ਨਗਰ ਕੌਂਸਲ ਨੇ ਦੁਕਾਨਾਂ ਅੱਗਿਓ ਨਾਜਾਇਜ਼ ਕਬਜ਼ੇ ਹਟਾਏ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜੁਲਾਈ
ਨਗਰ ਕੌਂਸਲ ਅਤੇ ਟਰੈਫ਼ਿਕ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਅੱਜ ਸ਼ਹਿਰ ਦੇ ਬਾਜ਼ਾਰਾਂ ਵਿਚ ਨਿੱਤ ਦਿਨ ਹੁੰਦੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ। ਇਸ ਦੇ ਤਹਿਤ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਅੱਗੇ ਨਾਜਾਇਜ਼ ਤੌਰ ’ਤੇ ਰੱਖੇ ਸਾਮਾਨ ਨੂੰ ਜ਼ਬਤ ਕੀਤਾ ਗਿਆ। ਇਹ ਮੁਹਿੰਮ ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਸੁਨਾਮੀ ਗੇਟ ਬਾਜ਼ਾਰ, ਵੱਡਾ ਚੌਕ, ਸਦਰ ਬਾਜ਼ਾਰ, ਧੂਰੀ ਗੇਟ ਬਾਜ਼ਾਰ ਤੋਂ ਲਾਲ ਬੱਤੀ ਚੌਕ ਤੱਕ ਚਲਾਈ ਗਈ। ਨਗਰ ਕੌਂਸਲ ਅਤੇ ਟਰੈਫ਼ਿਕ ਪੁਲੀਸ ਦੀਆਂ ਟੀਮਾਂ ਨੇ ਅੱਜ ਸਖ਼ਤੀ ਵਰਤਦਿਆਂ ਦੁਕਾਨਾਂ ਅੱਗੇ ਪਿਆ ਸਾਮਾਨ ਚੁੱਕ ਕੇ ਟਰਾਲੀਆਂ ਵਿਚ ਸੁੱਟ ਲਿਆ। ਇਸ ਮੁਹਿੰਮ ਦੀ ਅਗਵਾਈ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਸਵੀਰ ਸਿੰਘ ਅਤੇ ਸਿਟੀ ਟਰੈਫ਼ਿਕ ਇੰਚਾਰਜ ਸਬ-ਇੰਸਪੈਕਟਰ ਜਸਵਿੰਦਰ ਸਿੰਘ ਕਰ ਰਹੇ ਸਨ। ਦੁਕਾਨਾਂ ਅੱਗੇ ਜਿਥੇ ਕਿਤੇ ਵੀ ਬੋਰਡ ਜਾਂ ਕੋਈ ਹੋਰ ਸਾਮਾਨ ਸੜਕ ਉਪਰ ਨਾਜਾਇਜ਼ ਪਿਆ ਨਜ਼ਰ ਆਇਆ, ਉਸ ਨੂੰ ਕੌਂਸਲ ਕਰਮਚਾਰੀਆਂ ਨੇ ਤੁਰੰਤ ਚੁੱਕ ਕੇ ਟਰਾਲੀਆਂ ਵਿਚ ਸੁੱਟ ਲਿਆ। ਇਸ ਮੁਹਿੰਮ ਤਹਿਤ ਨਗਰ ਕੌਂਸਲ ਦੀਆਂ ਟਰਾਲੀਆਂ ਇਸ਼ਤਿਹਾਰੀ ਬੋਰਡਾਂ ਅਤੇ ਹੋਰ ਸਾਮਾਨ ਨਾਲ ਭਰ ਗਈਆਂ। ਇਸ ਦੌਰਾਨ ਕਈ ਦੁਕਾਨਦਾਰਾਂ ਨੇ ਆਪਣਾ ਸਾਮਾਨ ਬਚਾਉਣ ਲਈ ਯਤਨ ਵੀ ਕੀਤੇ ਅਤੇ ਅਧਿਕਾਰੀਆਂ ਅੱਗੇ ਤਰਲੇ ਵੀ ਕੀਤੇ ਪਰ ਸਾਮਾਨ ਜ਼ਬਤ ਕਰਨ ਦੀ ਮੁਹਿੰਮ ਜਾਰੀ ਰਹੀ।