For the best experience, open
https://m.punjabitribuneonline.com
on your mobile browser.
Advertisement

ਭੇਤ ਵਾਲੀ ਗੱਲ

07:02 AM Sep 24, 2023 IST
ਭੇਤ ਵਾਲੀ ਗੱਲ
Advertisement

ਜਗਦੀਸ਼ ਕੌਰ ਮਾਨ

Advertisement

ਕਥਾ ਪ੍ਰਵਾਹ

ਕਈ ਸਾਲਾਂ ਦੀ ਸਿਰਤੋੜ ਮਿਹਨਤ ਤੇ ਲਗਨ ਤੋਂ ਬਾਅਦ ਸਿਕੰਦਰ ਦੇ ਸੰਘਰਸ਼ ਨੂੰ ਬੂਰ ਪੈ ਗਿਆ ਸੀ। ਅਤਿ ਔਖੇ ਹਾਲਾਤ ਵਿੱਚ ਪੜ੍ਹੇ ਮੁੰਡੇ ਦੇ ਮਾਪਿਆਂ ਦੀ ਰੱਬ ਨੇ ਸੁਣ ਲਈ ਸੀ। ਉਸ ਨੂੰ ਚੰਡੀਗੜ੍ਹ ਸਰਕਾਰੀ ਬੈਂਕ ਵਿੱਚ ਨੌਕਰੀ ਮਿਲ ਗਈ। ਖੇਤੀਬਾੜੀ ਦੇ ਖਰਚਿਆਂ ਵਾਸਤੇ ਚੁੱਕਿਆ ਬੈਂਕ ਦਾ ਕਰਜ਼ਾ ਲਾਹੁਣ ਅਤੇ ਘਰ ਦਾ ਮੂੰਹ ਮੱਥਾ ਸੰਵਾਰਨ ਤੋਂ ਬਾਅਦ ਹੀ ਉਸ ਨੇ ਆਪਣੇ ਵਿਆਹ ਬਾਰੇ ਸੋਚਿਆ ਸੀ। ਚੰਗੇ ਰੁਤਬੇ ਕਰਕੇ ਉਸ ਦਾ ਵਿਆਹ ਵੀ ਇੱਕ ਸ਼ਰੀਫ਼ ਖਾਨਦਾਨ ਦੀ ਸੁੰਦਰ ਸੁਸ਼ੀਲ, ਸਿਹਤ ਵਿਭਾਗ ਵਿੱਚ ਸਟਾਫ਼ ਨਰਸ ਵਜੋਂ ਡਿਊਟੀ ਨਿਭਾਅ ਰਹੀ ਲੜਕੀ ਨਾਲ ਹੋ ਗਿਆ ਸੀ। ਦੋਵੇਂ ਜੀਅ ਸਿਆਣੇ, ਮਿਹਨਤੀ ਤੇ ਸੰਜਮੀ ਸਨ। ਕਿੰਨਾ ਹੀ ਚਿਰ ਕਿਰਾਏ ਦੇ ਮਕਾਨ ਵਿੱਚ ਰਹਿਣ ਮਗਰੋਂ ਉਨ੍ਹਾਂ ਨੇ ਕੁਝ ਬੱਚਤ ਕਰ ਕੇ ਤੇ ਕੁਝ ਆਪੋ-ਆਪਣੇ ਮਹਿਕਮਿਆਂ ਤੋਂ ਕਰਜ਼ਾ ਲੈ ਕੇ ਪਹਿਲਾਂ ਚੰਡੀਗੜ੍ਹ ਵਿੱਚ ਪਲਾਟ ਖਰੀਦ ਲਿਆ ਤੇ ਹੌਲੀ ਹੌਲੀ ਕੋਠੀ ਬਣਾ ਲਈ ਸੀ।
ਸਿਕੰਦਰ ਦਾ ਬਚਪਨ ਅਤਿ ਦੀ ਗ਼ਰੀਬੀ ਵਿੱਚ ਲੰਘਿਆ ਸੀ। ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਬਹੁਤੀ ਵਾਰੀ ਪਰਿਵਾਰ ਨੂੰ ਭੁੱਖੇ ਪੇਟ ਹੀ ਸੌਣਾ ਪੈਂਦਾ। ਉਸ ਦਾ ਪਿਤਾ ਘਰ ਵਿੱਚ ਇਕੱਲਾ ਕਮਾਊ ਸੀ। ਘਸੇ ਪੁਰਾਣੇ ਕੱਪੜੇ ਪਾ ਕੇ ਹੀ ਉਹ ਸਕੂਲ ਚਲਾ ਜਾਂਦਾ। ਸਕੂਲ ਦੀ ਵਰਦੀ ਨਾ ਪਾ ਕੇ ਆਉਣ ਕਾਰਨ ਉਸ ਨੂੰ ਕਈ ਵਾਰ ਕੁੱਟ ਪੈਂਦੀ ਸੀ। ਮਾੜੇ ਹੰਢਾਏ ਆਰਥਿਕ ਹਾਲਾਤ ਉਸ ਦੇ ਚੇਤਿਆਂ ਵਿੱਚ ਧਸੇ ਪਏ ਸਨ। ਇਹੀ ਕਾਰਨ ਸੀ ਕਿ ਸਿਕੰਦਰ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਪੈਸੇ ਨੂੰ ਕਿਰਸ ਨਾਲ ਵਰਤਦਾ ਸੀ। ਬਗੈਰ ਅਣਸਰਦੀ ਜ਼ਰੂਰਤ ਤੋਂ ਉਹ ਇੱਕ ਪੈਸਾ ਵੀ ਫਾਲਤੂ ਖਰਚ ਨਾ ਕਰਦਾ। ਸਾਦਾ ਖਾਂਦਾ, ਸਾਦਾ ਪਹਿਨਦਾ ਤੇ ਆਪਣੇ ਪਰਿਵਾਰ ਨੂੰ ਸਾਦਗੀ ਨਾਲ ਰਹਿਣ ਦਾ ਉਪਦੇਸ਼ ਦਿੰਦਾ ਰਹਿੰਦਾ। ਇਹ ਗੱਲ ਵੱਖਰੀ ਸੀ ਕਿ ਇਸ ਮਾਡਰਨ ਯੁੱਗ ਵਿੱਚ ਉਸ ਦੇ ਬਹੁਤ ਸਾਰੇ ਅਪਟੂਡੇਟ ਜਾਣ ਪਛਾਣ ਵਾਲੇ ਲੋਕ ਇਸ ਤਰ੍ਹਾਂ ਦੇ ਸਾਦ-ਮੁਰਾਦੇ ਜੀਵਨ ਢੰਗ ਨੂੰ ਪਸੰਦ ਨਹੀਂ ਸੀ ਕਰਦੇ, ਪਰ ਉਸ ਦੇ ਜਿਉਣ ਦਾ ਆਪਣਾ ਹੀ ਨਿਵੇਕਲਾ ਅੰਦਾਜ਼ ਸੀ।
ਪਿੰਡ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੋਵੇਂ ਜੀਆਂ ਨੇ ਵਧੀਆ ਰਾਬਤਾ ਬਣਾ ਕੇ ਰੱਖਿਆ ਹੋਇਆ ਸੀ। ਉਹ ਤਾਂ ਚਾਹੁੰਦਾ ਸੀ ਕਿ ਮਾਂ ਬਾਪ ਉਸ ਦੇ ਕੋਲ ਹੀ ਆ ਕੇ ਰਹਿਣ, ਪਰ ਬਜ਼ੁਰਗ ਮਾਪਿਆਂ ਦਾ ਘਰ ਤੇ ਪਿੰਡ ਨਾਲ ਅੰਤਾਂ ਦਾ ਮੋਹ ਸੀ। ਉਹ ਪਿੰਡ ਛੱਡਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦਾ ਤਾਂ ਜੀਅ ਹੀ ਆਪਣੇ ਨਗਰ ਖੇੜੇ ਵਿੱਚ ਲੱਗਦਾ ਸੀ। ਮਾਂ ਤੇ ਛੋਟੀ ਭੈਣ ਕਦੇ ਕਦਾਈਂ ਜਾ ਕੇ ਉਨ੍ਹਾਂ ਕੋਲ ਇੱਕ ਦੋ ਦਿਨ ਰਹਿ ਜਾਂਦੀਆਂ। ਜਦੋਂ ਭੈਣ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹਨ ਜੋਗੀ ਹੋ ਗਈ ਤਾਂ ਉਨ੍ਹਾਂ ਨੇ ਚੰਗਾ ਵਰ ਘਰ ਲੱਭ ਕੇ ਕੁੜੀ ਦੇ ਹੱਥ ਪੀਲੇ ਕਰ ਦਿੱਤੇ। ਧੀ ਭੈਣ ਆਪਣੇ ਘਰ ਰੰਗੀਂ ਵਸਦੀ ਸੀ। ਹੁਣ ਉਨ੍ਹਾਂ ਦੇ ਵੀ ਦਿਨ ਫਿਰ ਗਏ ਸਨ। ਲਹਿਰਾਂ ਬਹਿਰਾਂ ਹੋ ਗਈਆਂ ਸਨ।
ਉਨ੍ਹਾਂ ਦਾ ਘਰ ਵੀ ਹੁਣ ਖਾਂਦੇ ਪੀਂਦੇ ਘਰਾਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ। ਕਿਸੇ ਵੀ ਚੀਜ਼ ਦੀ ਤੋਟ ਨਹੀਂ ਸੀ। ਰੰਗ ਭਾਗ ਲੱਗੇ ਹੋਏ ਸਨ।
ਇੱਕ ਗੱਲ ਸਿਕੰਦਰ ਦੇ ਨੋਟਿਸ ਵਿੱਚ ਲਗਾਤਾਰ ਆ ਰਹੀ ਸੀ ਕਿ ਉਸ ਦਾ ਪਿਤਾ ਸ. ਮਹਿੰਦਰ ਸਿੰਘ ਅਜੇ ਵੀ ਨਿਰਾਸ਼ ਜਿਹਾ ਹੀ ਰਹਿੰਦਾ ਸੀ। ਪਤਾ ਨਹੀਂ ਉਹ ਕੀ ਸੋਚਦਾ ਰਹਿੰਦਾ। ਗ਼ਰੀਬੀ ਦਾਅਵੇ ਵਿੱਚ ਅਤਿ ਦਾ ਵਿਚਾਰਾ ਜਿਹਾ ਬਣ ਕੇ ਰਹਿਣਾ ਉਸ ਦਾ ਸੁਭਾਅ ਬਣ ਗਿਆ ਸੀ। ਜੱਟਾਂ ਵਾਲੀ ਮੜਕ, ਰੜਕ ਤੇ ਗੜ੍ਹਕ ਤਾਂ ਜਿਵੇਂ ਉਸ ਨਾਲ ਰੁੱਸ ਕੇ ਕਿਤੇ ਦੂਰ ਭੱਜ ਗਈ ਹੋਵੇ। ਉਸ ਦੇ ਮੂੰਹ ’ਤੇ ਹਮੇਸ਼ਾ ਹੀ ਚੁੱਪ ਦਾ ਜਿੰਦਰਾ ਵੱਜਿਆ ਰਹਿੰਦਾ। ਉਹ ਘਰ ਵਿੱਚ ਆਉਂਦੀਆਂ ਨਵੀਂਆਂ ਚੀਜ਼ਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਦਿਖਾਉਂਦਾ। ਸਿਕੰਦਰ ਨੂੰ ਯਾਦ ਆਇਆ ਜਦੋਂ ਉਹ ਪੜ੍ਹਦਾ ਹੁੰਦਾ ਸੀ ਉਦੋਂ ਵੀ ਜਦੋਂ ਉਹ ਚਾਅ ਨਾਲ ਘਰ ਆ ਕੇ ਦੱਸਦਾ ਹੁੰਦਾ ਸੀ ਕਿ ਉਹ ਜਮਾਤ ਵਿੱਚੋਂ ਅੱਵਲ ਆਇਆ ਹੈ ਤਾਂ ਵੀ ਉਸ ਨੇ ਕਦੇ ਪਿਉ ਦੇ ਮੂੰਹ ’ਤੇ ਖੇੜਾ ਨਹੀਂ ਸੀ ਦੇਖਿਆ। ਉਹ ਚੰਡੀਗੜ੍ਹ ਉਸ ਦੀ ਕੋਠੀ ਦੇ ਗ੍ਰਹਿ ਪ੍ਰਵੇਸ਼ ’ਤੇ ਵੀ ਨਹੀਂ ਸੀ ਗਿਆ ਤੇ ਨਾ ਹੀ ਨੂੰਹ ਪੁੱਤ ਕੋਲ ਕਦੇ ਚਾਰ ਦਿਨ ਰਹਿਣ ਵਾਸਤੇ ਗਿਆ ਸੀ। ਉਹ ਕਹਿ ਕਹਿ ਕੇ ਥੱਕ ਗਏ ਸਨ ਪਰ ਉਹ ਹਰ ਵਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਉਨ੍ਹਾਂ ਨੂੰ ਟਾਲ ਦਿੰਦਾ। ‘ਬਾਪੂ ਜੀ ਵਾਰ ਵਾਰ ਕਹਿਣ ਦੇ ਬਾਵਜੂਦ ਸਾਡੇ ਕੋਲ ਕਿਉਂ ਨਹੀਂ ਆਉਂਦੇ? ਕੀ ਇਨ੍ਹਾਂ ਨੂੰ ਸਾਡੇ ਚੰਗੇ ਅਹੁਦਿਆਂ ਦਾ ਤੇ ਮਿਹਨਤ ਨਾਲ ਬਣਾਏ ਘਰ ਬਾਰ ਦਾ ਕੋਈ ਚਾਅ ਨਹੀਂ? ਆਖਰ ਕੀ ਏ ਇਨ੍ਹਾਂ ਦੇ ਮਨ ਅੰਦਰ? ਜਿਹੜਾ ਧੁਰ ਅੰਦਰ ਤੱਕ ਏਨਾ ਡੂੰਘਾ ਲਹਿ ਗਿਆ ਏ! ਕਿਵੇਂ ਫਰੋਲੀਏ ਇਨ੍ਹਾਂ ਦੇ ਮਨ ਦੀਆਂ ਤਹਿਆਂ?’ ਉਹ ਸੋਚਦਾ ਰਹਿੰਦਾ ਪਰ ਕਿਸੇ ਵੀ ਨਤੀਜੇ ’ਤੇ ਪੁੱਜਣ ਵਿੱਚ ਸਫ਼ਲ ਨਾ ਹੁੰਦਾ। ਸਿਕੰਦਰ ਦੀ ਪਤਨੀ ਵੱਖ ਆਪਣੀ ਜਗ੍ਹਾ ’ਤੇ ਹੈਰਾਨ ਪ੍ਰੇਸ਼ਾਨ ਸੀ।
‘‘ਆਪਾਂ ਅੱਜ ਪਿੰਡ ਪਿਤਾ ਜੀ ਨੂੰ ਲੈਣ ਚੱਲੀਏ?’’ ਇੱਕ ਦਿਨ ਉਸ ਨੇ ਸਿਕੰਦਰ ਨੂੰ ਅਚਾਨਕ ਹੀ ਕਿਹਾ।
‘‘ਕੋਈ ਫ਼ਾਇਦਾ ਨਹੀਂ ਹੋਣਾ ਆਪਣੇ ਜਾਣ ਦਾ, ਉਨ੍ਹਾਂ ਨੇ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਾਂ ਨੂੰ ਟਰਕਾ ਦੇਣਾ ਏਂ।’’ ਅੱਕਲਕਾਂਦ ਹੁੰਦੇ ਸਿਕੰਦਰ ਨੇ ਉੱਤਰ ਦਿੱਤਾ।
‘‘ਕੀ ਪਤੈ, ਕਦੇ ਭੁੱਲ ਭੁਲੇਖੇ ਕੋਈ ਇਹੋ ਜਿਹੀ ਚੁਭਵੀਂ ਗੱਲ ਆਪਣੇ ਮੂੰਹੋਂ ਨਿਕਲ ਗਈ ਹੋਵੇ ਜਿਹੜੀ ਬਾਪੂ ਜੀ ਨੂੰ ਬੁਰੀ ਲੱਗੀ ਹੋਵੇ ਪਰ ਆਪਾਂ ਨੂੰ ਪਤਾ ਤਾਂ ਲੱਗੇ ਕਿ ਵਿੱਚੋਂ ਗੱਲ ਕੀ ਏ।’’ ਉਸ ਨੇ ਦਲੀਲ ਦਿੱਤੀ।
‘‘ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਐ ਕਦੇ ਵੀ ਉਨ੍ਹਾਂ ਦੇ ਮੂਹਰੇ ਨਹੀਂ ਬੋਲਿਆ।’’
‘‘ਤੇ ਮੈਂ ਕਿਹੜਾ ਕਦੇ ਕੁਝ ਚੰਗਾ ਮੰਦਾ ਬੋਲੀ ਆਂ, ਦੱਸੋ ਤਾਂ ਸਹੀ, ਬੋਲੀ ਆਂ ਕਦੇ ਮੈਂ?’’ ਉਸ ਨੇ ਗੱਲ ਭੁੰਜੇ ਨਹੀਂ ਸੀ ਡਿੱਗਣ ਦਿੱਤੀ।
