For the best experience, open
https://m.punjabitribuneonline.com
on your mobile browser.
Advertisement

ਸ਼ਾਹਜਹਾਨਪੁਰ ਵਿੱਚ ਨੌਜਵਾਨ ਦੀ ਭੇਤ-ਭਰੀ ਮੌਤ

08:38 AM Jun 07, 2024 IST
ਸ਼ਾਹਜਹਾਨਪੁਰ ਵਿੱਚ ਨੌਜਵਾਨ ਦੀ ਭੇਤ ਭਰੀ ਮੌਤ
ਮਨਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ
Advertisement

ਸੰਤੋਖ ਗਿੱਲ
ਰਾਏਕੋਟ, 6 ਜੂਨ
ਇੱਥੇ ਥਾਣਾ ਸਦਰ ਰਾਏਕੋਟ ਅਧੀਨ ਪਿੰਡ ਸ਼ਾਹਜਹਾਨਪੁਰ ਦੇ ਇਕ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਰਵੀ (22) ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਥਾਣੇਦਾਰ ਕੁਲਦੀਪ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਗੁਰਵਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਦੇ ਬਿਆਨ ’ਤੇ ਮਨਪ੍ਰੀਤ ਸਿੰਘ ਉਰਫ਼ ਰਵੀ ਦੇ ਹੀ ਦੋਸਤ ਨਵਜੋਤ ਸਿੰਘ ਉਰਫ਼ ਜੋਤ ਵਾਸੀ ਝੋਰੜਾਂ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਜਾਂਚ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ ਅਤੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਗੁਰਵਿੰਦਰ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਮਨਪ੍ਰੀਤ ਸਿੰਘ ਉਰਫ਼ ਰਵੀ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। 4 ਜੂਨ ਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦਾ ਦੋਸਤ ਨਵਜੋਤ ਸਿੰਘ ਉਰਫ਼ ਜੋਤ ਆਪਣੀ ਗੱਡੀ ਵਿੱਚ ਘਰੋਂ ਲੈ ਗਿਆ ਸੀ ਅਤੇ ਦੇਰ ਰਾਤ 10 ਵਜੇ ਘਰ ਵਾਪਸ ਆਇਆ ਅਤੇ ਅਗਲੇ ਦਿਨ ਫਿਰ ਸਵੇਰੇ 7 ਵਜੇ ਉਹ ਮਨਪ੍ਰੀਤ ਸਿੰਘ ਨੂੰ ਲੈ ਕੇ ਕਿਧਰੇ ਚਲਾ ਗਿਆ ਸੀ। ਉਸ ਦੇ ਭਤੀਜੇ ਸਤਨਾਮ ਸਿੰਘ ਨੇ ਖੇਤ ਵਿੱਚ ਪਾਣੀ ਲਾਉਣ ਜਾਂਦੇ ਸਮੇਂ ਦੇਖਿਆ ਕਿ ਨਵਜੋਤ ਸਿੰਘ ਆਪਣੀ ਗੱਡੀ ਲੈ ਕੇ ਡਾਕਟਰ ਕੇਵਲ ਸਿੰਘ ਦੀ ਮੋਟਰ ਤੋਂ ਤੇਜ਼ੀ ਨਾਲ ਚਲਾ ਗਿਆ।
ਸਤਨਾਮ ਸਿੰਘ ਅਨੁਸਾਰ ਮਨਪ੍ਰੀਤ ਸਿੰਘ ਰਵੀ ਕੰਧ ਨਾਲ ਸਹਾਰਾ ਲਾਈ ਬੈਠਾ ਸੀ ਅਤੇ ਜਦੋਂ ਉਸ ਨੂੰ ਰਾਏਕੋਟ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਰਵੀ ਦੇ ਦੋਸਤ ਨਵਜੋਤ ਸਿੰਘ ਉਰਫ਼ ਜੋਤ ਨੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਹੈ। ਜਾਂਚ ਅਫ਼ਸਰ ਕੁਲਦੀਪ ਸਿੰਘ ਅਨੁਸਾਰ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਪ੍ਰਾਪਤ ਹੋਣ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ। ਪੁਲੀਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×