ਵੀਹ ਗ੍ਰਾਮ ਜ਼ਿੰਦਗੀ ਦਾ ਰਹੱਸ
ਜਤਿੰਦਰ ਸਿੰਘ
ਗੁਰਪ੍ਰੀਤ ਦੀ ਕਿਤਾਬ ‘ਵੀਹ ਗ੍ਰਾਮ ਜ਼ਿੰਦਗੀ’ (ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ (2023) ਕੀਮਤ: 250 ਰੁਪਏ) ਡਾਇਰੀ ਵਿਧਾ ਦੀ ਹੈ, ਜਿਸ ਵਿੱਚ ਪਹਿਲੀ ਜਨਵਰੀ 2020 ਤੋਂ 31 ਦਸੰਬਰ 2020 ਤੱਕ ਦੀਆਂ ਘਟਨਾਵਾਂ ਦਾ ਵੇਰਵਾ ਹੈ। ਗੁਰਪ੍ਰੀਤ ਦੀ ਪਛਾਣ ਕਵੀ ਤੇ ਚਿੱਤਰਕਾਰ ਵਜੋਂ ਹੈ। ਉਸ ਦੀ ਵਾਰਤਕ ਦੀ ਇਹ ਪਹਿਲੀ ਕਿਤਾਬ ਹੈ। ‘ਵੀਹ ਗ੍ਰਾਮ ਜ਼ਿੰਦਗੀ’ ਵਿਸ਼ੇ ਤੇ ਰੂਪ ਪੱਖੋਂ ਅਸਲੋਂ ਨਿਵਕੇਲੀ ਕਿਤਾਬ ਹੈ। ਕਿਤਾਬ ਦਾ ਸਰਵਰਕ ਕਰਤਾ ਦੇ ਚਿੱਤਰਕਾਰ ਹੋਣ ਦਾ ਪ੍ਰਮਾਣ ਹੈ, ਜਿਸ ਵਿੱਚ ਰੰਗਾਂ ਦੀ ਚੋਣ ਤੇ ਸਜਾਵਟ ਦਿਲ ਨੂੰ ਛੂਹਣ ਵਾਲੀ ਹੈ। ਰੂਪ ਦੇ ਪੱਖ ਤੋਂ ਡਾਇਰੀ ਵਿੱਚ ਕਰਤਾ ਰੋਜ਼ਾਨਾ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਕਲਾਤਮਕ ਰੰਗਤ ਨਾਲ ਕਲਮਬੱਧ ਕਰਦਾ ਹੈ। ਪਰ ਹਥਲੀ ਕਿਤਾਬ ਵਿਧਾ ਦੇ ਨਿਯਮਾਂ ਤੋਂ ਪਾਰ ਚਲੀ ਜਾਂਦੀ ਹੈ। ਵਿਸ਼ੇ ਦੇ ਨਾਲ, ਰੂਪ ਦੇ ਪੱਖ ਤੋਂ ਅਸਰ ਦਿਖਾਈ ਦਿੰਦਾ ਹੈ। ਯੂਰਪ ਵਿੱਚ ਮੈਟਾਫਿਕਸ਼ਨ ਸ਼ੈਲੀ ਵਿੱਚ ਬਹੁਤ ਸਾਰਾ ਸਾਹਿਤ ਰਚਿਆ ਗਿਆ। ਗੁਰਪ੍ਰੀਤ ਦੀ ਇਸ ਕਿਤਾਬ ਵਿੱਚ ਕੁਝ ਨਵੇਂ ਤਜਰਬੇ ਕੀਤੇ ਮਿਲਦੇ ਹਨ, ਜੋ ਸਾਹਿਤਕ ਵਿਧਾ ਦੇ ਨਿਯਮਾਂ ਤੋਂ ਪਾਰ ਚਲੇ ਜਾਂਦੇ ਹਨ। ਪੁਸਤਕ ‘ਵੀਹ ਗ੍ਰਾਮ ਜ਼ਿੰਦਗੀ’ ਵਿੱਚ ਘਟਨਾਵਾਂ ਨੂੰ ਸਮੇਂ ਅਨੁਸਾਰ ਕ੍ਰਮਵਾਰ ਅੰਕਿਤ ਕੀਤਾ ਗਿਆ ਹੈ ਪਰ ਘਟਨਾਵਾਂ ਦੇ ਸੰਦਰਭ ਤੇ ਪ੍ਰਸੰਗ ਕਾਲ-ਕ੍ਰਮ ਦੇ ਆਰ-ਪਾਰ ਚਲੇ ਜਾਂਦੇ ਹਨ।
ਇਹ ਪੁਸਤਕ ਰੌਚਕਤਾ ਭਰਪੂਰ ਤੇੇ ਵਿਅੰਗਮਈ ਸੁਭਾਅ ਵਾਲੀ ਹੈ, ਜਿਸ ਵਿੱਚ ਦੁਨੀਆ ਭਰ ’ਚ ਮੂਰਖ ਦਿਵਸ ਵਜੋਂ ਜਾਣੇ ਜਾਂਦੇ 1 ਅਪਰੈਲ ਬਾਰੇ ਤਿੰਨ ਲੇਖ ਹਨ।
