ਬਰਤਾਨੀਆ ’ਚ ਕਤਲ ਕੀਤੀ ਮਹਿਕ ਸ਼ਰਮਾ ਦੇ ਪਤੀ ਨੂੰ ਉਮਰ ਕੈਦ ਮਿਲਣ ’ਤੇ ਮਾਂ ਨੂੰ ਤਸੱਲੀ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 1 ਮਈ
ਲੰਡਨ ਵਿੱਚ ਕਤਲ ਕੀਤੀ ਮਹਿਕ ਸ਼ਰਮਾ ਦੇ ਹਤਿਆਰੇ ਪਤੀ ਨੂੰ ਅਦਾਲਤ ਵੱਲੋਂ ਉਮਰ ਕੈਦ ਦਿੱਤੇ ਜਾਣ ਉੱਤੇ ਮਾਪਿਆਂ ਨੇ ਸੰਤੁਸ਼ਟੀ ਜਿਤਾਈ ਹੈ। ਇਸ ਸਬੰਧੀ ਪਿੰਡ ਜੋਗੀ ਚੀਮੇ ਦੀ ਮਧੂ ਬਾਲਾ ਨੇ ਦੱਸਿਆ ਕਿ ਉਸ ਦੀ ਪੁੱਤਰੀ ਮਹਿਕ ਸ਼ਰਮਾ ਦੀ ਬੀਤੇ ਸਾਲ 29 ਅਕਤੂਬਰ ਨੂੰ ਲੰਡਨ ਵਿੱਚ ਉਸ ਦੇ ਪਤੀ ਵੱਲੋਂ ਹੱਤਿਆ ਕਰ ਦਿੱਤੀ ਸੀ। ਮਹਿਕ ਸ਼ਰਮਾ ਇੰਗਲੈਂਡਸਟੱਡੀ ਵੀਜ਼ੇ ’ਤੇ ਗਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਪਤੀ ਸਾਹਿਲ ਸ਼ਰਮਾ ਨੂੰ ਇੰਗਲੈਂਡ ਬੁਲਾਇਆ ਸੀ। ਸਾਹਿਲ ਸ਼ਰਮਾ ਮਹਿਕ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ। ਇਸ ਕਾਰਨ ਮਹਿਕ ਦੀ ਚਾਕੂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧ ਕਿੰਗਸਟਨ ਕਰਊਨ ਕੋਰਟ ਲੰਡਨ ਵੱਲੋਂ ਉਨ੍ਹਾਂ ਨੂੰ ਵੀਜ਼ਾ ਦੇਣ ਦੇ ਨਾਲ ਨਾਲ ਪੂਰਾ ਖਰਚਾ ਭਰ ਕੇ ਇੰਗਲੈਂਡ ਸੱਦਿਆ ਸੀ। ਸੱਦਾ ਪ੍ਰਾਪਤ ਹੋਣ ਉੱਤੇ ਮਧੂ ਬਾਲਾ ਆਪਣੇ ਭਰਾ ਸੰਦੀਪ ਕੁਮਾਰ ਦੇ ਨਾਲ ਛੇ ਮਹੀਨੇ ਲਈ ਇੰਗਲੈਂਡ ਚਲੀ ਗਈ ਸੀ। ਕੇਸ ਦਾ ਫ਼ੈਸਲਾ ਹੋਣ ਤੋਂ ਬਾਅਦ ਵਾਪਸ ਪਿੰਡ ਪਹੁੰਚ ਕੇ ਲੰਡਨ ਦੀ ਕੋਰਟ ਵੱਲੋਂ ਦਿੱਤੇ ਫ਼ੈਸਲੇ ਉੱਤੇ ਪੂਰੀ ਤਸੱਲੀ ਪ੍ਰਗਟ ਕੀਤੀ। ਉਸ ਨੇ ਕਿਹਾ ਕਿ ਸਾਹਿਲ ਸ਼ਰਮਾ ਨੂੰ 15 ਸਾਲ ਤੋਂ ਵੱਧ ਸਮਾਂ ਬਿਨਾਂ ਪੈਰੋਲ ਤੋਂ ਜੇਲ੍ਹ ਵਿੱਚ ਗੁਜ਼ਾਰਨਾ ਪਵੇਗਾ।