ਇਉਂ ਸਲਾਹਾਂ ਕਰਦਿਆਂ ਉਨ੍ਹਾਂ ਨੇ ਗੱਡੀ ਪੋਰਚ ਤੋਂ ਬਾਹਰ ਕੱਢੀ ਤੇ ਪਿੰਡ ਨੂੰ ਜਾਣ ਵਾਲੀ ਸੜਕੇ ਪਾ ਲਈ। ਘਰ ਪਹੁੰਚ ਕੇ ਉਨ੍ਹਾਂ ਨੂੰ ਚਾਅ ਚੜ੍ਹ ਗਿਆ ਸੀ। ਉਸ ਦਿਨ ਐਤਵਾਰ ਦੀ ਛੁੱਟੀ ਸੀ ਤੇ ਅਗਲੇ ਦਿਨ ਉਨ੍ਹਾਂ ਦੋਵਾਂ ਨੇ ਆਪੋ ਆਪਣੀ ਡਿਊਟੀ ’ਤੇ ਹਾਜ਼ਰ ਹੋਣਾ ਸੀ। ਚਾਹ ਪਾਣੀ ਪੀ ਕੇ, ਬਿਨਾਂ ਕੋਈ ਵਿੰਗ ਵਲੇਵਾਂ ਪਾਇਆਂ ਉਨ੍ਹਾਂ ਆਪਣੇ ਆਉਣ ਦਾ ਮਕਸਦ ਦੱਸਦਿਆਂ ਕਿਹਾ, ‘‘ਬਾਪੂ ਜੀ! ਸਾਡੇ ਕੋਲ ਸਮਾਂ ਬਹੁਤ ਘੱਟ ਏ, ਅਸੀਂ ਤਾਂ ਸੱਚੀ ਦੱਸੀਏ, ਤੁਹਾਨੂੰ ਲੈਣ ਆਏ ਆਂ, ਆਪਣੀ ਵਰਤੋਂ ਵਾਲਾ ਥੋੜ੍ਹਾ ਬਹੁਤਾ ਸਾਮਾਨ ਪਾਉ ਬੈਗ ਵਿੱਚ ਤੇ ਬੈਠੋ ਗੱਡੀ ’ਚ ਛੇਤੀ ਦੇਣੇ। ਐਤਕੀਂ ਨ੍ਹੀਂ ਅਸੀਂ ਕੋਈ ਬਹਾਨਾ ਬਹੂਨਾ ਸੁਣਨਾ, ਬੱਸ ਤੁਰ ਪਵੋ ਸਾਡੇ ਨਾਲ ਸਿੱਧੇ ਹੋ ਕੇ।’’ ਮੁੰਡੇ ਨੇ ਹੁਕਮ ਦੇਣ ਵਾਂਗ ਕਿਹਾ।
‘‘ਓ ਨਹੀਂ ਸ਼ੇਰਾ! ਮੇਰੇ ਤਾਂ ਕਰਨ ਵਾਲੇ ਇੱਥੇ ਸੌ ਕੰਮ ਪਏ ਨੇ, ਮੇਰੇ ਕੋਲ ਵਿਹਲ ਕਿੱਥੇ! ਨਾਲੇ ਭਾਈ! ਮੇਰਾ ਨ੍ਹੀਂ ਉੱਥੇ ਸ਼ਹਿਰ ’ਚ ਜੀਅ ਜੂ ਲੱਗਣਾ।’’ ਉਸ ਦੇ ਬਹਾਨੇ ਫਿਰ ਤਿਆਰ ਬਰ ਤਿਆਰ ਕਮਾਨ ਕਸੀ ਖੜ੍ਹੇ ਸਨ।
‘‘ਨਹੀਂ! ਐਤਕੀਂ ਤਾਂ ਅਸੀਂ ਮਿਥ ਕੇ ਈ ਆਏ ਆਂ ਕਿ ਤੁਹਾਨੂੰ ਲੈ ਕੇ ਈ ਜਾਣੈਂ, ਬੱਸ ਜਿਵੇਂ ਬੈਠੇ ਓਂ, ਉਂਵੇ ਈ ਉੱਠ ਕੇ ਤੁਰ ਪਵੋ, ਲੀੜੇ ਕੱਪੜੇ ਵੀ ਅਸੀਂ ਉੱਥੇ ਈ ਸਵਾ ਦਿਆਂਗੇ।’’ ਨੂੰਹ ਨੇ ਜ਼ੋਰ ਦੇ ਕੇ ਕਿਹਾ।
ਕੋਈ ਪੇਸ਼ ਨਾ ਜਾਂਦੀ ਵੇਖ ਅਖੀਰ ਮਹਿੰਦਰ ਸਿੰਘ ਨੂੰ ਹਾਂ ਕਰਨੀ ਹੀ ਪਈ। ਦੋਹਾਂ ਜੀਆਂ ਨੂੰ ਚਾਅ ਚੜ੍ਹਿਆ ਪਿਆ ਸੀ ਕਿ ਉਹ ਆਪਣੇ ਮਿਸ਼ਨ ਵਿੱਚ ਸਫ਼ਲ ਹੋ ਗਏ ਹਨ।
