ਸੱਸ ’ਤੇ ਗੁਆਂਢੀ ਨਾਲ ਮਿਲ ਕੇ ਨੂੰਹ ਦੀ ਕੁੱਟਮਾਰ ਦਾ ਦੋਸ਼
ਪੱਤਰ ਪ੍ਰੇਰਕ
ਜਲੰਧਰ, 20 ਜੁਲਾਈ
ਇਥੋਂ ਦੇ ਰਾਮਾ ਮੰਡੀ ਦੇ ਏਕਤਾ ਨਗਰ ’ਚ ਦੇਰ ਰਾਤ ਨੂੰਹ ’ਤੇ ਉਸ ਦੀ ਸੱਸ ਅਤੇ ਗੁਆਂਢੀ ਵੱਲੋਂ ਹਮਲਾ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਔਰਤ ਨੂੰ ਦੇਰ ਰਾਤ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ। ਪੀੜਤ ਮਹਿਲਾ ਮਹਿਕ ਵਾਸੀ ਏਕਤਾ ਨਗਰ ਨੇ ਦੱਸਿਆ ਕਿ ਉਸ ਦਾ ਆਪਣੇ ਪਹਿਲੇ ਪਤੀ ਤੋਂ ਤਲਾਕ ਹੋ ਚੁੱਕਿਆ ਹੈ। ਇਹ ਉਸ ਦਾ ਦੂਜਾ ਵਿਆਹ ਸੀ। ਜਿਸ ਵਿਅਕਤੀ ਨਾਲ ਉਸ ਨੇ ਦੂਜੀ ਵਾਰ ਵਿਆਹ ਕੀਤਾ ਸੀ, ਉਹ ਇਸ ਸਮੇਂ ਜੇਲ੍ਹ ਵਿੱਚ ਹੈ। ਉਸ ਦੇ ਦੋ ਬੱਚੇ ਹਨ, ਇੱਕ ਉਸ ਦੇ ਪਹਿਲੇ ਵਿਆਹ ਤੋਂ ਅਤੇ ਦੂਜਾ ਉਸ ਦੇ ਦੂਜੇ ਵਿਆਹ ਤੋਂ। ਉਸ ਨੇ ਦੱਸਿਆ ਕਿ ਉਹ ਏਕਤਾ ਨਗਰ ਸਥਿਤ ਆਪਣੇ ਸਹੁਰੇ ਘਰ ਰਹਿੰਦੀ ਸੀ। ਇਸ ਦੌਰਾਨ ਬੀਤੇ ਦਿਨ ਕਿਸੇ ਗੱਲ ਨੂੰ ਲੈ ਕੇ ਉਸ ਦਾ ਗੁਆਂਢੀਆਂ ਨਾਲ ਝਗੜਾ ਹੋ ਗਿਆ। ਇਸ ਕਾਰਨ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਖੇਡਣ ਜਾਣ ਤੋਂ ਰੋਕਦੀ ਸੀ। ਬੀਤੀ ਰਾਤ ਗੁਆਂਢੀਆਂ ਅਤੇ ਸੱਸ ਨੇ ਗੁੱਸੇ ’ਚ ਆ ਕੇ ਉਸ ਦੀ ਕੁੱਟਮਾਰ ਕੀਤੀ। ਇਸ ਸਬੰਧ ਵਿੱਚ ਥਾਣਾ ਰਾਮਾ ਮੰਡੀ ਨੂੰ ਅੱਜ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।