ਤੀਹਰੇ ਕਤਲ ਕਾਂਡ ’ਚ ਭੇਤ ਬਰਕਰਾਰ
ਗੁਰਬਖਸ਼ਪੁਰੀ
ਤਰਨ ਤਾਰਨ, 11 ਨਵੰਬਰ
ਪੱਟੀ ਖੇਤਰ ਦੇ ਪਿੰਡ ਤੁੰਗ ਵਿੱਚ ਚਾਰ ਦਿਨ ਪਹਿਲਾਂ ਕਿਸਾਨ ਪਰਿਵਾਰ ਦੇ ਮੁਖੀ ਸਮੇਤ ਤਿੰਨ ਜੀਆਂ ਦੀ ਹੱਤਿਆ ਮਾਮਲੇ ਵਿੱਚ ਹਾਲੇ ਤੱਕ ਪੁਲੀਸ ਦੇ ਹੱਥ ਖਾਲੀ ਹਨ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਪੀੜਤ ਪਰਿਵਾਰ ਦੀ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਆਦਿ ਲੁੱਟਣ ਤੋਂ ਇਲਾਵਾ ਪਰਿਵਾਰ ਦਾ ਮੁਖੀ ਕਥਿਤ ਅਫੀਮ ਆਦਿ ਹੋਣ ਦੇ ਪੱਖ ਤੋਂ ਹੱਲ ਕਰਨ ਵੱਲ ਸਿੱਧੀ ਲਕੀਰ ਸਮਝ ਰਹੀ ਹੈ| ਇਸ ਵਾਰਦਾਤ ਵਿੱਚ ਕਿਸਾਨ ਇਕਬਾਲ ਸਿੰਘ (55) ਤੋਂ ਇਲਾਵਾ ਉਸ ਦੀ ਪਤਨੀ ਲਖਵਿੰਦਰ ਕੌਰ (53) ਅਤੇ ਵੱਡੀ ਵਿਧਵਾ ਭਰਜਾਈ ਰਾਜ ਕੌਰ (60) ਨੂੰ 8 ਨਵੰਬਰ ਦੀ ਸਵੇਰ ਨੂੰ ਮ੍ਰਿਤਕ ਦੇਖਿਆ ਗਿਆ ਸੀ| ਉਨ੍ਹਾਂ ਨੂੰ ਬੰਨ੍ਹ ਮਗਰੋਂ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ| ਸ਼ੁਰੂ ਵਿਚ ਪੁਲੀਸ ਨੇ ਭਾਵੇਂ ਪਰਿਵਾਰ ਦੇ ਖੇਤ ਮਜ਼ਦੂਰ ਅਸ਼ੋਕ ਤੋਂ ਇਲਾਵਾ ਇਧਰ-ਉਧਰ ਸ਼ੱਕ ਕੀਤਾ ਸੀ ਪਰ ਛੇਤੀ ਹੀ ਪੁਲੀਸ ਨੂੰ ਸਾਫ਼ ਹੋ ਗਿਆ ਸੀ| ਜਾਣਕਾਰੀ ਅਨੁਸਾਰ ਕਾਤਲ ਹਰੀਕੇ ਪਿੰਡ ਵੱਲ ਆਏ ਸਨ| ਪੁਲੀਸ ਨੇ ਆਪਣੀ ਜਾਂਚ ਦੀ ਸੂਈ ਇਕਬਾਲ ਸਿੰਘ ਵਲੋਂ ਅਕਸਰ ਰੋਜ਼ਾਨਾ ਹਰੀਕੇ ਜਾਣ ਅਤੇ ਅਫੀਮ ਖਾਣ ਵੱਲ ਘੁੰਮਾਈ ਹੈ| ਜ਼ਿਕਰਯੋਗ ਹੈ ਕਿ ਹਰੀਕੇ ਤੋਂ ਇਲਾਵਾ ਸਰਹਾਲੀ, ਚੋਹਲਾ ਸਾਹਿਬ, ਵਲਟੋਹਾ, ਸਭਰਾ ਆਦਿ ਇਲਾਕਿਆਂ ਅੰਦਰ ਹੈਰੋਇਨ ਆਦਿ ਦੀ ਥਾਂ ’ਤੇ ਅਫੀਮ ਅਤੇ ਭੁੱਕੀ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ| ਮ੍ਰਿਤਕ ਇਕਬਾਲ ਸਿੰਘ ਨੂੰ ਘਟਨਾ ਦੇ ਦੋ ਦਿਨ ਪਹਿਲਾਂ ਅਤੇ ਵਾਰਦਾਤ ਕਰਨ ਲਈ ਆਏ ਅਣਪਛਾਤੇ ਵਿਅਕਤੀ ਇਸ ਹੀ ਕਿਸਮ ਦੇ ਵਿਅਕਤੀ ਦੱਸੇ ਜਾ ਰਹੇ ਹਨ| ਇਕ ਪੁਲੀਸ ਅਧਿਕਾਰੀ ਨੇ ਵੀ ਕਾਤਲਾਂ ਦੇ ਇਸ ਹੀ ਸ਼੍ਰੇਣੀ ਦੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਾਤਲਾਂ ਤੱਕ ਪਹੁੰਚ ਚੁੱਕੀ ਹੈ ਅਤੇ ਕਾਤਲ ਕਿਸੇ ਪੱਕੇ ਟਿਕਾਨੇ ’ਤੇ ਨਹੀਂ ਆ ਰਹੇ|