ਨੌਲੀ ਦੇ ਨੌਜਵਾਨ ਦੀ ਕੈਨੇਡਾ ’ਚ ਭੇਤ-ਭਰੀ ਮੌਤ
ਪੱਤਰ ਪ੍ਰੇਰਕ
ਜਲੰਧਰ, 12 ਸਤੰਬਰ
ਪਿੰਡ ਨੌਲੀ ਦੇ ਗਗਨਦੀਪ ਗਿੱਲ ਉਰਫ ਗੱਗੂ ਦੀ ਕੈਨੇਡਾ ਵਿੱਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਉਹ ਚਾਰ ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਿਤਾ ਡਾ. ਮੋਹਨ ਲਾਲ ਅਤੇ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਪੁੱਤ ਦੀ ਲਾਸ਼ ਮੰਗਵਾਉਣ ਤੋਂ ਅਸਮਰੱਥ ਹਨ ਕਿਉਂਕਿ ਇਸ ’ਤੇ 20 ਹਜ਼ਾਰ ਕੈਨੇਡੀਅਨ ਡਾਲਰ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਲਈ 30 ਲੱਖ ਤੋਂ ਵੱਧ ਰਕਮ ਖਰਚ ਚੁੱਕੇ ਹਨ, ਜੋ ਵਿਆਜ ’ਤੇ ਫੜੀ ਸੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮੰਗਵਾਈ ਜਾਵੇ ਤਾਂ ਜੋ ਉਸ ਦੀਆਂ ਆਖ਼ਰੀ ਰਸਮਾਂ ਨਿਭਾਅ ਸਕਣ। ਉਧਰ, ਕੈਨੇਡਾ ਵੱਸਦੇ ਪੰਜਾਬੀਆਂ ਨੇ ਗਗਨਦੀਪ ਦੀ ਲਾਸ਼ ਪੰਜਾਬ ਭੇਜਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗਗਨਦੀਪ ਬੀਤੀ 6 ਸਤੰਬਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਰਵਾਨਾ ਹੋਇਆ ਸੀ। ਐਤਵਾਰ ਰਾਤ ਨੂੰ ਲਗਪਗ ਸਾਢੇ 9 ਵਜੇ ਉਸ ਨੇ ਗਗਨਦੀਪ ਨਾਲ ਵੀਡੀਓ ਕਾਲ ਕੀਤੀ ਸੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਖਾਣਾ ਖਾ ਲਿਆ ਹੈ ਅਤੇ ਨੀਂਦ ਆ ਰਹੀ ਹੈ। ਇਸੇ ਰਾਤ ਢਾਈ ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਗਗਨਦੀਪ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।