For the best experience, open
https://m.punjabitribuneonline.com
on your mobile browser.
Advertisement

ਤਿੰਨ ਏਕੜਾਂ ਦੇ ਇਕ ਕਿਆਰੇ ’ਤੇ ਚੱਲਦੀ ਹੈ ਬਿਨਾਂ ਰੁਕੇ ਮੋਟਰ

08:37 AM Jun 24, 2024 IST
ਤਿੰਨ ਏਕੜਾਂ ਦੇ ਇਕ ਕਿਆਰੇ ’ਤੇ ਚੱਲਦੀ ਹੈ ਬਿਨਾਂ ਰੁਕੇ ਮੋਟਰ
ਪਿੰਡ ਰੌਂਗਲਾ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਚੱਲ ਰਹੀ ਮੋਟਰ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜੂਨ
ਪੰਜਾਬ ਦੇ ਕਿਸਾਨਾਂ ਨੂੰ ਮੁਫਤ ਮਿਲਦੀ ਬਿਜਲੀ ਦੀ ਮੰਗ 16000 ਮੈਗਾਵਾਟ ਟੱਪ ਗਈ ਹੈ ਪਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਪਾਣੀ ਦੀ ਦੁਰਵਰਤੋਂ ਦਾ ਇਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਹੁਣ ਪੰਜਾਬ ਦੇ ਕਿਸਾਨ ਨੱਕੇ ਤੋੜਨ ਦੀ ਥਾਂ ਦੋ ਤੋਂ ਲੈ ਕੇ ਚਾਰ ਏਕੜ ਦਾ ਇਕ ਹੀ ਕਿਆਰਾ ਬਣਾ ਕੇ ਮੋਟਰ ਚਲਾ ਕੇ ਪਾਣੀ ਖੁੱਲ੍ਹਾ ਛੱਡ ਦਿੰਦੇ ਹਨ। ਖੇਤਾਂ ਨੂੰ ਪਾਣੀ ਦੀ ਅਜੇ ਲੋੜ ਨਾ ਹੋਣ ਦੇ ਬਾਵਜੂਦ 8 ਘੰਟੇ ਮੋਟਰ ਚੱਲਦੀ ਰਹਿੰਦੀ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕੀਤੇ ਸਰਵੇ ਅਨੁਸਾਰ ਸਾਹਮਣੇ ਆਇਆ ਕਿ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਗੰਨਾ ਜ਼ਿਆਦਾ ਹੋਣ ਕਰਕੇ ਖੇਤਾਂ ਦੇ ਕਿਆਰੇ 1 ਤੋਂ 2 ਏਕੜ ਦੇ ਮਿਲਦੇ ਹਨ। ਸੰਗਰੂਰ ਵਿੱਚ ਕਿਆਰੇ 2 ਤੋਂ 3 ਏਕੜ ਦੇ ਮਿਲਦੇ ਹਨ, ਚਮਕੌਰ ਸਾਹਿਬ ਕੋਲ ਰੁੜਕੀ ਪਿੰਡ ਦੇ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਅਸੀਂ ਕਿਆਰੇ ਇੱਕ ਏਕੜ ਦੇ ਕਰਦੇ ਹਾਂ। ਇਸੇ ਤਰ੍ਹਾਂ ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ ਇਲਾਕਿਆਂ ਵਿੱਚ ਵੀ ਦੇਖਿਆ ਗਿਆ।
