ਸੁਤੰਤਰਤਾ ਸੰਗਰਾਮੀ ਦੇਸ਼ ਦਾ ਵਡਮੁੱਲਾ ਸਰਮਾਇਆ: ਜੌੜਾਮਾਜਰਾ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਲਕਾ ਰਾਜਪੁਰਾ ਦੇ ਪਿੰਡ ਸੁਰਹੋਂ ਵਿੱਚ ਰਹਿ ਰਹੇ ਆਜ਼ਾਦੀ ਘੁਲਾਟੀਏ ਕਸ਼ਮੀਰ ਸਿੰਘ ਅਤੇ ਰਾਜਪੁਰਾ ਦੇ ਜਨਤਾ ਸਕੂਲ ਨੇੜੇ ਰਹਿ ਰਹੇ ਅਵਤਾਰ ਸਿੰਘ ਨਾਲ ਮੁਲਾਕਾਤ ਕਰ ਕੇ ਦੇਸ਼ ਲਈ ਉਨ੍ਹਾਂ ਵੱਲੋਂ ਪਾਈ ਕੁਰਬਾਨੀ ਨੂੰ ਸਿਜਦਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਅਤੇ ਵਿਧਾਇਕਾ ਰਾਜਪੁਰਾ ਨੀਨਾ ਮਿੱਤਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਜੌੜੇਮਾਜਰਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀ ਦੇਸ਼ ਦਾ ਵਡਮੁੱਲਾ ਸਰਮਾਇਆ ਹਨ ਅਤੇ ਪੰਜਾਬ ਦਾ ਮਾਣ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਲਈ 1 ਅਗਸਤ, 2023 ਤੋਂ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਕੁੱਲ 545 ਲਾਭਪਾਤਰੀਆਂ ਨੂੰ ਸਿੱਧੇ ਤੌਰ ’ਤੇ ਲਾਭ ਹੋਵੇਗਾ, ਜਿਨ੍ਹਾਂ ਵਿੱਚ ਖ਼ੁਦ ਆਜ਼ਾਦੀ ਘੁਲਾਟੀਏ, ਮਰਹੂਮ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਜਾਂ ਉਨ੍ਹਾਂ ਦੀਆਂ ਅਣਵਿਆਹੀਆਂ ਅਤੇ ਬੇਰੁਜ਼ਗਾਰ ਧੀਆਂ ਜਾਂ ਪੁੱਤਰ ਸ਼ਾਮਲ ਹਨ। ਇਸ ਮੌਕੇ ਰਾਜਪੁਰਾ ਦੀ ਐੱਸਡੀਐੱਮ ਪਰਲੀਨ ਕੌਰ ਬਰਾੜ, ਡੀਐੱਸਪੀ ਰਘਬੀਰ ਸਿੰਘ ਅਤੇ ਚੇਅਰਮੈਨ ਲਾਡਾਂ ਨਨਹੇੜਾ ਮੌਜੂਦ ਸਨ।