵਿਚ ਕਮੀ ਦਰਜ ਕੀਤੀ ਗਈ ਸੀ ਕਿਉਂਕਿ ਕਾਲ ਤੇ ਡੇਟਾ ਦਰਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਮੋਬਾਈਲ ਫੋਨ ਹੁਣ ਕੋਈ ਖੁਸ਼ਹਾਲੀ ਦਾ ਪ੍ਰਤੀਕ ਨਹੀਂ ਰਿਹਾ ਸਗੋਂ ਮੋਬਾਈਲ ਫੋਨ ਹੁਣ ਚਲਦੇ ਫਿਰਦੇ ਦਫ਼ਤਰ ਬਣ ਗਏ ਹਨ ਜੋ ਪਲੰਬਰ, ਬਿਜਲੀ ਮਕੈਨਿਕ, ਪੇਂਟਰ, ਤਰਖਾਣ, ਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਆਦਿ ਨਾਲ ਸੰਪਰਕ ਦਾ ਸਿੱਧਾ ਤੇ ਇਕਮਾਤਰ ਜ਼ਰੀਆ ਹਨ। ਪਰਵਾਸੀ ਮਜ਼ਦੂਰਾਂ ਕੋਲ ਪਿੱਛੇ ਆਪਣੇ ਪਰਿਵਾਰਾਂ ਨਾਲ ਸੰਪਰਕ ਦਾ ਵੀ ਇਹੀ ਜ਼ਰੀਆ ਹਨ। ਪੁਰਾਣੇ ਵੇਲੇ ਦੇ ਰੁਪਏ ਅਰਥਚਾਰੇ ਦੀ ਥਾਂ ਹੁਣ ਮੋਬਾਈਲ ਫੋਨ ਅਰਥਚਾਰੇ ਨੇ ਲੈ ਲਈ ਹੈ।

ਸਬਕ ਸਾਫ਼ ਹੈ: ਜਿੰਨੀ ਦੇਰ ਸਾਜ਼ੋ-ਸਾਮਾਨ ਜਾਂ ਸੇਵਾ ਨਾਲ ਸਬਸਿਡੀ ਨਹੀਂ ਦਿੱਤੀ ਜਾਂਦੀ, ਓਨੀ ਦੇਰ ਤੱਕ ਭਾਰਤ ਦਾ ਦਿਹਾਤੀ ਖਪਤਕਾਰ ਖਰੀਦਾਰੀ ਨਹੀਂ ਕਰ ਸਕਦਾ। ਭਾਰਤ ਦੀ ਦਿਹਾਤੀ ਮੰਡੀ ਦੀਆਂ ਮਹਾ ਸੰਭਾਵਨਾਵਾਂ ਦੀਆਂ ਕਹਾਣੀਆਂ ਬਹੁਤ ਵਾਰ ਸੁਣਨ ਨੂੰ ਮਿਲਦੀਆਂ ਹਨ ਪਰ ਇਹ ਮਿੱਥ ਤੋਂ ਸਿਵਾਇ ਹੋਰ ਕੁਝ ਵੀ ਨਹੀਂ ਹੈ।
*ਲੇਖਕ ਆਰਥਿਕ ਮਾਮਲਿਆਂ ਦੇ ਸਮੀਖਿਅਕ ਹਨ।

Advertisement
Advertisement