ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਸਲਮਾਨਾਂ ਦੀ ਆਬਾਦੀ 43 ਫ਼ੀਸਦ ਵਧੀ

06:52 AM May 10, 2024 IST

* ਸਾਲ 1950 ਤੋਂ 2015 ਵਿਚਕਾਰ ਦੇਸ਼ ’ਚ ਹਿੰਦੂਆਂ ਦੀ ਆਬਾਦੀ 7.8 ਫ਼ੀਸਦ ਘਟੀ
* ਸਿੱਖਾਂ ਦੀ ਆਬਾਦੀ ’ਚ 6.58 ਫ਼ੀਸਦ ਦਾ ਵਾਧਾ

Advertisement

ਨਵੀਂ ਦਿੱਲੀ, 9 ਮਈ
ਦੇਸ਼ ’ਚ ਸਾਲ 1950 ਤੋਂ 2015 ਵਿਚਕਾਰ ਮੁਸਲਮਾਨਾਂ ਦੀ ਆਬਾਦੀ 43.15 ਫ਼ੀਸਦ ਵਧਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਕਫ਼ੇ ਦੌਰਾਨ ਹਿੰਦੂਆਂ ਦੀ ਆਬਾਦੀ ਦਾ ਹਿੱਸਾ 7.82 ਫ਼ੀਸਦ ਘਟਿਆ ਹੈ। ਇਹ ਖ਼ੁਲਾਸਾ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਹੁਣੇ ਜਿਹੇ ਜਾਰੀ ਵਰਕਿੰਗ ਪੇਪਰ ’ਚ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਆਏ ਇਨ੍ਹਾਂ ਅੰਕੜਿਆਂ ਨਾਲ ਸਿਆਸਤ ਭਖ਼ ਗਈ ਹੈ। ਉਂਜ ਇਸ ਤੋਂ ਪ੍ਰਭਾਵ ਜਾਂਦਾ ਹੈ ਕਿ ਦੇਸ਼ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੁਖਾਵਾਂ ਮਾਹੌਲ ਹੈ। ‘ਧਾਰਮਿਕ ਘੱਟ ਗਿਣਤੀਆਂ ਦਾ ਹਿੱਸਾ: ਦੇਸ਼ ਵਿਆਪੀ ਅਧਿਐਨ (1950-2015)’ ਨਾਮ ਦੇ ਇਸ ਪੇਪਰ ’ਚ ਕਿਹਾ ਗਿਆ ਹੈ ਕਿ 1950 ’ਚ ਦੇਸ਼ ਦੀ ਆਬਾਦੀ ’ਚ ਜੈਨੀਆਂ ਦੀ ਹਿੱਸੇਦਾਰੀ 0.45 ਫ਼ੀਸਦ ਸੀ ਜੋ 2015 ’ਚ ਘਟ ਕੇ 0.36 ਫ਼ੀਸਦ ਰਹਿ ਗਈ। ਇਹ ਦਸਤਾਵੇਜ਼ ਕੌਂਸਲ ਦੀ ਮੈਂਬਰ ਸ਼ਮਿਕਾ ਰਵੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਪੱਤਰ ਮੁਤਾਬਕ ਹਿੰਦੂਆਂ ਦੀ ਆਬਾਦੀ 84.68 ਫ਼ੀਸਦ ਤੋਂ ਘੱਟ ਕੇ 78.06 ਫ਼ੀਸਦ ਰਹਿ ਗਈ ਹੈ। ਮੁਸਲਮਾਨਾਂ ਦੀ ਆਬਾਦੀ ਦਾ ਹਿੱਸਾ 1950 ’ਚ 9.84 ਫ਼ੀਸਦ ਸੀ ਜੋ 2015 ’ਚ ਵਧ ਕੇ 14.09 ਫ਼ੀਸਦ ਹੋ ਗਈ ਅਤੇ ਇਹ ਵਾਧਾ 43.15 ਫ਼ੀਸਦ ਹੈ। ਇਸਾਈਆਂ ਦੀ ਆਬਾਦੀ ਦਾ ਹਿੱਸਾ 2.24 ਫ਼ੀਸਦ ਤੋਂ ਵਧ ਕੇ 2.36 ਫ਼ੀਸਦ ਹੋ ਗਿਆ ਜੋ 1950 ਤੋਂ 2015 ਵਿਚਕਾਰ 5.38 ਫ਼ੀਸਦ ਦਾ ਵਾਧਾ ਹੈ। ਇਸੇ ਤਰ੍ਹਾਂ ਸਿੱਖਾਂ ਦੀ ਆਬਾਦੀ ਦਾ ਹਿੱਸਾ 1950 ’ਚ 1.24 ਫ਼ੀਸਦ ਸੀ ਜੋ 2015 ’ਚ ਵਧ ਕੇ 1.85 ਫ਼ੀਸਦ ਹੋ ਗਿਆ। ਇਸ ਤਰ੍ਹਾਂ ਸਿੱਖਾਂ ਦੀ ਆਬਾਦੀ 6.58 ਫ਼ੀਸਦ ਵਧੀ। ਪਾਰਸੀਆਂ ਦੀ ਆਬਾਦੀ ’ਚ 85 ਫ਼ੀਸਦ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਜੋ 1950 ’ਚ 0.03 ਫ਼ੀਸਦ ਤੋਂ ਘੱਟ ਕੇ 2015 ’ਚ 0.004 ਫ਼ੀਸਦ ਰਹਿ ਗਈ। ਪੇਪਰ ’ਚ ਕਿਹਾ ਗਿਆ ਕਿ ਅੰਕੜੇ ਦਰਸਾਉਂਦੇ ਹਨ ਕਿ ਸਮਾਜ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੁਖਾਵਾਂ ਮਾਹੌਲ ਹੈ ਅਤੇ ਵਧੀਆ ਮਾਹੌਲ ਤੇ ਸਮਾਜਿਕ ਹਮਾਇਤ ਦਿੱਤੇ ਬਿਨਾਂ ਸਮਾਜ ਦੇ ਪੱਛੜੇ ਵਰਗਾਂ ਦੇ ਜੀਵਨ ’ਚ ਸੁਧਾਰ ਕਰਨਾ ਸੰਭਵ ਨਹੀਂ ਹੈ। ਬਹੁਗਿਣਤੀ ਆਬਾਦੀ ਦੇ ਹਿੱਸੇ ਵਿੱਚ ਕਮੀ ਅਤੇ ਘੱਟ ਗਿਣਤੀਆਂ ਦੇ ਹਿੱਸੇ ਵਿੱਚ ਵਾਧੇ ਤੋਂ ਪਤਾ ਚਲਦਾ ਹੈ ਕਿ ਸਾਰੇ ਨੀਤੀਗਤ ਤੇ ਸਿਆਸੀ ਫ਼ੈਸਲੇ ਅਤੇ ਸਮਾਜਿਕ ਪ੍ਰਕਿਰਿਆਵਾਂ ਰਾਹੀਂ ਸਮਾਜ ਵਿੱਚ ਵਿਭਿੰਨਤਾ ਨੂੰ ਵਧਾਉਣ ਲਈ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਟ ਰਹੀ ਬਹੁਗਿਣਤੀ ਦੇ ਆਲਮੀ ਰੁਝਾਨਾਂ ਦੇ ਮੱਦੇਨਜ਼ਰ ਭਾਰਤ ਵਿੱਚ ਵੀ ਬਹੁਗਿਣਤੀ ਧਾਰਮਿਕ ਸੰਪਰਦਾ ਦੇ ਹਿੱਸੇ ਵਿੱਚ 7.82 ਫ਼ੀਸਦ ਦੀ ਕਮੀ ਆਈ ਹੈ। ਪੇਪਰ ’ਚ ਕਿਹਾ ਗਿਆ,‘‘ਦੱਖਣੀ ਏਸ਼ਿਆਈ ਗੁਆਂਢੀ ਮੁਲਕਾਂ ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ, ਭੂਟਾਨ ਅਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੀ ਆਬਾਦੀ ’ਚ ਗਿਰਾਵਟ ਚਿੰਤਾਜਨਕ ਹੈ।’’ ਪਰ ਇਸ ’ਚ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੁਆਂਢੀ ਮੁਲਕਾਂ ਤੋਂ ਘੱਟ ਗਿਣਤੀ ਲੋਕ ਸੰਕਟ ਦੇ ਸਮੇਂ ’ਚ ਭਾਰਤ ਆਏ ਹਨ। ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੁਸਲਿਮ ਬਹੁਲ ਵਾਲੇ ਮੁਲਕਾਂ ’ਚ ਆਬਾਦੀ ਵਧੀ ਹੈ। ਸਿਰਫ਼ ਮਾਲਦੀਵ ’ਚ ਬਹੁਗਿਣਤੀਆਂ ਦੀ ਆਬਾਦੀ ’ਚ 1.46 ਫ਼ੀਸਦ ਦੀ ਗਿਰਾਵਟ ਦਰਜ ਹੋਈ ਹੈ। ਬੰਗਲਾਦੇਸ਼ ’ਚ 18 ਫ਼ੀਸਦ ਅਤੇ ਪਾਕਿਸਤਾਨ ’ਚ 3.75 ਫ਼ੀਸਦ ਆਬਾਦੀ (ਹਨਾਫ਼ੀ ਮੁਸਲਿਮਾਂ) ’ਚ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਗ਼ੈਰ-ਮੁਸਲਿਮ ਬਹੁਗਿਣਤੀ ਮੁਲਕਾਂ ’ਚੋਂ ਮਿਆਂਮਾਰ, ਭਾਰਤ ਅਤੇ ਨੇਪਾਲ ’ਚ ਬਹੁਗਿਣਤੀ ਧਾਰਮਿਕ ਆਬਾਦੀ ਦੇ ਹਿੱਸੇ ’ਚ ਗਿਰਾਵਟ ਦੇਖੀ ਗਈ। ਪੇਪਰ ਮੁਤਾਬਕ ਸਾਲ 1950 ਨੂੰ ਆਬਾਦੀ ਦੇ ਅਧਿਐਨ ਲਈ ਦੋ ਵੱਡੇ ਕਾਰਨਾਂ ਕਰਕੇ ਲਿਆ ਗਿਆ ਹੈ। ਇਹ ਉਹ ਸਮਾਂ ਸੀ ਜਦੋਂ ਨਵੇਂ ਬਣੇ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦਾ ਢਾਂਚਾ ਘੱਟ-ਗਿਣਤੀਆਂ ਦੇ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਵਿਚ ਮੁੱਖ ਧਾਰਾ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਰਾਜ ਦੀ ਜ਼ਿੰਮੇਵਾਰੀ ਨੇ ਆਕਾਰ ਲੈਣਾ ਸ਼ੁਰੂ ਕੀਤਾ ਸੀ। ਇਹ ਪੇਪਰ 1950 ਅਤੇ 2015 ਦੇ ਵਿਚਕਾਰ 65 ਸਾਲਾਂ ਤੋਂ ਵੱਧ ਸਮੇਂ ਵਿੱਚ ਇੱਕ ਦੇਸ਼ ਦੀ ਆਬਾਦੀ ਵਿੱਚ ਉਨ੍ਹਾਂ ਦੇ ਬਦਲਦੇ ਹੋਏ ਹਿੱਸੇ ਦੇ ਰੂਪ ਵਿੱਚ ਮਾਪਿਆ ਗਿਆ ਘੱਟ ਗਿਣਤੀਆਂ ਦੀ ਸਥਿਤੀ ਦਾ ਵਿਸਥਾਰਤ ਅਧਿਐਨ ਹੈ। ਅਧਿਐਨ ਕੀਤੇ ਗਏ 167 ਦੇਸ਼ਾਂ ਲਈ 1950 ਦੇ ਸਾਲ ਵਿੱਚ ਬਹੁਗਿਣਤੀ ਧਾਰਮਿਕ ਸੰਪਰਦਾਵਾਂ ਦੇ ਹਿੱਸੇ ਦਾ ਔਸਤ 75 ਫ਼ੀਸਦ ਹੈ ਜਦੋਂ ਕਿ 1950 ਅਤੇ 2015 ਦੇ ਵਿਚਕਾਰ ਬਹੁਗਿਣਤੀ ਧਾਰਮਿਕ ਸੰਪਰਦਾਵਾਂ ਵਿੱਚ ਤਬਦੀਲੀ ਦਾ ਔਸਤ 21.9 ਫ਼ੀਸਦ ਹੈ। -ਪੀਟੀਆਈ

