ਜਨਮ ਅਸ਼ਟਮੀ ਦਾ ਪ੍ਰੋਗਰਾਮ ਦੇਖਣ ਜਾ ਰਹੇ ਨੌਜਵਾਨ ਦਾ ਕਤਲ
ਗਗਨਦੀਪ ਅਰੋੜਾ
ਲੁਧਿਆਣਾ, 8 ਸਤੰਬਰ
ਡਾਬਾ ਦੇ ਨਿਊ ਆਜ਼ਾਦ ਨਗਰ ਇਲਾਕੇ ’ਚ ਦੇਰ ਰਾਤ ਜਨਮ ਅਸ਼ਟਮੀ ਦਾ ਪ੍ਰੋਗਰਾਮ ਦੇਖਣ ਜਾਂਦੇ ਸਮੇਂ ਰਸਤੇ ’ਚ ਹੋਈ ਬਹਿਸ ਤੋਂ ਬਾਅਦ 2 ਨੌਜਵਾਨਾਂ ਨੇ ਢੰਡਾਰੀ ਇਲਾਕੇ ਦੇ ਰਹਿਣ ਵਾਲੇ ਅਨੁਰਾਗ ਪਾਂਡੇ (24) ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਅਨੁਰਾਗ ਨੂੰ ਜ਼ਖਮੀ ਕਰਕੇ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਇਲਾਕੇ ਦੇ ਲੋਕਾਂ ਨੇ ਅਨੁਰਾਗ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਡਾਬਾ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲੀਸ ਨੇ ਇਸ ਮਾਮਲੇ ’ਚ ਮ੍ਰਿਤਕ ਅਨੁਰਾਗ ਦੇ ਚਾਚਾ ਜੈਪਾਲ ਪਾਂਡੇ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪਰਿਵਾਰ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੇ ਆਉਣ ਮਗਰੋਂ ਲਾਸ਼ ਪੋਸਟਮਾਰਟਮ ਹੋਵੇਗਾ।
ਅਨੁਰਾਗ ਉਤਰ ਪ੍ਰਦੇਸ਼ ਦੇ ਬਲਰਾਮਪੁਰ ਦਾ ਵਾਸੀ ਹੈ। ਉਹ ਕਰੀਬ ਚਾਰ ਮਹੀਨੇ ਪਹਿਲਾਂ ਹੀ ਲੁਧਿਆਣਾ ਆਇਆ। ਉਹ ਢੰਡਾਰੀ ਕਲਾਂ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਜਨਮ ਅਸ਼ਟਮੀ ਦਾ ਤਿਉਹਾਰ ਹੋਣ ਕਾਰਨ ਵੀਰਵਾਰ ਦੀ ਦੇਰ ਰਾਤ ਨੂੰ ਢਾਬਾ ਰੋਡ ਇਲਾਕੇ ’ਚ ਉਹ ਚਲੇ ਗਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਅਨੁਸਾਰ ਉਹ ਨਸ਼ੇ ਦੀ ਹਾਲਤ ’ਚ ਸੀ। ਇਸ ਦੌਰਾਨ ਜਨਮ ਅਸਟਮੀ ਸਮਾਗਮ ’ਚ ਕੁਝ ਹੀ ਦੂਰੀ ’ਤੇ 2 ਨੌਜਵਾਨ ਉਸ ਦੇ ਨਾਲ ਕੁੱਟਮਾਰ ਕਰ ਰਹੇ ਸਨ। ਇਲਾਕੇ ਦੀ ਰਹਿਣ ਵਾਲੀ ਔਰਤ ਨੇ ਨੌਜਵਾਨਾਂ ਤੋਂ ਉਸ ਨੂੰ ਕੁੱਟਣ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਨੇ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ ’ਚ ਹੈ ਅਤੇ ਲੜਕੀ ਨੂੰ ਛੇੜ ਕੇ ਆਇਆ ਹੈ। ਔਰਤ ਨੇ ਨੌਜਵਾਨਾਂ ਨੂੰ ਹਟਾਇਆ। ਜਾਂਦੇ ਹੋਏ ਵੀ ਉਹ ਉਸਦੇ ਸਿਰ ’ਤੇ ਡਾਂਗ ਮਾਰ ਕੇ ਫ਼ਰਾਰ ਹੋ ਗਏ। ਮਗਰੋਂ ਜ਼ਖਮੀ ਪਏ ਅਨੁਰਾਗ ਨੂੰ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ’ਚ ਵੀ ਉਸ ਨੇ ਟੀਕਾ ਲਵਾਉਣ ਸਮੇਂ ਕਾਫ਼ੀ ਹੰਗਾਮਾ ਕੀਤਾ। ਕਿਸੇ ਤਰ੍ਹਾਂ ਡਾਕਟਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਥਾਣਾ ਡਾਬਾ ਦੇ ਐੱਸਐੱਚਓ ਸਬ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਸਨ, ਉਹ ਕੈਮਰੇ ਬੰਦ ਪਏ ਹਨ। ਇਸ ਕਾਰਨ ਨੌਜਵਾਨਾਂ ਦਾ ਕੁਝ ਪਤਾ ਨਹੀਂ ਲੱਗਿਆ। ਜਾਂਚ ਜਾਰੀ ਹੈ ਤੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਘਰ ਵਿੱਚ ਇਕੱਲੀ ਰਹਿੰਦੀ ਔਰਤ ਦਾ ਕਤਲ
ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੋਂ ਦੇ ਇਟਲੀ ਵਿੱਚ ਰਹਿ ਰਹੇ ਵਿਅਕਤੀ ਦੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ ਘਰ ਦੀ ਬੇਸਮੈਂਟ ਵਿੱਚ ਖੂਨ ਨਾਲ ਲੱਥਪਥ ਮਿਲੀ। ਪਾਇਲ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਰਣਜੀਤ ਕੌਰ (43) ਪਤਨੀ ਸੁਖਵਿੰਦਰ ਸਿੰਘ ਜੋ ਮਕਸੂਦੜਾ ਚੌਕ ਨੇੜੇ ਮੀਟ ਮਾਰਕੀਟ ਵਿੱਚ ਆਪਣੇ ਰਿਹਾਇਸ਼ੀ ਮਕਾਨ ਵਿੱਚ ਰਹਿੰਦੀ ਸੀ ਅਤੇ ਘਰ ਦੇ ਹੇਠਾਂ ਦੁਕਾਨਾਂ ਬਣੀਆਂ ਹੋਈਆਂ ਹਨ। ਉਸ ਦਾ ਪਤੀ ਇਟਲੀ, ਦੋਨੋਂ ਪੁੱਤਰ ਕੈਨੇਡਾ ਤੇ ਦੂਜਾ ਪੁਰਤਗਾਲ ਰਹਿੰਦਾ ਹੈ। ਮ੍ਰਿਤਕ ਰਣਜੀਤ ਕੌਰ ਦੇ ਫੋਨ ਬੰਦ ਆਉਣ ਕਾਰਨ ਉਸ ਦੇ ਵਿਦੇਸ਼ ਰਹਿੰਦੇ ਪੁੱਤਰ ਨੇ ਆਪਣੇ ਕਿਸੇ ਦੋਸਤ ਨੂੰ ਘਰ ਭੇਜਿਆ ਤਾਂ ਰਣਜੀਤ ਕੌਰ ਦੀ ਖੂਨ ਨਾਲ ਲੱਥਪਥ ਲਾਸ਼ ਘਰ ਦੀ ਬੇਸਮੈਂਟ ਵਿੱਚ ਪਈ ਮਿਲੀ। ਮਗਰੋਂ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ। ਦੇਰ ਰਾਤ ਮ੍ਰਿਤਕਾ ਦਾ ਸਸਕਾਰ ਕੀਤਾ ਗਿਆ। ਇਥੇ ਇਹ ਵੀ ਪਤਾ ਲੱਗਿਆ ਹੈ ਕਿ ਵਾਰਦਾਤ ਤੋਂ ਬਾਅਦ ਕਾਤਲ ਨੇ ਵਿਦੇਸ਼ ‘ਚ ਬੈਠੇ ਔਰਤ ਦੇ ਪਤੀ ਅਤੇ ਪੁੱਤਰ ਨੂੰ ਫੋਨ ’ਤੇ ਧਮਕੀਆਂ ਵੀ ਦਿੱਤੀਆਂ। ਇੰਨਾ ਹੀ ਨਹੀਂ ਘਰ ਦੀ ਕੰਧ ‘ਤੇ ਮ੍ਰਿਤਕਾ ਦੇ ਜੇਠ ਦਾ ਨਾਂ ਲਿਖ ਕੇ ਹੇਠਾਂ ਲਿਖਿਆ ਗਿਆ ਕਿ ਕਤਲ ਕਰ ਦਿੱਤਾ ਹੈ, ਜੋ ਕਿਸੇ ਕੇਸ ਵਿੱਚ ਲੁਧਿਆਣਾ ਦੀ ਜੇਲ੍ਹ ਵਿੱਚ ਬੰਦ ਹੈ। ਥਾਣਾ ਪਾਇਲ ਦੇ ਐੱਸਐੱਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਲੁੱਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਪੁਲੀਸ ਜਾਂਚ ਕਰ ਰਹੀ ਹੈ, ਫੌਰੈਂਸਿਕ ਟੀਮ ਵੀ ਜਾਂਚ ਵਿੱਚ ਜੁਟੀ ਹੋਈ ਹੈ।