ਉਹ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਕਿ ਬਜ਼ੁਰਗ ਦਾ ਜੀਅ ਲੱਗ ਜਾਵੇ। ਉਸ ਦੀ ਪੂਰੀ ਟਹਿਲ ਸੇਵਾ ਕਰਦੇ, ਉਸ ਦੀ ਨਿੱਕੀ ਤੋਂ ਨਿੱਕੀ ਜ਼ਰੂਰਤ ਦਾ ਵੀ ਖਿਆਲ ਰੱਖਦੇ, ਹਰ ਰੋਜ਼ ਕਿਤੇ ਨਾ ਕਿਤੇ ਘੁੰਮਾਉਣ ਲੈ ਜਾਂਦੇ। ਨੂੰਹ ਨਵੀਆਂ ਨਵੀਆਂ ਰੈਸਪੀਆਂ ਬਣਾ ਕੇ ਸਹੁਰੇ ਨੂੰ ਖੁਆਉਂਦੀ। ਗੱਲਾਂ ਸੁਣਾ ਕੇ ਉਸ ਨੂੰ ਹਸਾਉਂਦੀ ਰਹਿੰਦੀ। ਸੱਚਮੁੱਚ ਹੀ ਬਜ਼ੁਰਗ ਦਾ ਦਿਲ ਲੱਗ ਗਿਆ ਸੀ।
ਫਿਰ ਇੱਕ ਦਿਨ ਬਾਪੂ ਜੀ ਦਾ ਚੰਗਾ ਮੂਡ ਦੇਖ ਕੇ ਮੁੰਡੇ ਨੇ ਗੱਲ ਛੇੜ ਲਈ।
‘‘ਬਾਪੂ ਜੀ! ਜਿੱਥੋਂ ਤੱਕ ਮੈਨੂੰ ਯਾਦ ਹੈ ਮੈਂ ਕਦੇ ਤੁਹਾਡੇ ਮੂਹਰੇ ਨਹੀਂ ਬੋਲਿਆ ਤੇ ਨਾ ਹੀ ਕਦੇ ਇਹ ਬੋਲੀ ਹੈ,’’ ਉਸ ਨੇ ਪਰ੍ਹੇ ਸੋਫ਼ੇ ’ਤੇ ਬੈਠੀ ਆਪਣੀ ਪਤਨੀ ਵੱਲ ਇਸ਼ਾਰਾ ਕੀਤਾ, ‘‘ਫੇਰ ਵੀ ਤੁਸੀਂ ਸਾਡੇ ਨਾਲ ਕਦੇ ਖੁੱਲ੍ਹ ਕੇ ਗੱਲ ਨਹੀਂ ਕਰਦੇ, ਹਮੇਸ਼ਾ ਚੁੱਪ ਚੁੱਪ ਤੇ ਉਦਾਸ ਜਿਹੇ ਰਹਿੰਦੇ ਹੋ। ਮੇਰੇ ਪਿਆਰੇ ਬਾਪੂ ਜੀ! ਮੈਂ ਇਸ ਦਾ ਕਾਰਨ ਜਾਣਨਾ ਚਾਹੁੰਦਾ ਹਾਂ, ਪਾਉਗੇ ਲੱਪ ਕੁ ਚਾਨਣ ਦੀ ਮੇਰੀ ਝੋਲੀ ਵਿੱਚ?’’
ਉੱਤਰ ਦੇਣ ਦੀ ਥਾਂ ਬਜ਼ੁਰਗ ਹੋਰ ਵੀ ਉਦਾਸ ਹੋ ਗਿਆ ਜਦੋਂ ਉਸ ਨੇ ਆਪਣਾ ਨੀਵਾਂ ਹੋਇਆ ਚਿਹਰਾ ਉਤਾਂਹ ਚੁੱਕਿਆ ਤਾਂ ਹੰਝੂਆਂ ਦੀਆਂ ਘਰਾਲਾਂ ਵਗ ਰਹੀਆਂ ਸਨ। ਉਸ ਨੂੰ ਆਪਾ ਸੰਭਾਲਣ ਵਿੱਚ ਡਾਢੀ ਮੁਸ਼ਕਿਲ ਪੇਸ਼ ਆ ਰਹੀ ਸੀ। ਸਾਰਾ ਹੋਇਆ ਬੀਤਿਆ ਉਸ ਦੀਆਂ ਅੱਖਾਂ ਦੇ ਸਾਹਵੇਂ ਸਾਕਾਰ ਹੋ ਰਿਹਾ ਸੀ। ਉਹ ਖੰਘੂਰਾ ਮਾਰ ਕੇ ਆਪਣਾ ਗਲਾ ਸਾਫ਼ ਕਰਦਿਆਂ ਬੋਲਿਆ, ‘‘ਜ਼ਰੂਰ ਸੁਣਨੀ ਐਂ ਮੇਰੀ ਦੁੱਖ ਭਰੀ ਦਾਸਤਾਂ!
