ਸੰਸਦ ਮੈਂਬਰ ਨੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ
ਰਾਜਿੰਦਰ ਜੈਦਕਾ
ਅਮਰਗੜ੍ਹ, 21 ਅਕਤੂਬਰ
ਦਾਣਾ ਮੰਡੀ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਸਾਨਾਂ, ਆੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਬੋਲੀ ਨਹੀਂ ਹੋਈ। ਚੁਕਾਈ ਨਾ ਹੋਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਟੀਨਾ ਨੇ ਦੱਸਿਆ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ਨੂੰ ਆਪਣੇ ਪੈਸੇ ਖ਼ਰਚ ਕਰ ਕੇ ਬੋਰੀਆਂ ਦੀਆਂ ਧਾਕਾਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਡੀ ਵਿੱਚ ਝੋਨਾ ਰੱਖਣ ਲਈ ਜਗ੍ਹਾ ਨਹੀਂ ਬਚੀ।
ਸੰਸਦ ਮੈਂਬਰ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਤੇ ਚੁਕਾਈ ਕੇਂਦਰ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਪਹਿਲਾਂ ਹੀ ਪੰਜਾਬ ਦੀ ਕਿਸਾਨੀ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਸ਼ੈੱਲਰ ਮਾਲਕਾਂ ਨੇ ਕਿਹਾ ਕਿ ਅਜੇ ਤੱਕ ਪਿਛਲੇ ਸਾਲ ਦਾ ਚੌਲ ਹੀ ਨਹੀਂ ਚੁੱਕਿਆ ਗਿਆ। ਇਸ ਮੌਕੇ ਐੱਮਡੀ ਸਵਰਨਜੀਤ ਸਿੰਘ, ਆੜ੍ਹਤੀ ਭੁਪਿੰਦਰ ਸਿੰਘ ਲਾਂਗੜੀਆਂ, ਦਵਰਕਾ ਦਾਸ ਭੋਲਾ, ਮਹਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ, ਚੀਨੂੰ ਕੋਸ਼ਲ, ਹਰਫੂਲ ਸਿੰਘ ਨਿਆਮਤਪੁਰ, ਹਰਸੰਗਤ ਸਿੰਘ, ਦਰਸ਼ਨ ਕੁਮਾਰ ਦਰਸ਼ੀ, ਤੀਰਥ ਸਿੰਘ, ਐਮਸੀ ਸ਼ੇਰ ਸਿੰਘ ਆਦਿ ਹਾਜ਼ਰ ਸਨ।