ਪੰਜਾਬੀ ਬੋਲੀ ਵਿੱਚ ‘ਮੂਰਖ’ ਸ਼ਬਦ ਦੇ ਕਈ ਸਮਾਨਾਂਤਰ ਅਰਥ ਹਨ: ਬੇ+ਵਕੂਫ਼ (ਅਕਲ), ਪਾਗ਼ਲ, ਸ਼ੁਦਾਈ, ਸਿੱਧੜਾ ਤੇ ਹੋਰ ਕਈ। ਪਰ ਅਰਥ ਦੇ ਪੱਧਰ ’ਤੇ ਇਨ੍ਹਾਂ ਵਿੱਚ ਵਖਰੇਵਾਂ ਹੈ। ਪੰਜਾਬੀ ਵਿੱਚ ਕਹਾਵਤ ਹੈ ਕਿ “ਮੂਰਖਤਾ ਦੀ ਕੋਈ ਹੱਦ ਨਹੀਂ ਹੁੰਦੀ।” ਪਰ ਸਾਹਿਤਕਾਰ ਤੇ ਇਤਿਹਾਸਕਾਰ ਸੁਰਜੀਤ ਹਾਂਸ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਿਆਣਪ ਦੀ ਤਾਂ ਕੋਈ ਹੱਦ ਹੋ ਸਕਦੀ ਹੈ, ਪਰ ਮੂਰਖਤਾ ਦੀ ਕੋਈ ਹੱਦ ਨਹੀਂ ਹੁੰਦੀ। ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਮਨੁੱਖ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੀਆਂ ਹਨ। ਉਦੋਂ ਸਾਧਾਰਨ ਵਰਤਾਰਾ ਵੀ ਹੈਰਾਨੀਜਨਕ ਬਣ ਜਾਂਦਾ ਹੈ, ਹਾਲਾਤ ਬੰਦੇ ਦੇ ਵੱਸੋਂ ਬਾਹਰ ਹੋ ਜਾਂਦੇ ਹਨ। ਹਥਲੀ ਕਿਤਾਬ ਦਾ ਕੁਝ ਹਿੱਸਾ ਕੋਰੋਨਾ ਕਾਲ ਦੀਆਂ ਘਟਨਾਵਾਂ ’ਤੇ ਕੇਂਦਰਿਤ ਹੈ। ਇਸ ਸਮੇਂ ਨੇ ਮਨੁੱਖੀ ਮਨ ’ਚ ਅਜੀਬ ਤਰ੍ਹਾਂ ਦੇ ਸ਼ੰਕੇ ਖੜ੍ਹੇ ਕੀਤੇ, ਜਿਸ ਕਾਰਨ ਉਸ ਦਾ ਵਿਹਾਰ ਅਸਾਧਾਰਨ ਲੱਗਣ ਲੱਗਿਆ ਅਤੇ ਬੰਦਾ ਆਪਣੇ ਆਪ ਨੂੰ ਮੂਰਖਾਂ ਦੀ ਕਤਾਰ ਵਿੱਚ ਖੜ੍ਹਾ ਹੋਇਆ ਮਹਿਸੂਸਦਾ ਹੈ। ਇਸ ਦੌਰਾਨ ਉਪਜੇ ਹਾਲਾਤ ਕਾਰਨ ਉਹ ਖ਼ੁਦ ਨੂੰ ਸਿਆਣੇ ਤੇ ਮੂਰਖ ਦੇ ਵਿਚਕਾਰ ਖੜ੍ਹਾ ਮਹਿਸੂਸ ਕਰਦਾ ਹੈ। ਗੁਰਪ੍ਰੀਤ ਇਨ੍ਹਾਂ ਵਿਚਾਰਾਂ ਨੂੰ ਵਿਹਾਰ ਦੇ ਪੱਧਰ ’ਤੇ ਮਹਿਸੂਸ ਕਰਦਾ ਹੈ। ਉਹ ਚਿੱਤਰਕਾਰ ਹੋਣ ਨਾਤੇ ਇਸ ਕਿਤਾਬ ਵਿੱਚ ਪਾਠਕਾਂ ਦੀ ਰੰਗਾਂ ਦੇ ਕਾਰਜ ਤੇ ਵਿਹਾਰ ਨਾਲ ਵੀ ਸਾਂਝ ਪੁਆਉਂਦਾ ਹੈ। ਰੰਗਾਂ ਨਾਲ ਗੱਲਬਾਤ ਬਾਰੇ ਬੜੇ ਭਾਵਪੂਰਤ ਲੇਖ ਹਨ।
ਇਹ ਕਿਤਾਬ ਮਲਵਈ ਸੱਭਿਆਚਾਰ ਤੇ ਭਾਸ਼ਾ ਦੇ ਨਮੂਨੇ ਦਾ ਦਸਤਾਵੇਜ਼ ਹੈ ਜਿਸ ਵਿੱਚ ਉਹ ਮਾਲਵੇ ਦੇ ਸੱਭਿਆਚਾਰਕ ਸੰਦਰਭਾਂ ਨੂੰ ਵਿਚਾਰਦਾ ਹੈ।
ਸੰਪਰਕ: 94174-78446