ਚੰਗਾ ਫੇਰ ਸੁਣ! ਆਪਣੇ ਘਰ ਦੀ ਕੀ ਹਾਲਤ ਹੁੰਦੀ ਸੀ? ਤੈਨੂੰ ਕਿਹੜਾ ਕੁਸ਼ ਭੁਲਿਆ ਹੋਇਐ, ਆਪਾਂ ਨਾਂ ਦੇ ਹੀ ਜੱਟ ਸਾਂ, ਅਤਿ ਦੀ ਗ਼ਰੀਬੀ ਤੇ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਅਣਗੌਲੇ ਜਿਹੇ ਲੋਕ। ਸਿਰਫ਼ ਦੋ ਕਿੱਲੇ ਜ਼ਮੀਨ, ਨਾ ਮੈਂ ਖੇਤੀ ਕਰਨ ਜੋਗਾ ਸੀ ਤੇ ਨਾ ਹੀ ਨਿੱਕੀ ਕਿਸਾਨੀ ਵਿੱਚੋਂ ਕੁਝ ਬਚਦਾ ਸੀ। ਅਖੇ ਤਕੜਾ ਖਾਵੇ ਖੇਤੀ ਨੂੰ, ਮਾੜੇ ਨੂੰ ਖਾਵੇ ਖੇਤੀ। ਅੱਕ ਕੇ ਸ਼ਹਿਰ ਦਿਹਾੜੀ ਜਾਣ ਲੱਗਾ ਤਾਂ ਸ਼ਰੀਕ ਝਹੇਡਾਂ ਕਰਨ ਨੂੰ ਮੂਹਰੇ ਤਿਆਰ ਖੜ੍ਹੇ ਹੁੰਦੇ। ਇੱਕ ਦਿਨ ਸ਼ਹਿਰੋਂ ਅੱਕਿਆ ਸਤਿਆ ਮੁੜਿਆ ਸੀ ਕਿ ਤੂੰ ਬਾਰ ਦੇ ਕੱਚੇ ਥਮਲੇ ਨਾਲ ਲੱਗਿਆ ਖੜ੍ਹਾ ਮੈਨੂੰ ਉਡੀਕ ਰਿਹਾ ਸੀ, ਤਿੰਨ ਕੁ ਸਾਲ ਦਾ ਸੀ ਤੂੰ ਉਦੋਂ। ਮੈਨੂੰ ਵੇਖ ਕੇ ਤੂੰ ਖਿੜ-ਖਿੜਾ ਕੇ ਹੱਸ ਪਿਆ ਤੇ ਬਾਪੂ ਆ ਗਿਆ, ਬਾਪੂ ਆ ਗਿਆ ਕਹਿ ਕੇ ਚਾਂਭੜਾਂ ਮਾਰਦਾ ਮੇਰੀਆਂ ਲੱਤਾਂ ਨੂੰ ਚਿੰਬੜ ਗਿਆ। ਉਸ ਦਿਨ ਮੈਂ ਅਤਿ ਦਾ ਦੁਖੀ ਸੀ, ਇਉਂ ਖ਼ੁਸ਼ੀ ਨਾਲ ਖੀਵਾ ਹੋਇਆ ਵੀ ਤੂੰ ਮੈਨੂੰ ਚੰਗਾ ਨਾ ਲੱਗਿਆ, ਮਨ ਜੁ ਤਕੜਾ ਨਹੀਂ ਸੀ। ਉਸ ਦਿਨ ਤਾਂ ਮੈਨੂੰ ਦਿਹਾੜੀ ਵੀ ਨਹੀਂ ਸੀ ਮਿਲੀ। ਨਿਰਾਸ਼ ਪ੍ਰੇਸ਼ਾਨ ਖਾਲੀ ਹੱਥੀਂ ਘਰ ਪਰਤ ਆਇਆ ਸੀ ਤੇ ਬਾਹਰੋਂ ਪੱਕੀ ਠਾਣ ਕੇ ਘਰ ਮੁੜਿਆ ਸਾਂ ਕਿ ਅੱਜ ਇਸ ਗਰੀਬੀ ਗਰੂਬੀ ਦਾ ਜੂੜ ਵੱਢ ਈ ਦੇਣੈ, ਸਾਰਾ ਪਰਿਵਾਰ ਆਪਣੇ ਹੱਥੀਂ ਖ਼ਤਮ ਕਰ ਦੇਣੈ ਤੇ ਖ਼ੁਦ ਵੀ ਨ੍ਹੀਂ ਜਿਉਂਦੇ ਰਹਿਣਾ, ਏਦੂ ਤਾਂ ਮਰੇ ਈ ਚੰਗੇ ਆਂ, ਕੀ ਥੁੜਿਆ ਪਿਐ ਇਹੋ ਜਿਹੀ ਨਰਕ ਭਰੀ ਜ਼ਿੰਦਗੀ ਜਿਉਣ ਖੁਣੋਂ! ਫਿਰ ਤੇਰੀ ਸੋਹਣੀ ਜਿਹੀ ਸੂਰਤ ਵੇਖ ਕੇ ਇਕਦਮ ਮੇਰਾ ਇਰਾਦਾ ਬਦਲ ਗਿਆ, ਮੇਰੀ ਆਤਮਾ ਵਿੱਚੋਂ ਕੋਈ ਆਵਾਜ਼ ਆਈ ‘ਮਨਾ! ਕਿਉਂ ਐਵੇਂ ਢੇਰੀ ਢਾਹੀ ਜਾਨੈਂ! ਆਹ ਵੇਖ ਖਾਂ! ਮੇਰਾ ਸ਼ੇਰ ਪੁੱਤ ਖੜ੍ਹਾ, ਇਹ ਕਿਤੇ ਐਡਾ ਕੁ ਈ ਰਹੂਗਾ? ਹੋਰ ਚਹੁੰ ਸਾਲਾਂ ਨੂੰ ਜਦੋਂ ਮੇਰਾ ਇਹ ਸ਼ੇਰ ਪੁੱਤ ਵੱਡਾ ਹੋ ਗਿਆ ਨਾ, ਇਹਨੇ ਤਾਂ ਘਰ ਦੇ ਸਾਰੇ ਰੋਣੇ ਧੋਣੇ ਈ ਧੋ ਸੁੱਟਣੇ ਐਂ, ਭੋਰਾ ਜੇਰਾ ਰੱਖ ਮਨਾ! ਕੋਈ ਨਾ ਭੀੜਾਂ ਸੰਘੀੜਾਂ ਵੀ ਬੰਦਿਆਂ ’ਤੇ ਈ ਪੈਂਦੀਆਂ ਨੇ, ਕਦੇ ਨਾ ਕਦੇ ਦਿਨ ਜ਼ਰੂਰ ਫਿਰਨਗੇ’। ਬੱਸ ਉਦੋਂ ਦੀ ਉਹ ਗੱਲ ਮੇਰੇ ਮਨ ਵਿੱਚੋਂ ਨ੍ਹੀਂ ਨਿਕਲਦੀ। ਉਹ ਘੋਰ ਨਿਰਾਸ਼ਾ ਵਾਲੇ ਪਲ ਸੋਚ ਕੇ ਮਨ ਉਦਾਸ ਰਹਿੰਦੈ ਕਿ ਜੇ ਭਲਾ ਮੈਂ ਘਬਰਾਹਟ ਵਿੱਚ ਆਇਆ ਹੋਇਆ ਉਦੋਂ ਕੋਈ ਗ਼ਲਤ ਕਦਮ ਚੁੱਕ ਲੈਂਦਾ, ਫੇਰ ਮੇਰੇ ਟੱਬਰ ਦਾ ਕੀ ਬਣਦਾ! ਅੱਜ ਜਿਹੜੇ ਰੰਗ ਭਾਗ ਮਹਾਰਾਜ ਨੇ ਲਾਏ ਹੋਏ ਨੇ, ਫੇਰ ਕਿੱਥੇ ਲੱਗਣੇ ਸੀ? ਨਾਲੇ ਦਿਨ ਕਿਤੇ ਸਦਾ ਇੱਕੋ ਜਿਹੇ ਰਹਿੰਦੇ ਸੁਣੇ ਆਂ ਕਿਸੇ ਨੇ!’’
ਸੰਪਰਕ: 78146-98117

Advertisement

Advertisement
Author Image

Advertisement