ਫਤਿਹਪੁਰ ਵਿੱਚ ਔਰਤ ਦੀ ਭੇਤ-ਭਰੀ ਹਾਲਤ ’ਚ ਮੌਤ
ਸੁਭਾਸ਼ ਚੰਦਰ
ਸਮਾਣਾ, 1 ਅਕਤੂਬਰ
ਇੱਥੋਂ ਦੇ ਪਿੰਡ ਫਤਿਹਪੁਰ ਵਿੱਚ ਇਕ ਔਰਤ ਦੀ ਭੇਤ-ਭਰੀ ਮੌਤ ਹੋ ਗਈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ। ਮ੍ਰਿਤਕਾ ਕਰਮਜੀਤ ਕੌਰ ਦੀ ਮਾਤਾ ਜਸਪਾਲ ਕੌਰ ਵਾਸੀ ਸਨੌਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 10 ਸਾਲ ਪਹਿਲਾਂ ਗੁਰਜੀਤ ਸਿੰਘ ਵਾਸੀ ਪਿੰਡ ਫਤਿਹਪੁਰ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਗੁੰਜਾਇਸ਼ ਤੋਂ ਵੱਧ ਦਾਜ ਦੇ ਕੇ ਕੀਤਾ ਸੀ। ਇਸ ਦੌਰਾਨ ਉਸ ਨੇ ਸਹੁਰਾ ਪਰਿਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਹੋਰ ਦਾਜ ਦੀ ਮੰਗ ਕਰਦੇ ਸਨ ਅਤੇ ਦਾਜ ਨਾ ਦੇਣ ’ਤੇ ਸਹੁਰਾ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਕੁੱਟਮਾਰ ਦੇ ਡਰ ਤੋਂ ਉਨ੍ਹਾਂ ਨੇ ਆਪਣੀ ਧੀ ਨੂੰ ਤਕਰੀਬਨ ਇੱਕ ਸਾਲ ਤੱਕ ਆਪਣੇ ਘਰ ਰੱਖਿਆ ਅਤੇ ਝਗੜੇ ਨੂੰ ਖਤਮ ਕਰਨ ਲਈ ਕਈ ਵਾਰ ਪੰਚਾਇਤ ਵੀ ਹੋਈ। ਰਿਸ਼ਤੇਦਾਰਾਂ ਦੇ ਵਿੱਚ ਪੈਣ ਕਾਰਨ ਲੜਕੀ ਆਪਣੇ ਸਹੁਰੇ ਘਰ ਚੱਲੀ ਗਈ ਤੇ ਸਹੁਰਾ ਪਰਿਵਾਰ ਇਸ ਦੀ ਕੁੱਟਮਾਰ ਕਰਨ ਤੋਂ ਨਹੀਂ ਰੁਕਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏਐੱਸਆਈ ਭਗਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਕਰਮਜੀਤ ਕੌਰ ਦੇ ਪਿਤਾ ਹਰਦੇਵ ਸਿੰਘ ਵਾਸੀ ਸਨੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।