ਮੁਸਲਿਮ ਭਾਈਚਾਰੇ ਨੇ ਵੱਖ-ਵੱਖ ਥਾਈਂ ਸ਼ਰਧਾ ਨਾਲ ਮਨਾਈ ਈਦ-ਉਲ-ਜ਼ੁਹਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 17 ਜੂਨ
ਇੱਥੋਂ ਦੀ ਪੁਰਾਣੀ ਕਚਹਿਰੀ ਨੇੜਲੀ ਜਾਮਾ ਮਸਜਿਦ (ਭਠਿਆਰਾ) ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂਰ ਮੁਹੰਮਦ ਦੀ ਦੇਖ-ਰੇਖ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਇਮਾਮ ਮੁਹੰਮਦ ਮੁਸਤਬਾ ਨੇ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕਰਵਾਈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ-ਦੂਜੇ ਦੇ ਗਲ ਮਿਲ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਮੌਲਵੀ ਮੁਹੰਮਦ ਮੁਸਤਬਾ ਅਤੇ ਮੁਹੰਮਦ ਅਨਵਰ ਨੇ ਕਿਹਾ ਕਿ ਈਦ-ਉਲ-ਜ਼ੁਹਾ (ਬਕਰੀਦ) ਕੁਰਬਾਨੀ ਦਾ ਤਿਉਹਾਰ ਹੈ। ਇਸ ਦਿਨ ਆਪਸੀ ਭਾਈਚਾਰੇ ਵਿਚ ਹਮਦਰਦੀ, ਆਪਸੀ ਸਾਂਝ ਬਣਾਈ ਰੱਖਣ ਲਈ ਦੁਆ ਕੀਤੀ ਜਾਂਦੀ ਹੈ। ਇਸ ਮੌਕੇ ਮਿਰਜ਼ਾ ਮੁਹੰਮਦ ਨਸੀਮ, ਮੁਹੰਮਦ ਅਨਵਰ, ਮੁਹੰਮਦ ਅਮਾਨ, ਮੁਹੰਮਦ ਸ਼ਾਦਾਬ, ਇਕਰਾਮ ਖ਼ਾਨ, ਅਲੀ, ਡਾਕਟਰ ਬਹਾਦਰ ਖ਼ਾਨ ਸਮੇਤ ਵੱਡੀ ਗਿਣਤੀ ’ਚ ਸਮੂਹ ਭਾਈਚਾਰੇ ਨੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਹਲਕਾ ਵਿਧਾਇਕਾ ਨੀਨਾ ਮਿੱਤਲ, ‘ਆਪ’ ਆਗੂ ਅਜੈ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਘਨੌਰ ਗੁਰਲਾਲ ਘਨੌਰ, ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ, ਅਕਾਲੀ ਆਗੂ ਰਣਜੀਤ ਸਿੰਘ, ਸ਼ਹਿਰੀ ਪ੍ਰਧਾਨ ਅਰਵਿੰਦਰਪਾਲ ਸਿੰਘ ਰਾਜੂ, ਗਗਨਦੀਪ ਤੇ ਹੋਰਨਾਂ ਨੇ ਈਦ ਦੀ ਵਧਾਈ ਦਿੱਤੀ।
ਅਮਰਗੜ੍ਹ (ਰਾਜਿੰਦਰ ਜੈਦਕਾ: ਇਥੇ ਈਦ-ਉੱਲ-ਜ਼ੁਹਾ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਚੌਂਦਾ ਰੋਡ ਈਦਗਾਹ ਵਿੱਚ ਨਮਾਜ਼ ਮੁਫ਼ਤੀ ਅਫ਼ਰੋਜ਼ ਆਲਮ ਨੇ ਅਦਾ ਕਰਵਾਈ। ਇਸ ਮੌਕੇ ਮੁਸਲਮ ਭਾਈਚਾਰੇ ਨੂੰ ਈਦ-ਉਲ-ਜ਼ੁਹਾ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਾਂ ਦੇਣ ਲਈ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਾਰ ਦੇ ਭਰਾ ਕੁਲਵੰਤ ਸਿੰਘ, ਸੀਨੀਅਰ ਆਗੂ ਸਰਬਜੀਤ ਸਿੰਘ ਆਦਿ ਪਹੁੰਚੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਇਮਾਮ ਮੁਹੰਮਦ ਖਖੀਲ ਵਲੋਂ ਈਦ ਉਲ਼ ਜ਼ੁਹਾ ਦੀ ਵਿਸ਼ੇਸ਼ ਨਮਾਜ਼ ਅਦਾ ਕਰਵਾਈ। ਇਹ ਤਿਉਹਾਰ ਰਮਜ਼ਾਨ ਦੇ ਅੰਤ ਤੋਂ 70 ਦਿਨਾਂ ਬਾਅਦ ਆਉਂਦਾ ਹੈ। ਇਸ ਦਿਨ ਇਸਲਾਮ ਧਰਮ ਦੇ ਲੋਕ ਮਸਜਿਦ ਵਿਚ ਨਮਾਜ਼ ਅਦਾ ਕਰਦੇ ਹਨ। ਇਸ ਨੂੰ ਅੱਲ੍ਹਾ ਦੇ ਮਾਰਗ ਵਿੱਚ ਇੱਕ ਮਹਾਨ ਇਬਾਦਤ ਮੰਨਿਆ ਜਾਂਦਾ ਹੈ। ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਈਦਗਾਹ ਪਹੁੰਚੇ।