For the best experience, open
https://m.punjabitribuneonline.com
on your mobile browser.
Advertisement

ਮੋਢੇ ਨਾਲ ਮੋਢਾ ਖਹਿਣ ’ਤੇ ਨੌਜਵਾਨ ਦਾ ਕਤਲ

07:58 AM Apr 16, 2024 IST
ਮੋਢੇ ਨਾਲ ਮੋਢਾ ਖਹਿਣ ’ਤੇ ਨੌਜਵਾਨ ਦਾ ਕਤਲ
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰਾਜੂ (ਇਨਸੈੱਟ) ਦੇ ਪਰਿਵਾਰਕ ਮੈਂਬਰ।
Advertisement

ਕੇ.ਪੀ ਸਿੰਘ
ਗੁਰਦਾਸਪੁਰ,15 ਅਪਰੈਲ
ਜ਼ਿਲ੍ਹੇ ਦੇ ਇਤਿਹਾਸਕ ਪੰਡੋਰੀ ਧਾਮ ਵਿੱਚ ਵਿਸਾਖੀ ਮੇਲੇ ਦੌਰਾਨ ਮੋਢੇ ਨਾਲ ਮੋਢਾ ਖਹਿਣ ਮਗਰੋਂ ਇੱਕ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਰਾਜੂ (30) ਪੁੱਤਰ ਭੀਮ ਨਰਾਇਣ ਮੂਲ ਰੂਪ ਮਥੁਰਾ ਦੇ ਪਿੰਡ ਧਰੋਲੀ ਦਾ ਰਹਿਣ ਵਾਲਾ ਸੀ ਅਤੇ ਨਗਰ ਕੌਂਸਲ, ਗੁਰਦਾਸਪੁਰ ਵਿੱਚ ਠੇਕੇ ’ਤੇ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ। ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਭਰਾ ਅਤੇ ਚਚੇਰੇ ਭਰਾਵਾਂ ਦੇ ਪਰਿਵਾਰਾਂ ਨਾਲ ਐਤਵਾਰ ਨੂੰ ਪੰਡੋਰੀ ਧਾਮ ਵਿੱਚ ਚੱਲ ਰਿਹਾ ਤਿੰਨ ਰੋਜ਼ਾ ਮੇਲਾ ਵੇਖਣ ਗਏ ਸਨ। ਸ਼ਾਮ 5.30 ਵਜੇ ਦੇ ਕਰੀਬ ਮੇਲੇ ਵਿੱਚ ਉਨ੍ਹਾਂ ਨਾਲ ਮੌਜੂਦ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਨਾਲ ਮੋਢਾ ਵੱਜ ਗਿਆ। ਇਸ ਮਗਰੋਂ ਅੱਧੀ ਦਰਜਨ ਨੌਜਵਾਨਾਂ ਨੇ ਰਾਜੂ ਦੇ ਪਰਿਵਾਰ ਨਾਲ ਗਾਲ਼ੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਰਾਹੁਲ ਅਨੁਸਾਰ ਉਨ੍ਹਾਂ ਇਨ੍ਹਾਂ ਨੌਜਵਾਨਾਂ ਤੋਂ ਮੁਆਫ਼ੀ ਵੀ ਮੰਗੀ ਪਰ ਇੱਕ ਨੌਜਵਾਨ ਨੇ ਦਾਤਰ ਨਾਲ ਹਮਲਾ ਕਰ ਕੇ ਰਾਜੂ ਦਾ ਗਲ਼ਾ ਵੱਢ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਮੌਕੇ ’ਤੇ ਪੁਲੀਸ ਵੀ ਮੌਜੂਦ ਸੀ ਪਰ ਉਨ੍ਹਾਂ ਦਖ਼ਲਅੰਦਾਜ਼ੀ ਨਹੀਂ ਕੀਤੀ ਅਤੇ ਨਾ ਹੀ ਜ਼ਖ਼ਮੀ ਰਾਜੂ ਨੂੰ ਹਸਪਤਾਲ ਪਹੁੰਚਾਉਣ ਵਿੱਚ ਕੋਈ ਮਦਦ ਕੀਤੀ। ਗੰਭੀਰ ਹਾਲਤ ਵਿੱਚ ਜ਼ਖ਼ਮੀ ਰਾਜੂ ਨੂੰ ਉਹ ਆਪ ਮੋਟਰਸਾਈਕਲ ’ਤੇ ਨਿੱਜੀ ਹਸਪਤਾਲ ਲੈ ਕੇ ਗਿਆ ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿੱਚੋਂ ਉਸ ਨੂੰ ਹੋਰ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਰਾਜੂ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਰਾਜੂ ਦਾ ਪਿਤਾ ਭੀਮ ਨਰਾਇਣ ਕਈ ਸਾਲ ਪਹਿਲਾਂ ਪਰਿਵਾਰ ਸਣੇ ਗੁਰਦਾਸਪੁਰ ਦੇ ਪਿੰਡ ਰਾਮ ਨਗਰ ਵਿੱਚ ਵਸ ਗਿਆ ਸੀ। ਭੀਮ ਨਰਾਇਣ ਵੀ ਨਗਰ ਕੌਂਸਲ ਵਿੱਚ ਨੌਕਰੀ ਕਰਦਾ ਸੀ। ਉਧਰ, ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×