ਦੁੱਧ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀ ਮਾਂ ਨਰਕ ਭੋਗ ਕੇ ਸੰਸਾਰ ਤੋਂ ਕਰ ਗਈ ਕੂਚ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਅਗਸਤ
ਮੁਕਤਸਰ ਦੇ ਬੂੜਾ ਗੁੱਜਰ ਰੋਡ ‘ਤੇ ਪਲਾਟ ਵਿੱਚ ਕਈ ਸਾਲਾਂ ਤੋਂ ਦੋ ਫੁੱਟ ਉੱਚੀਆਂ ਤੇ ਚਾਰ ਫੁੱਟ ਚੌੜੀ ਕੰਧ ਉਪਰ ਰੱਖੇ ਪੱਥਰ ਦੀ ਸਿੱਲ ਵਾਲੇ ਘੁਰਨੇ ਵਿੱਚ ਜ਼ਿੰਦਗੀ ਗੁਜ਼ਾਰੀ ਰਹੀ 80 ਸਾਲਾ ਮਾਤਾ ਆਖਰ ਜਹਾਨ ਤੋਂ ਕੂਚ ਕਰ ਗਈ। ਜਦੋਂ ਲੋਕਾਂ ਨੇ ਪੁਲੀਸ ਨੂੰ ਮਾਤਾ ਹਾਲਤ ਬਾਰੇ ਦੱਸਿਆ ਸੀ ਉਸ ਵੇਲੇ ਉਸ ਦੇ ਤਣ ’ਤੇ ਕੋਈ ਕੱਪੜਾ ਨਹੀਂ ਸੀ। ਸਿਰ ਵਿੱਚ ਕੀੜੇ ਪਏ ਹੋਏ ਸਨ। ਪੁਲੀਸ ਨੇ ਮਾਤਾ ਨੂੰ ਹਸਪਤਾਲ ਪਹੁੰਚਾਇਆ ਤਾਂ ਉਸ ਦੇ ਇਕ ਪੁੱਤ ਨੇ ਆ ਕੇ ਖੁਦ ਇਲਾਜ ਕਰਾਉਣ ਦਾ ਵਾਅਦਾ ਕੀਤਾ ਪਰ ਅਗਲੇ ਹੀ ਦਿਨ ਮਾਤਾ ਦੀ ਮੌਤ ਹੋ ਗਈ।
ਪੁੱਤ ਫਟਾ ਫੱਟ ਮਾਤਾ ਦਾ ਅੰਤਿਮ ਸੰਸਕਾਰ ਕਰਕੇ ਤੇ ਉਸੇ ਸ਼ਾਮ ਫੁੱਲ ਚੁੱਗ ਕੇ ਵਿਹਲੇ ਹੋ ਗਏ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ਦੀਆਂ ਸੁਰਖੀਆਂ ‘ਚ ਛਾਇਆ ਹੋਣ ਕਰਕੇ ਮਾਨਵੀ ਘਾਣ ਵਜੋਂ ਵੇਖਿਆ ਜਾ ਰਿਹਾ ਹੈ। ਮਾਤਾ ਦਾ ਇਕ ਪੁੱਤਰ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਹੈ ਤੇ ਕਈ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਇਸੇ ਪੁੱਤ ਦੀ ਧੀ ਐਸਡੀਐੱਮ ਹੈ। ਦੂਜਾ ਪੁੱਤਰ ਆਬਕਾਰੀ ਵਿਭਾਗ ਵਿੱਚ ਅਫਸਰ ਹੈ। ਉਸ ਦੀਆਂ ਧੀਆਂ ਵੀ ਨੌਕਰੀਆਂ ਕਰਦੀਆਂ ਹਨ। ਇਸ ਦੇ ਬਾਵਜੂਦ ਮਾਂ ਨਰਕ ਭੋਗ ਕੇ ਚਲੀ ਗਈ। ਥਾਣਾ ਸਿਟੀ ਦੇ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ ਨੂੰ ‘ਸਾਲਾਸਰ ਸੇਵਾ ਸੁਸਾਇਟੀ’ ਦੀ ਮਦਦ ਨਾਲ ਬਜ਼ੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਸੁਸਾਇਟੀ ਦੇ ਸੇਵਾਦਾਰ ਸੰਜੀਵ ਕੁਮਾਰ ਟਿੰਕੂ ਨੇ ਦੱਸਿਆ ਕਿ ਜਦ ਉਹ ਮੌਕੇ ‘ਤੇ ਪੁੱਜੇ ਤਾਂ ਪਹਿਲੀ ਨਜ਼ਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜ਼ੁਰਗ ਲਾਵਾਰਸ ਹੋਵੇਗੀ ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਨੌਕਰੀ ‘ਤੇ ਹੈ ਤੇ ਪੋਤਰੀ ਅਫਸਰ ਹੈ ਤਾਂ ਉਹ ਡਾਢੇ ਹੈਰਾਨ ਹੋ ਗਏ। ਸੁਸਾਇਟੀ ਵੱਲੋਂ ਇਸ ਔਰਤ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਮੁੱਢਲੀ ਸਹਾਇਤਾ ਤੋਂ ਬਾਅਦ ਇਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਫਰੀਦਕੋਟ ਤੋਂ ਮਾਤਾ ਦਾ ਛੋਟਾ ਪੁੱਤਰ ਉਸ ਨੂੰ ਆਪਣੇ ਘਰ ਲੈ ਆਇਆ ਤੇ ਅਗਲੇ ਦਿਨ ਉਨ੍ਹਾਂ ਮਾਤਾ ਦਾ ਚੁੱਪ ਚੁਪੀਤੇ ਅੰਤਿਮ ਸੰਸਕਾਰ ਕਰ ਦਿੱਤਾ। ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਪੀੜਤ ਮਹਿਲਾ ਮਹਿੰਦਰ ਕੌਰ ਪਤਨੀ ਚੰਦ ਸਿੰਘ ਦੇ ਸਿਰ ਵਿੱਚ ਪਏ ਕੁਝ ਕੀੜੇ ਤਾਂ ਕੱਢ ਦਿੱਤੇ ਪਰ ਹਾਲਤ ਗੰਭੀਰ ਹੋਣ ਕਰਕੇ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਹੈ। ਬਾਅਦ ਵਿੱਚ ਮਾਤਾ ਦਾ ਪਰਿਵਾਰ ਵੀ ਫਰੀਦਕੋਟ ਚਲਾ ਗਿਆ। ਮਾਤਾ ਡਾਢੇ ਸਦਮੇ ‘ਚ ਹੋਣ ਕਰਕੇ ਸਿਵਾਏ ਰੋਣ ਦੇ ਕੁਝ ਨਹੀਂ ਕਹਿ ਸਕੀ। ਇਸ ਦੌਰਾਨ ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦਰ ਕੁਮਾਰ ਨੇ ਦੱਸਿਆ ਮਾਨਵੀ ਤੌਰ ‘ਤੇ ਇਸ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਐੱਸਡੀਐੱਮ ਮੁਕਤਸਰ ਨੂੰ ਪੜਤਾਲ ਦੇ ਹੁਕਮ ਦਿੱਤੇ ਹਨ। ਐੱਸਡੀਐੱਮ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਜਲਦੀ ਹੀ ਸਾਰੇ ਤੱਥ ਇਕੱਠੇ ਕਰਕੇ ਇਸ ਦੀ ਰਿਪੋਰਟ ਡੀਸੀ ਨੂੰ ਸੌਂਪ ਦੇਣਗੇ।