ਮੁਸਲਿਮ ਭਾਈਚਾਰੇ ਨੇ ਉਤਸ਼ਾਹ ਨਾਲ ਮਨਾਈ ਈਦ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 29 ਜੂਨ
ਰਾਜਪੁਰਾ ਵਿੱਚ ਸਥਿਤ ਵੱਖ-ਵੱਖ ਮਸਜਿਦਾਂ ਵਿਚ ਮੁਸਲਮਾਨ ਭਾਈਚਾਰੇ ਦੁਆਰਾ ਈਦ-ਉਲ-ਜ਼ੂਹਾ (ਬਕਰੀਦ) ਉਤਸ਼ਾਹ ਨਾਲ ਮਨਾਈ ਗਈ। ਪੁਰਾਣੀ ਕਚਹਿਰੀ ਨੇੜੇ ਸਥਿਤ ਜਾਮਾ ਮਸਜਿਦ (ਭਠਿਆਰਾਂ) ਵਿੱਚ ਈਮਾਮ ਮੁਹੰਮਦ ਰਾਕੀਬ ਸਾਹਿਬ ਨੇ ਭਾਈਚਾਰੇ ਨੂੰ ਈਦ ਉਲ ਜ਼ੂਹਾ ਦੀ ਨਮਾਜ਼ ਅਦਾ ਕਰਵਾਈ। ਇਸ ਉਪਰੰਤ ਹਾਜ਼ਰ ਲੋਕਾਂ ਨੇ ਇਕ ਦੂਜੇ ਦੇ ਗਲ਼ ਨਾਲ ਮਿਲ ਕੇ ਖ਼ੁਸ਼ੀ ਸਾਂਝੀ ਕੀਤੀ।
ਇਸ ਮੌਕੇ ਪ੍ਰਧਾਨ ਨੂਰ ਮੁਹੰਮਦ, ਮੌਲਵੀ ਮੁਹੰਮਦ ਰਾਕੀਬ ਅਤੇ ਮੁਹੰਮਦ ਅਨਵਰ ਨੇ ਆਪਸੀ ਭਾਈਚਾਰੇ ਵਿਚ ਹਮਦਰਦੀ, ਆਪਸੀ ਸਾਂਝ ਬਣਾਈ ਰੱਖਣ ਲਈ ਦੁਆ ਕੀਤੀ। ਇਸ ਮੌਕੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ‘ਆਪ’ ਆਗੂ ਅਜੈ ਮਿੱਤਲ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਹਲਕਾ ਇੰਚਾਰਜ ਭਾਜਪਾ ਜਗਦੀਸ਼ ਕੁਮਾਰ ਜੱਗਾ, ‘ਆਪ’ ਆਗੂ ਗੁਰਪ੍ਰੀਤ ਧਮੌਲੀ ਸਮੇਤ ਰਾਜਨੀਤਿਕ ਆਗੂਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਸਵੇਰੇ ਮੁਸਲਿਮ ਭਾਈਚਾਰੇ ਨੇ ਈਦ-ਉਲ-ਜ਼ੂਹਾ ਲਹਿਰਾਗਾਗਾ ਈਦਗਾਹ ਵਿੱਚ ਮਨਾਇਆ ਗਿਆ। ਈਦ ਦੀ ਨਵਾਜ਼ ਮੌਲਵੀ ਅੱਜਰੂਦੀਨ ਨੇ ਅਦਾ ਕਰਵਾਈ। ਨਵਾਜ਼ ਵਿੱਚ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਨਵਾਜ਼ ਪੜ੍ਹੀ। ਮੌਲਵੀ ਸਾਹਿਬ ਨੇ ਨਵਾਜ਼ ਤੋਂ ਬਾਅਦ ਸਾਰੀ ਦੁਨੀਆਂ ਵਿੱਚ ਅਮਨ ਸ਼ਾਂਤੀ, ਆਪਸੀ ਭਾਈਚਾਰਕ ਅਤੇ ਤੰਦਰੁਸਤੀ ਦੀ ਦੁਆ ਕੀਤੀ। ਇਸ ਮੌਕੇ ਪ੍ਰਧਾਨ ਬੀਰਬਲ ਖਾਂ, ਗੁਲਾਬਸ਼ਾਹ, ਬਾਰੂ ਖਾਂ, ਨੇਕ ਖਾਂ, ਐਡਵੋਕੇਟ ਕਰਮਦੀਨ ਖਾਂ ਨਿਰਮਲ ਖਾਂ, ਕਰਮਦੀਨ ਖਾਂ ਆਦਿ ਹਾਜ਼ਰ ਹੋਏ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਈਦ ਉਲ ਜ਼ੂਹਾ ਦੇ ਪਵਿੱਤਰ ਦਿਹਾੜੇ ਮੌਕੇ ਇੱਥੇ ਸ਼ਹਿਰ ਅਤੇ ਇਲਾਕੇ ਦੇ ਕਈ ਪਿੰਡਾਂ ਦੀਆਂ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਪੜ੍ਹ ਕੇ ਖੁਸ਼ੀਆਂ ਮਨਾਈਆਂ। ਇੱਥੋਂ ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿੱਚ ਅਮਾਮ ਸਾਬ, ਗਫੂਰ ਖਾਨ, ਰੰਗੀ ਖਾਨ, ਸੂਲੇਮਾਨ ਖਾਨ, ਦਿਲਾਬਾਰ ਖਾਨ, ਰੁਸਤਮ ਖਾਨ ਅਤੇ ਸਾਬਰ ਖਾਨ ਸਣੇ ਸਮੂਹ ਭਾਈਚਾਰੇ ਵੱਲੋਂ ਨਮਾਜ਼ ਪੜ੍ਹਨ ਉਪਰੰਤ ਇਕ ਦੂਜੇ ਨੂੰ ਈਦ ਮੁਬਾਰਕ ਕਿਹਾ।