ਸਰਕਾਰ ਫਿਰਕੂ ਵੰਡੀਆਂ ਪਾਉਣ ਦੀ ਕੋਸ਼ਿਸ਼ ’ਚ: ਵਿਰੋਧੀ ਧਿਰ

ਨਵੀਂ ਦਿੱਲੀ: ਦੇਸ਼ ’ਚ ਹਿੰਦੂਆਂ ਦੀ ਆਬਾਦੀ ਘਟਣ ਸਬੰਧੀ ਰਿਪੋਰਟ ’ਤੇ ਸਿਆਸਤ ਭਖ਼ ਗਈ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਫਿਰਕੂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਅਤੇ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਜਨਗਣਨਾ ਨਾ ਕਰਾਉਣ ਲਈ ਕੇਂਦਰ ਸਰਕਾਰ ਦੀ ਲਾਹ-ਪਾਹ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦਾ ਪੇਪਰ ਵੋਟਾਂ ਲੈਣ ਲਈ ਵੰਡੀਆਂ ਪਾਉਣ ਦੀ ਕੋਸ਼ਿਸ਼ ਹੈ। ਤੇਜਵਸੀ ਨੇ ਕਿਹਾ ਕਿ ਭਾਜਪਾ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ’ਚ ਹੈ। ਉਨ੍ਹਾਂ ਕਿਹਾ,‘‘ਜਨਗਣਨਾ 2020-21 ’ਚ ਹੋਣੀ ਸੀ ਪਰ ਹੁਣ ਤੱਕ ਨਹੀਂ ਹੋਈ ਹੈ। ਉਨ੍ਹਾਂ (ਭਾਜਪਾ) ਦਾ ਇਰਾਦਾ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਅਤੇ ਨਫ਼ਰਤ ਫੈਲਾਉਣਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਏਜੰਡਾ ਹੈ। ਉਨ੍ਹਾਂ ਲੋਕਾਂ ਨੂੰ 10 ਸਾਲਾਂ ਤੱਕ ਮੂਰਖ ਬਣਾਇਆ ਅਤੇ ਉਹ ਦੁਬਾਰਾ ਇੰਜ ਕਰਨਾ ਚਾਹੁੰਦੇ ਹਨ।’’ ਰਾਜਾ ਨੇ ਰਿਪੋਰਟ ਦੇ ਸਮੇਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਦੇਸ਼ ’ਚ ਵੋਟਾਂ ਪੈ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਨੇ ਇਹ ਰਿਪੋਰਟ ਰਿਲੀਜ਼ ਕਿਉਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਧਿਐਨ 1950 ਤੋਂ 2015 ਵਿਚਕਾਰ ਦਾ ਹੈ ਅਤੇ ਮੋਦੀ 2014 ’ਚ ਸੱਤਾ ’ਚ ਆਏ ਹਨ। ਇਸ ਸਰਕਾਰ ਨੇ ਤਾਂ ਜਨਗਣਨਾ ਹੀ ਨਹੀਂ ਕਰਵਾਈ ਹੈ ਅਤੇ ਨਾ ਹੀ ਕੋਵਿਡ ਦੌਰਾਨ ਮਾਰੇ ਗਏ ਲੋਕਾਂ ਸਬੰਧੀ ਕੋਈ ਅੰਕੜਾ ਜਾਰੀ ਕੀਤਾ ਹੈ। ਉਨ੍ਹਾਂ ਪਰਵਾਸੀ ਮਜ਼ਦੂਰਾਂ ਜਾਂ ਗਰੀਬੀ ਦਾ ਵੀ ਕੋਈ ਅੰਕੜਾ ਨਹੀਂ ਦਿੱਤਾ ਹੈ ਪਰ ਧਰਮ ਦੇ ਆਧਾਰ ’ਤੇ ਅੰਕੜੇ ਕਿਵੇਂ ਇਕੱਤਰ ਕਰ ਲਏ ਗਏ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਰਿਪੋਰਟ ਰਾਹੀਂ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਕਿ ਉਸ ਦੀ ਤੁਸ਼ਟੀਕਰਨ ਦੀ ਸਿਆਸਤ ਕਾਰਨ ਦੇਸ਼ ’ਚ ਹਿੰਦੂਆਂ ਦੀ ਆਬਾਦੀ ਘਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ‘ਧਰਮਸ਼ਾਲਾ’ ਬਣਾ ਦਿੱਤਾ ਸੀ ਅਤੇ ਇਹ ਸਨਾਤਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਿਛਲੇ ਦਰਵਾਜ਼ਿਉਂ ਘੱਟ ਗਿਣਤੀਆਂ ਨੂੰ ਰਾਖਵਾਂਕਰਨ ਦੇ ਰਹੀ ਹੈ। -ਪੀਟੀਆਈ

Advertisement

Advertisement
Advertisement