For the best experience, open
https://m.punjabitribuneonline.com
on your mobile browser.
Advertisement

ਨਵਜੰਮੀ ਬੱਚੀ ਨੂੰ ਹਸਪਤਾਲ ਛੱਡ ਕੇ ਮਾਂ ਖਿਸਕੀ

10:58 AM Apr 07, 2024 IST
ਨਵਜੰਮੀ ਬੱਚੀ ਨੂੰ ਹਸਪਤਾਲ ਛੱਡ ਕੇ ਮਾਂ ਖਿਸਕੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਪਰੈਲ
ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਚਾਰ ਪੰਜ ਦਿਨ ਪਹਿਲਾਂ ਬੱਚੀ ਨੂੰ ਜਨਮ ਦੇਣ ਵਾਲ਼ੀ ਮਹਿਲਾ ਅੱਜ ਆਪਣੀ ਬੱਚੀ ਨੂੰ ਹਸਪਤਾਲ ’ਚ ਛੱਡ ਕੇ ਫਰਾਰ ਹੋ ਗਈ। ਇਸ ਸਬੰਧੀ ਹਸਪਤਾਲ ਪ੍ਰਬੰਧਕਾਂ ਵੱਲੋਂ ਹਸਪਤਾਲ ’ਚ ਹੀ ਸਥਿਤ ਪੁਲੀਸ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਨੂੰ ਇਤਲਾਹ ਦੇ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਇਸ ਸਬੰਧੀ ਅਗਲੇਰੀ ਕਰਦਿਆਂ ਅੱਗੇ ਪੁਲੀਸ ਕੰਟਰੋਲ ਰੂਮ ’ਤੇ ਇਤਲਾਹ ਦੇ ਦਿੱਤੀ।
ਵੇਰਵਿਆਂ ਅਨੁਸਾਰ 4/5 ਦਿਨ ਪਹਿਲਾਂ ਇੱਥੇ ਦਾਖਲ ਕਰਵਾਈ ਗਈ ਇਹ ਮਹਿਲਾ ਮੂਲ ਰੂਪ ਬਿਹਾਰ ਦੀ ਰਹਿਣ ਵਾਲੀ ਹੈ ਜਿਸ ਦਾ ਨਾਮ ਸੰਗੀਤਾ ਦੱਸਿਆ ਗਿਆ ਹੈ ਤੇ ਉਹ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਖੇਤਰ ਵਿਚਲੀ ਇੱਕ ਫੈਕਟਰੀ ’ਚ ਕੰਮ ਕਰਦੀ ਹੈ। ਇੱਥੇ ਦਾਖਲ ਕਰਵਾਉਣ ਉਪਰੰਤ ਉਸ ਨੇ ਬੱਚੀ ਨੂੰ ਜਨਮ ਦਿੱਤਾ।
ਚਾਰ ਪੰਜ ਦਿਨ ਤਾਂ ਉਹ ਬੱਚੀ ਦੀ ਸਾਂਭ ਸੰਭਾਲ਼ ਕਰਦੀ ਰਹੀ ਤੇ ਉਸ ਨੂੰ ਆਪਣਾ ਦੁੱਧ ਵੀ ਪਿਲਾਉਂਦੀ ਰਹੀ ਪਰ ਉਹ ਵਾਰਡ ਵਿਚੋਂ ਬਾਹਰ ਗਈ ਤੇ ਵਾਪਸ ਆਪਣੇ ਬੈੱਡ ’ਤੇ ਨਾ ਪਰਤੀ। ਕਾਫ਼ੀ ਦੇਰ ਤੱਕ ਉੁਸ ਦੀ ਉਡੀਕ ਕਰਨ ਤੋਂ ਬਾਅਦ ਹੀ ਵਾਰਡ ਵਿਚਲੇ ਸਟਾਫ਼ ਵੱਲੋਂ ਇਸ ਦੀ ਇਤਲਾਹ ਪੁਲੀਸ ਨੂੰ ਦਿੱਤੀ ਗਈ।
ਉਧਰ ਪੁਲੀਸ ਨੇ ਮੁੱਢਲੀ ਤਫਤੀਸ਼ ਕਰਨ ਉਪਰੰਤ ਅਗਲੇਰੀ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸੰਪਰਕ ਕਰਨ ’ਤੇ ਚੌਕੀ ਇੰਚਾਰਜ ਜਪਨਾਮ ਸਿੰਘ ਵਿਰਕ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਪੁਲੀਸ ਚੌਕੀ ਮਾਡਲ ਟਾਊਨ ਵਿੱਚ ਇਤਲਾਹ ਦੇ ਦਿੱਤੀ ਹੈ।
ਇਸ ਮਗਰੋਂ ਜਦੋਂ ਪੁਲੀਸ ਚੌਕੀ ਮਾਡਲ ਟਾਉਨ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਰਿੱਤੂ ਨਾਲ ਰਾਬਤਾ ਸਾਧਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਵੱਲੋਂ ਇਸ ਬੱਚੀ ਦੀ ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਹ ਬੱਚੀ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੀ ਟੀਮ ਦੇ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪਤਾ ਲੱਗਾ ਹੈ ਕਿ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਬੱਚੀ ਅਗਲੇਰੀ ਸਾਂਭ ਸੰਭਾਲ਼ ਲਈ ਇੱਥੇ ਸਥਿਤ ਨਾਰੀ ਨਕੇਤਨ ਆਸ਼ਰਮ ਵਿੱਚ ਪਹੁੰਚਾ ਦਿੱਤੀ ਗਈ ਹੈ ਪਰ ਉਨ੍ਹਾਂ ਆਸ ਜਤਾਈ ਕਿ ਪੁਲੀਸ ਵੱਲੋਂ ਜਲਦੀ ਹੀ ਇਸ ਬੱਚੀ ਦੀ ਮਾਂ ਨੂੰ ਲੱਭ ਲਿਆ ਜਾਵੇਗਾ ਤੇ ਫੇਰ ਇਸ ਬੱਚੀ ਨੂੰ ਇਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×