ਨਗਰ ਨਿਗਮ ਨੇ ਬੇਸਹਾਰਾ ਪਸ਼ੂ ਫੜਨ ਦੀ ਮੁਹਿੰਮ ਆਰੰਭੀ
ਪੱਤਰ ਪ੍ਰੇਰਕ
ਯਮੁਨਾਨਗਰ, 29 ਫਰਵਰੀ
ਨਗਰ ਨਿਗਮ ਨੇ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭੀ ਹੈ। ਇਸ ਤਹਿਤ ਅੱਜ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੇ ਨਿਰਦੇਸ਼ਾਂ ’ਤੇ ਸੀਐੱਸਆਈ ਸੁਨੀਲ ਦੱਤ ਦੀ ਟੀਮ ਨੇ ਵਾਰਡ-15 ਦੇ ਉਦਯੋਗਿਕ ਖੇਤਰ ਵਿੱਚ ਖੁੱਲ੍ਹੇਆਮ ਘੁੰਮਦੇ ਸੱਤ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਛੱਡਿਆ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਮ ਦੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸ਼ਹਿਰ ਆਵਾਰਾ ਪਸ਼ੂਆਂ ਤੋਂ ਮੁਕਤ ਨਹੀਂ ਹੋ ਜਾਂਦਾ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਜ਼ੋਨ-1 ਵਿੱਚ ਸੀਐੱਸਆਈ ਹਰਜੀਤ ਸਿੰਘ ਅਤੇ ਜ਼ੋਨ 2 ਵਿੱਚ ਸੀਐਸਆਈ ਸੁਨੀਲ ਦੱਤ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਨੇ ਪਸ਼ੂਆਂ ਨੂੰ ਫੜ ਕੇ ਸ੍ਰੀ ਗਊਸ਼ਾਲਾ ਕਮੇਟੀ, ਮਟਕਾ ਚੌਕ, ਜਗਾਧਰੀ ਸਣੇ ਹੋਰ ਗਊਆਂ ਦੇ ਆਸ਼ਰਮਾਂ ਵਿੱਚ ਲਿਜਾਇਆ ਗਿਆ। ਸੀਐੱਸਆਈ ਸੁਨੀਲ ਦੱਤ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਜਲਦੀ ਹੀ ਸ਼ਹਿਰ ਵਿੱਚ ਘੁੰਮਦੇ ਸਾਰੇ ਆਵਾਰਾ ਪਸ਼ੂਆਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੋਈ ਵੀ ਨਾਗਰਿਕ ਗਊਆਂ ਨੂੰ ਖੁੱਲ੍ਹੇ ਵਿੱਚ ਨਾ ਛੱਡਣ, ਜੇਕਰ ਕੋਈ ਪਸ਼ੂ ਖੁੱਲ੍ਹੇ ਵਿੱਚ ਛੱਡਦਾ ਹੈ ਤਾਂ ਉਸ ਨੂੰ 5100 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਸ਼ਹਿਰੀ ਖੇਤਰ ਵਿੱਚ ਕਿਤੇ ਵੀ ਕੋਈ ਬੇਸਹਾਰਾ ਪਸ਼ੂ ਦੇਖਦੇ ਹਨ ਤਾਂ ਉਸ ਦੀ ਫੋਟੋ ਖਿੱਚ ਕੇ ਨਿਗਮ ਦੇ ਵਟਸਐਪ ਨੰਬਰ 70824-10524 ’ਤੇ ਪਤਾ ਜਾਂ ਸਥਾਨ ਸਣੇ ਭੇਜਣ ਤਾਂ ਕਿ ਨਿਗਮ ਦੀ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਜਾਵੇ।