ਵਿਆਹੁਤਾ ਦੀ ਭੇਤ-ਭਰੀ ਹਾਲਤ ਵਿੱਚ ਮੌਤ
ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਜੁਲਾਈ
ਪਿੰਡ ਸੁਧਾਰ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਦੇ ਮੂੰਹ ਜਾ ਪਈ 28 ਸਾਲਾ ਪ੍ਰੀਤੀ ਤੂਰੇ ਦੇ ਪਿਤਾ ਗੁਰਦੀਪ ਸਿੰਘ ਵਾਸੀ ਪਿੰਡ ਦਾਦ ਦੇ ਬਿਆਨਾਂ ‘ਤੇ ਮ੍ਰਿਤਕ ਦੇ ਪਤੀ ਮਨਿੰਦਰ ਸਿੰਘ, ਸਹੁਰਾ ਹੁਸ਼ਿਆਰ ਸਿੰਘ, ਸੱਸ ਸਵਰਨਜੀਤ ਕੌਰ ਅਤੇ ਨਣਦ ਗੱਗੋ ਖ਼ਿਲਾਫ਼ ਥਾਣਾ ਸੁਧਾਰ ਪੁਲੀਸ ਨੇ ਧਾਰਾ 304 ਬੀ ਤਹਿਤ ਦਾਜ ਲਈ ਹੱਤਿਆ ਦਾ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਜਸਵਿੰਦਰ ਸਿੰਘ ਅਨੁਸਾਰ ਮ੍ਰਿਤਕ ਲੜਕੀ ਦੇ ਪਿਤਾ ਗੁਰਦੀਪ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮਨਿੰਦਰ ਸਿੰਘ ਵਿਹਲੜ ਸੀ ਅਤੇ ਨਸ਼ੇ ਵੀ ਕਰਦਾ ਸੀ। ਉਸ ਵਿਰੁੱਧ ਨਸ਼ਿਆਂ ਦੇ ਕੇਸ ਵੀ ਦਰਜ ਹੋਏ ਅਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿਆਹ ਦੇ ਦੋ ਸਾਲਾਂ ਦੇ ਅੰਦਰ ਹੀ ਉਸ ਦੀ ਲੜਕੀ ਨੂੰ ਕੁੱਟਮਾਰ ਕਰ ਕੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਮਜਬੂਰ ਕਰਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਲੜਕੀ ਨੂੰ ਸਹੁਰੇ ਪਰਿਵਾਰ ਨੇ ਮਾਰ ਮੁਕਾਇਆ ਹੈ।
ਜਾਂਚ ਅਫ਼ਸਰ ਜਸਵਿੰਦਰ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮਨਿੰਦਰ ਸਿੰਘ ਕਈ ਵਾਰ ਲੜਕੀ ਦੀ ਕੁੱਟਮਾਰ ਕਰ ਕੇ ਪੈਸੇ ਲਿਆਉਣ ਲਈ ਮਜਬੂਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋ ਵਾਰ ਵੀਹ-ਵੀਹ ਹਜ਼ਾਰ ਅਤੇ ਇਕ ਵਾਰ ਦਸ ਹਜ਼ਾਰ ਰੁਪਏ ਉਨ੍ਹਾਂ ਦਿੱਤੇ ਵੀ ਸਨ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੀ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਨੇ ਮਾਰ ਮੁਕਾਇਆ ਸੀ, ਪਰ ਲੜਕੀ ਦੇ ਮਾਪਿਆਂ ਨੂੰ ਸਵੇਰੇ 6:55 ਵਜੇ ਸੂਚਿਤ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਦਾ ਲਿਖਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਇਸ ਬਾਰੇ ਜਾਂਚ ਅਫ਼ਸਰ ਨੇ ਕਿਹਾ ਕਿ ਨੋਟ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਜਾਰੀ ਹੈ। ਭਲ਼ਕੇ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਦਾਜ ਮੰਗਣ ’ਤੇ ਪਤੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਵੋਮੈਨ ਦੀ ਪੁਲੀਸ ਵੱਲੋਂ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਰਾਭਾ ਨਗਰ ਵਾਸੀ ਤੇਜਿੰਦਰਪਾਲ ਸਿੰਘ ਦੀ ਲੜਕੀ ਗੁਰਸਿਮਰਨ ਕੌਰ ਹਾਲ ਵਾਸੀ ਕੈਨੇਡਾ ਨੇ ਦੱਸਿਆ ਹੈ ਕਿ ਉਸ ਦੇ ਪਤੀ ਅਤਿੰਦਰਪਾਲ ਸਿੰਘ ਵਾਸੀ ਮਾਡਲ ਹਾਊਸ ਜਲੰਧਰ ਨੇ ਵਿਆਹ ਮਗਰੋਂ ਹੀ ਹੋਰ ਦਾਜ ਦਹੇਜ ਲਿਆਉਣ ਲਈ ਸਰੀਰਕ ਤੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਕੁੱਟਮਾਰ ਕਰਦਾ ਰਿਹਾ। ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।