ਵੋਟਰਾਂ ਨੂੰ ਉਤਸ਼ਾਹਤ ਕਰ ਰਿਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਤੇ ਲੱਗਿਆ ਕੰਧ ਚਿੱਤਰ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਮਈ
ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਵੱਧ ਤੋਂ ਵੱਧ ਮਤਦਾਨ ਲਈ ਆਕਰਸ਼ਿਤ ਕਰਨ ਲਈ ਚਿੱਤਰਾਂ ਦਾ ਵੱਡਾ ਯੋਗਦਾਨ ਮੰਨਿਆ ਜਾ ਰਿਹਾ ਹੈ। ਨਾਮਧਾਰੀ ਗੁਰਪ੍ਰੀਤ ਸਿੰਘ ਵੱਲੋਂ ਤਿਆਰ ਅਜਿਹਾ ਇੱਕ ਕੰਧ-ਚਿੱਤਰਜਿੱਥੇ ਆਮ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ, ਉੱਥੇ ਇਹ ਸੈਲਫ਼ੀ ਪੁਆਇੰਟ ਵਜੋਂ ਮਸ਼ਹੂਰ ਹੁੰਦਾ ਜਾ ਰਿਹਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵਰਗਾਂ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਮਤਦਾਨ ਲਈ ਜਾਗਰੂਕ ਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਖਰਚਾ ਅਬਜ਼ਰਵਰ ਸ੍ਰੀਮਤੀ ਮੀਤੂ ਅਗਰਵਾਲ ਨੇ ਕੰਧ-ਚਿੱਤਰ ਨੂੰ ਉਂਗਲੀ ਦੇ ਨਿਸ਼ਾਨ ਉੱਪਰ ਨੀਲੀ ਸਿਆਹੀ (ਵੋਟ ਮਾਰਕ) ਦਾ ਨਿਸ਼ਾਨ ਲਗਾਇਆ। ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਚਿੱਤਰ ਵਿੱਚ ਨਵੇਂ ਪਾਰਲੀਮੈਂਟ ਭਵਨ ਅਤੇ ਪਹਿਲੇ ਪਾਰਲੀਮੈਂਟ ਭਵਨ ਦੇ ਸੁਮੇਲ ਨਾਲ ਔਰਤਾਂ ਦੇ ਅਣਗਿਣਤ ਹੱਥਾਂ ਨੂੰ ਮਜ਼ਬੂਤੀ ਨਾਲ ‘‘ਇਲੈਕਟ੍ਰਾਨਿਕ ਵੋਟਿੰਗ ਮਸ਼ੀਨ’’ ਦੇ ਬਟਨ ਦਬਾਉਂਦੇ ਹੋਏ ਦਿਖਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਬਣੇ ਕੰਧ-ਚਿੱਤਰ ‘‘ਪੰਜ-ਆਬ ਕਰੇਗਾ ਵੋਟ, ਆਈ ਗੋ ਫਾਰ ਵੋਟ, ਇੱਕ ਜੂਨ ਨੂੰ ਪੰਜਾਬ ਕਰੇਗਾ ਵੋਟ’’ ਹਰ ਰੋਜ਼ ਸੈਂਕੜਿਆਂ ਦੀ ਤਾਦਾਦ ਵਿੱਚ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਲਈ ਡੀਸੀ ਦਫ਼ਤਰ ਆਉਣ ਵਾਲੇ ਪੇਂਡੂ ਲੋਕਾਂ ਅਤੇ ਸ਼ਹਿਰੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ ਅਤੇ ਵੋਟਰ ਇਨ੍ਹਾਂ ਚਿੱਤਰਾਂ ਨਾਲ ਤਸਵੀਰਾਂ ਖਿਚਵਾ ਕੇ ਸ਼ੋਸ਼ਲ ਮੀਡੀਆ ’ਤੇ ਅਪਲੋਡ ਕਰ ਰਹੇ ਹਨ।