ਮੁਸਲਿਮ ਭਾਈਚਾਰੇ ਨੇ ਧੂਮਧਾਮ ਨਾਲ ਮਨਾਈ ਈਦ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਜੂਨ
ਚੰਡੀਗੜ੍ਹ ਵਿੱਚ ਅੱਜ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਸੈਕਟਰ 20 ਸਥਿਤ ਜਾਮਾ ਮਸਜਿਦ ਅਤੇ ਸੈਕਟਰ 26 ਸਥਿਤ ਨੂਰਾਨੀ ਮਸਜਿਦ ਸਹਿਤ ਚੰਡੀਗੜ੍ਹ ਦੀਆਂ ਵੱਖ-ਵੱਖ ਮਸਜਿਦਾਂ ਵਿੱਚ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ ਗਈ।
ਨਮਾਜ਼ ਅਤਾ ਕਰਨ ਤੋਂ ਪਹਿਲਾਂ ਜਾਮਾ ਮਸਜਿਦ ਦੇ ਇਮਾਮ ਮੌਲਾਨਾ ਅਜਮਲ ਖਾਨ, ਨੂਰਾਨੀ ਮਸਜਿਦ ਦੇ ਇਮਾਮ ਮੁਫਤੀ ਮੁਹੰਮਦ ਅਨਸ ਕਾਸਮੀ ਨੇ ਹਾਜ਼ਰ ਲੋਕਾਂ ਨੂੰ ਈਦ ਉਲ ਜ਼ੁਹਾ ਦੀ ਮਹੱਤਤਾ ਬਾਰੇ ਦੱਸਿਆ। ਮੁਫਤੀ ਮੁਹੰਮਦ ਅਨਸ ਕਾਸਮੀ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੇਸ਼ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਲਈ ਦੁਆਵਾਂ ਮੰਗੀਆਂ ਗਈਆਂ ਹਨ, ਅਜਿਹੀਆਂ ਦੁਆਵਾਂ ਹਰ ਰੋਜ਼ ਮੰਗੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਿਆਰ ਦੇ ਗੀਤ ਹਮੇਸ਼ਾ ਗੂੰਜਦੇ ਰਹਿਣੇ ਚਾਹੀਦੇ ਹਨ।
ਜਾਮਾ ਮਸਜਿਦ ਦੇ ਇਮਾਮ ਅਤੇ ਖਤੀਬ ਮੌਲਾਨਾ ਅਜਮਲ ਖਾਨ ਨੇ ਕਿਹਾ ਕਿ ਇਹ ਤਿਉਹਾਰ ਕੁਰਬਾਨੀ ਅਤੇ ਸਮਰਪਣ ਦਾ ਤਿਉਹਾਰ ਹੈ। ਦੇਸ਼ ਅਤੇ ਮਨੁੱਖਤਾ ਲਈ ਕੁਰਬਾਨੀਆਂ ਦੇਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਜਾਮਾ ਮਸਜਿਦ ਸੈਕਟਰ 20 ਅਤੇ ਨੂਰਾਨੀ ਮਸਜਿਦ ਸੈਕਟਰ 26 ਤੋਂ ਇਲਾਵਾ ਮਨੀਮਾਜਰਾ, ਸੈਕਟਰ 29, ਸੈਕਟਰ 31, ਸੈਕਟਰ 25 ਕਬਰਿਸਤਾਨ ਅਤੇ ਈਦਗਾਹ ਸੈਕਟਰ 45 ਬੁੜੈਲ ਵਿਖੇ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ ਗਈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਐਸਏਐੱਸ ਨਗਰ (ਮੁਹਾਲੀ) ਅਤੇ ਆਸਪਾਸ ਦੇ ਪਿੰਡਾਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਈਦ ਦਾ ਤਿਉਹਾਰ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੁਹਾਲੀ ਦੇ ਸੈਕਟਰ-70 (ਮਟੌਰ) ਸਥਿਤ ਦਰਗਾਹ ‘ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਇੱਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਗੲਈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਮੂਹਿਕ ਰੂਪ ਵਿੱਚ ਨਮਾਜ਼ ਅਦਾ ਕੀਤੀ ਅਤੇ ਸਰਬੱਤ ਦਾ ਭਲਾ ਮੰਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੀ ਦਰਗਾਹ ‘ਤੇ ਨਤਮਸਤਕ ਹੋਏ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਗੁਰਜੀਤ ਖਾਨ, ਸਿਤਾਰ ਖਾਨ, ਦਿਲਬਰ ਖਾਨ, ਜਸਪਾਲ ਸਿੰਘ ਮਟੌਰ, ਮਨਦੀਪ ਮਟੌਰ ਅਤੇ ਸੁਰਿੰਦਰ ਸਿੰਘ ਵੀ ਹਾਜ਼ਰ ਸਨ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਜਾਮਾ ਮਸਜਿਦ ਵਿਖੇ ਈਦ ਉਲ ਜ਼ੁਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਰਾਵਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਮੁਸਲਿਮ ਆਗੂ ਅਲੀ ਹੁਸੈਨ ਨੇ ਦੱਸਿਆ ਕਿ ਮੌਲਵੀ ਮੁਹੰਮਦ ਅਕਬਰ ਵੱਲੋਂ ਨਮਾਜ਼ ਅਦਾ ਕਰਵਾਏ ਜਾਣ ਮਗਰੋਂ ਮੁਸਲਿਮ ਭਰਾਵਾਂ ਨੇ ਇੱਕ-ਦੂਜੇ ਨੂੰ ਬਕਰੀਦ ਦੀ ਮੁਬਾਰਬਾਦ ਦਿੱਤੀ।