ਪਟਿਆਲਾ ਤੋਂ ਰੋੜੇਵਾਲ ਰੋਡ ’ਤੇ ਸੰਧੂਆਂ ਦੇ ਪਿੰਡ ਰੌਂਗਲਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਰਾਈਸ ਮਿੱਲ ਦੇ ਸਾਹਮਣੇ ਇਕ ਮੋਟਰ ਚੱਲ ਰਹੀ ਸੀ, ਜਿਸ ਦਾ ਕਿਆਰਾ ਤਿੰਨ ਏਕੜ ਦਾ ਕੀਤਾ ਹੋਇਆ ਹੈ। ਉੱਥੇ ਬੈਠੇ ਦੋ ਵਿਅਕਤੀਆਂ ਨੂੰ ਪੁੱਛਿਆ ਕਿ ਇਹ ਮੋਟਰ ਕਦੋਂ ਤੋਂ ਚੱਲ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਬਿਜਲੀ ਆਈ ਹੈ। ਝੋਨਾ ਕਦੋਂ ਲਾਉਣਾ ਹੈ ਬਾਰੇ ਉਨ੍ਹਾਂ ਕੁਝ ਨਹੀਂ ਦੱਸਿਆ। ਉਸ ਤੋਂ ਅੱਗੇ ਸ਼ਮਸ਼ੇਰ ਸਿੰਘ ਪਿੰਡ ਰੌਂਗਲਾ ਖੇਤਾਂ ਵਿੱਚ ਆਪਣੀ ਚੱਲਦੀ ਮੋਟਰ ’ਤੇ ਬੈਠਾ ਸੀ। ਉਸ ਦੇ ਖੇਤ ਵਿੱਚ ਅਜੇ ਵੀ ਕਣਕ ਦੇ ਕਰਚੇ ਖੜ੍ਹੇ ਸਨ ਤੇ ਮੋਟਰ ਦਾ ਪਾਣੀ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਅਜੇ ਝੋਨਾ ਨਹੀਂ ਲਾਉਣਾ ਕਿਉਂਕਿ ਪਨੀਰੀ ਛੋਟੀ ਹੈ। ਇਹ ਤਾਂ ਅਸੀਂ ਆਪਣਾ ਖੇਤ ਵਾਹੁਣ ਲਈ ਪਾਣੀ ਚਲਾ ਰੱਖਿਆ ਹੈ। ਉਸ ਤੋਂ ਅੱਗੇ ਗਏ ਮਲਕੀਤ ਸਿੰਘ ਪਿੰਡ ਲੰਗ ਦੀ ਮੋਟਰ ਚੱਲ ਰਹੀ ਸੀ। ਨੇੜੇ ਹੀ ਖੜ੍ਹੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਝੋਨਾ ਲਾਉਣਾ ਸ਼ੁਰੂ ਕਰ ਰਹੇ ਹਾਂ ਇਸੇ ਕਰਕੇ ਮੋਟਰ ਚਲਾਈ ਹੋਈ ਹੈ। ਮਲਕੀਤ ਸਿੰਘ ਨੂੰ ਜਦੋਂ ਪੁੱਛਿਆ ਕਿ ਤੁਸੀਂ ਕਈ ਏਕੜਾਂ ਦਾ ਇਕ ਹੀ ਕਿਆਰਾ ਕਰਕੇ ਪਾਣੀ ਚਲਾ ਰਹੇ ਹੋ। ਉਨ੍ਹਾਂ ਕਿਹਾ ਕਿ ਨੱਕੇ ਤੋੜਨ ਵਾਲਾ ਝੰਜਟ ਉਹ ਨਹੀਂ ਕਰਦੇ ਕਿਉਂਕਿ ਮੁੰਡੇ ਬਾਹਰ ਹਨ ਤੇ ਬਿਜਲੀ ਆ ਰਹੀ ਹੈ ਕੌਣ ਵਾਰ ਵਾਰ ਖੇਤਾਂ ਵਿੱਚ ਜਾ ਕੇ ਨੱਕੇ ਤੋੜਦਾ ਫਿਰੇ। ਇਸੇ ਤਰ੍ਹਾਂ ਰੌਂਗਲਾ ਦੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਸ ਦੀ ਉਮਰ 70 ਸਾਲਾਂ ਤੋਂ ਟੱਪ ਗਈ ਹੈ, ਪਹਿਲਾਂ ਕਿਆਰੇ ਛੋਟੇ ਹੁੰਦੇ ਸਨ।
ਇਕ ਏਕੜ ਦੇ ਘੱਟੋ ਘੱਟ 5 ਤੋਂ 10 ਕਿਆਰਿਆਂ ਨਾਲ ਸਿੰਜਾਈ ਹੁੰਦੀ ਸੀ। ਉਸ ਨਾਲ ਜੇ ਬਿਜਲੀ ਕੱਟ ਲੱਗਦਾ ਸੀ ਤਾਂ ਪਾਣੀ ਦੇ ਛੋਟੇ ਕਿਆਰੇ ਵਿੱਚ ਹੀ ਦੁਬਾਰਾ ਸਿੰਜਾਈ ਕਰਨੀ ਪੈਂਦੀ ਸੀ, ਉਦੋਂ ਪਾਣੀ ਦੀ ਬੱਚਤ ਹੁੰਦੀ ਸੀ, ਪਰ ਹੁਣ ਤਾਂ 3-4 ਏਕੜ ਦਾ ਇਕ ਕਿਆਰਾ ਹੀ ਹੁੰਦਾ ਹੈ ਬਿਜਲੀ ਕੱਟ ਲੱਗ ਜਾਵੇ ਤਾਂ ਸਾਰੇ ਏਕੜਾਂ ਦੀ ਦੁਬਾਰਾ ਫੇਰ ਸਿੰਜਾਈ ਕਰਨੀ ਪੈਂਦੀ ਹੈ। ਨੱਕੇ ਤੋੜਨ ਦਾ ਸਭਿਆਚਾਰ ਹੀ ਖ਼ਤਮ ਕਰ ਦਿੱਤਾ ਹੈ।
ਕਈ ਪਿੰਡਾਂ ਵਿੱਚ ਦੇਖਿਆ ਗਿਆ ਕਿ ਵੱਡੇ ਵੱਡੇ ਕਈ ਕਈ ਏਕੜਾਂ ਦੇ ਬਣੇ ਕਿਆਰਿਆਂ ਦੀਆਂ ਟਰੈਕਟਰ ਨਾਲ ਵੱਟਾਂ ਪਾਈਆਂ ਜਾ ਰਹੀਆਂ ਹਨ ਤੇ ਮੋਟਰਾਂ ਚੱਲ ਰਹੀਆਂ ਹਨ।

Advertisement

ਪੰਜਾਬ ਦੇ ਸਾਰੇ ਵਰਗਾਂ ਨੂੰ ਪਾਣੀ ਬਚਾਉਣਾ ਚਾਹੀਦਾ: ਦਰਸ਼ਨਪਾਲ

ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਕਿਸਾਨ ਮਜਬੂਰੀਵੱਸ ਹੀ ਵੱਡੇ ਕਿਆਰੇ ਕਰਦਾ ਹੈ, ਤਾਂ ਕਿ ਉਹ ‘ਵਾਈਟ ਕਾਲਰ’ ਖੇਤੀ ਕਰ ਸਕੇ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਹੈ ਕਿ ਪਹਿਲਾਂ ਕਿਆਰੇ ਹੁੰਦੇ ਸਨ ਤਾਂ ਸਿੰਜਾਈ ਬੜੇ ਸਲੀਕੇ ਨਾਲ ਹੁੰਦੀ ਸੀ, ਪਰ ਅੱਜ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਕਿਆਰਿਆਂ ਵਿੱਚ ਸਿੰਜਾਈ ਕਰਨੀ ਚਾਹੀਦੀ ਹੈ। ਪੰਜਾਬ ਦੇ ਸਾਰੇ ਵਰਗਾਂ ਨੂੰ ਪਾਣੀ ਬਚਾਉਣਾ ਚਾਹੀਦਾ ਹੈ, ਉਹ ਭਾਵੇਂ ਕਿਸਾਨ ਹੋਵੇ ਜਾਂ ਆਮ ਸ਼ਹਿਰੀ ਹੋਵੇ।

Advertisement

Advertisement
Author Image

sukhwinder singh

View all posts

Advertisement