ਦੀਵਾਲੀ ਤੋਂ ਅਗਲੀ ਸੁਬ੍ਹਾ
ਕਰਨੈਲ ਸਿੰਘ ਸੋਮਲ
ਵਰ੍ਹਿਆਂ ਪੁਰਾਣੀ ਗੱਲ ਹੈ। ਮੈਂ ਸਵੇਰੇ ਸਵਖਤੇ ਸੈਰ ਲਈ ਨਿਕਲ ਜਾਂਦਾ ਸਾਂ। ਇੱਕ ਦਿਨ ਆਪਣੇ ਰਾਹ ਜਾਂਦਿਆਂ ਮੈਨੂੰ ਬੜੀਆਂ ਸੋਹਣੀਆਂ ਲਪਟਾਂ ਆਉਂਦੀਆਂ ਜਾਪੀਆਂ। ਕੋਈ ਘਰ ਜਾਂ ਧਾਰਮਿਕ ਸਥਾਨ ਨੇੜੇ ਨਹੀਂ ਸੀ ਕਿ ਸੋਚ ਸਕਦਾ ਕਿ ਕਿਸੇ ਨੇ ਧੂਫ਼-ਬੱਤੀ ਕੀਤੀ ਹੋਵੇ। ਐਪਰ ਧੂਫ਼ਾਂ ਤੋਂ ਵੀ ਰੂਹ ਨੂੰ ਇੰਨਾ ਖੇੜਾ ਦੇਣ ਵਾਲੀ ਗੰਧ ਤਾਂ ਨਹੀਂ ਆਉਂਦੀ। ਅੱਗੇ ਚੱਲਣ ਦੀ ਥਾਂ ਮੈਂ ਥਾਏਂ ਜਿਵੇਂ ਕੀਲਿਆ ਗਿਆ। ਸੁਗੰਧੀ ਦਾ ਸੋਮਾ ਜਾਣਨ ਦੇ ਯਤਨ ਵਜੋਂ ਮੈਂ ਇਧਰ-ਉਧਰ ਬੜੇ ਗਹੁ ਨਾਲ ਦੇਖਿਆ। ਕੁੱਝ ਕਦਮ ਅੱਗੇ-ਪਿੱਛੇ ਵੀ ਤੁਰਿਆ। ਹਵਾ ਖੜ੍ਹੀ ਨਹੀਂ ਸੀ, ਸਮੀਰ (ਮੰਦ-ਪੌਣ) ਵਗ ਰਹੀ ਸੀ। ਲਓ, ਤਦੇ ਉਸ ਅਤਿ ਪਿਆਰੀ ਖ਼ੁਸ਼ਬੋ ਦਾ ਸੋਮਾ ਲੱਭ ਪਿਆ। ਇਹ ਤਾਂ ਵਾੜ ਵਿਚ ਆਪੇ ਉੱਗਿਆ ਜਾਂ ਕਿਸੇ ਦਾ ਲਾਇਆ ਰਾਤ ਦੀ ਰਾਣੀ ਦਾ ਬੂਟਾ ਸੀ। ਇਸ ਦਾ ਨਾਂ ਤਾਂ ਸੁਣਿਆ ਸੀ ਪਰ ਬਹੁਤੀ ਪਛਾਣ ਨਹੀਂ ਸੀ। ਕਿਤੇ ਪੜ੍ਹਿਆ ਚੇਤੇ ਆਇਆ ਕਿ ਰਾਤ ਵੇਲੇ ਇਸ ਬੂਟੇ ਦੇ ਫੁੱਲਾਂ ਵਿਚੋਂ ਅਨੋਖੀ ਤੇ ਪਿਆਰੀ ਗੰਧ ਝਰਦੀ ਰਹਿੰਦੀ ਹੈ। ਧੀਮੀ ਹਵਾ ਦੇ ਕੰਧਾੜੇ ਚੜ੍ਹ ਇਹ ਆਪਣਾ ਢੋਆ ਵੰਡਦੀ ਜਾਂਦੀ ਹੈ। ਭਲਾ, ਖ਼ੁਸ਼ਬੂਆਂ ਦਾ ਕੀ ਭਾਰ ਹੁੰਦਾ ਹੈ? ਨਾਲੇ ਦਾਤੇ ਨੇ ਫੁੱਲਾਂ ਨੂੰ ਜਿਸ ਅਦੁੱਤੀ ਦਾਤ ਨਾਲ ਮਾਲੋ-ਮਾਲ ਕੀਤਾ ਹੈ, ਉਸ ਨੂੰ ਅੱਗੇ ਤੋਂ ਅੱਗੇ ਵੰਡਣ ਵਿਚ ਕਾਹਦੀ ਖੇਚਲ! ਵੈਸੇ, ਆਮ ਬੰਦਾ ਗੌਲ਼ਦਾ ਹੀ ਨਹੀਂ ਕਿ ਖ਼ੁਸ਼ਬੂ ਵੀ ਕੋਈ ਖ਼ਾਸ ਚੀਜ਼ ਹੁੰਦੀ ਹੈ। ਨਾਲੇ ਜਿਹੜੀ ਵਸਤ ਮੁਫ਼ਤ ਮਿਲਦੀ ਹੈ, ਉਸ ਦਾ ਗੌਲ਼ਣਾ ਸਾਨੂੰ ਸੁੱਝਦਾ ਹੀ ਨਹੀਂ। ਜ਼ਿੰਦਗੀ ਦੀਆਂ ਅਨਮੋਲ ਵੱਥਾਂ ਦੀ ਭਲਾ ਕੋਈ ਕੀਮਤ ਦਿੱਤੀ ਜਾ ਸਕਦੀ ਹੈ। ਮਸਨੂਈ ਗੰਧਾਂ ਬਾਜ਼ਾਰੀਂ ਬਥੇਰੀਆਂ ਵਿਕਦੀਆਂ ਹਨ। ਕੀ ਉਨ੍ਹਾਂ ਦੀ ਤੁਲਨਾ ਰਾਤ ਦੀ ਰਾਣੀ ਦੀ ਮਹਿਕ ਨਾਲ ਕਿਵੇਂ ਵੀ ਕੀਤੀ ਜਾ ਸਕਦੀ ਹੈ? ਆਲਾ-ਦੁਆਲਾ ਹੀ ਜਾਗ ਪੈਂਦਾ ਹੈ ਇਸ ਸੋਹਲ ਸੁਗੰਧੀ ਨਾਲ। ਬੰਦੇ ਦੇ ਭਾਗ ਜਾਗ ਪੈਂਦੇ ਹਨ।
ਫਿਰ ਤੀਬਰ ਇੱਛਾ ਹੋਈ ਕਿ ਰਾਤ ਦੀ ਰਾਣੀ ਦਾ ਬੂਟਾ ਮੇਰੇ ਘਰ ਦੇ ਨੇੜੇ ਵੀ ਹੋਵੇ। ਸਬਬੀਂ, ਮੇਰਾ ਛੋਟਾ ਜਿਹਾ ਘਰ ਵਗਦੀ ਸੜਕ ਦੇ ਨੇੜੇ ਹੈ। ਵਿਚਕਾਰ ਪਈ ਜ਼ਮੀਨ ਦੀ ਛੋਟੀ ਜਿਹੀ ਟਾਕੀ ਉੱਤੇ ਬੂਟਾ ਲਿਆ ਕੇ ਲਾ ਦਿੱਤਾ ਗਿਆ। ਥੋੜ੍ਹੀ ਦੇਖ-ਭਾਲ ਸਦਕਾ ਦਿਨਾਂ ਵਿਚ ਹੀ ਇਸ ਦਾ ਕੱਦ ਤੇ ਫੈਲਾਰਾ ਸੋਹਣਾ ਹੋ ਗਿਆ। ਰੁੱਤ ਆਈ ਤੋਂ ਇਹ ਫੁੱਲਾਂ ਨਾਲ ਭਰ ਗਿਆ। ਸਾਡੇ ਗੁਆਂਢ ਵਿਚ ਰਹਿੰਦੇ ਪਰਿਵਾਰ ਦੀ ਸੁਆਣੀ ਇੱਕ ਦਿਨ ਆਖੇ ਕਿ ‘ਅਸੀਂ ਤਾਂ ਸੁਰਗ ਮਾਣਦੇ ਹਾਂ ਇੱਥੇ’। ਸਾਰੀ ਰਾਤ ਛੱਤ ਉੱਤੇ ਪਿਆ ਨੂੰ ਨਸ਼ਿਆਉਂਦੀ ਗੰਧ ਮਾਣਨ ਨੂੰ ਮਿਲੀ ਹੈ, ਉਹ ਵੀ ਮੁਫ਼ਤ ਵਿਚ। ਮੈਂ ਆਪ ਵੀ ਇਸ ਗੰਧ ਬਾਰੇ ਸੁਚੇਤ ਹੋਣ ਲੱਗਿਆ। ਫਿਰ ਜਾਣਿਆ ਕਿ ਸਵੇਰੇ ਸਾਡੀ ਰਸੋਈ ਵੀ ਇਸ ਗੰਧ ਨਾਲ ਭਰੀ ਹੁੰਦੀ ਹੈ। ਫਿਰ ਤਾਂ ਮੈਨੂੰ ਇਸ ਗੰਧ ਦਾ ਅਮਲ ਜਿਹਾ ਹੋ ਗਿਆ। ਧੰਨ ਭਾਗ! ਅਜਿਹਾ ਨਸ਼ਾ ਹਰ ਇੱਕ ਨੂੰ ਕਿਉਂ ਨਾ ਲੱਗੇ।
ਫਿਰ ਦੀਵਾਲੀ ਆ ਪਹੁੰਚੀ। ਪਿੰਡ ਵਿਚ ਰਹਿੰਦਿਆਂ ਸਾਨੂੰ ਦੀਵਾਲੀ ਦੀ ਉਡੀਕ ਮਹੀਨਿਆਂ ਪਹਿਲਾਂ ਹੋਣ ਲਗਦੀ ਸੀ। ਸੱਚੀਂ, ਉਦੋਂ ਮਨਾਈਆਂ ਦੀਵਾਲੀਆਂ ਦਾ ਰੁਮਾਂਸ ਮੁੜ ਕਿਸੇ ਦੀਵਾਲੀ ਦਾ ਨਹੀਂ ਆਇਆ। ਹਾਲਾਂਕਿ ਸ਼ਹਿਰ ਵਿਚ ਰੌਸ਼ਨੀ ਦਾ ਹੜ੍ਹ ਆਇਆ ਹੁੰਦਾ ਹੈ। ਦੀਵਾਲੀ ਨੂੰ ਜਗ-ਬੁਝ, ਜਗ-ਬੁਝ ਕਰਦੀਆਂ ਰੰਗੀਨ ਲਾਈਟਾਂ ਦੀਆਂ ਲੜੀਆਂ ਥਾਂ ਥਾਂ ਲੱਗੀਆਂ ਹੁੰਦੀਆਂ ਹਨ। ਹੁਣ ਤਾਂ ਸਗੋਂ ਇਸ ਤਿਉਹਾਰ ਦੇ ਆਉਣ ’ਤੇ ਸਹਿਮ ਜਿਹਾ ਮਹਿਸੂਸ ਕਰੀਦਾ ਹੈ। ਹੁਣ ਤਾਂ ਜੇ ਥੋੜ੍ਹੀ ਬਹੁਤੀ ਦੀਵਾਲੀ ਮਾਣਦਾ ਹਾਂ ਤਾਂ ਕਲਪਨਾ ਹੀ ਕਲਪਨਾ ਵਿਚ ਮੈਂ ਬਚਪਨ ਵਿਚ ਮਨਾਈਆਂ ਦੀਵਾਲੀਆਂ ਚੇਤੇ ਕਰਦਾ ਹਾਂ। ਇਸ ਤਰ੍ਹਾਂ ਜਾਣੋ ਪਿੰਡ ਦੀਆਂ ਗਲ਼ੀਆਂ ਵਿਚ ਘੁੰਮ ਜਾਂਦਾ ਹਾਂ। ਥਾਲ਼ੀ ਵਿਚ ਦੀਵੇ ਧਰ ਕੇ, ਸਾਡੇ ਜਿਹੜੀਆਂ ਜ਼ਿੰਦਗੀ-ਬਖ਼ਸ਼ ਥਾਵਾਂ ਹੁੰਦੀਆਂ, ਉੱਥੇ ਦਿਨ ਦੇ ਛਿਪਾ ਨਾਲ ਇੱਕ ਇੱਕ ਦੀਵਾ ਧਰਦੇ ਜਾਣਾ। ਗੁਰਦੁਆਰੇ, ਬਾਬਾ ਕੁਰਬਾਨ ਸ਼ਾਹ ਦੇ ਮਜ਼ਾਰ ਉੱਤੇ, ਤਲਾਉ ਵਾਲੇ ਟੋਭੇ ਉੱਤੇ, ਆਪਣੇ ਖੇਤਾਂ ਵਿਚ ਤੇ ਉਨ੍ਹਾਂ ਨੂੰ ਪਾਣੀ ਦਿੰਦੇ ਖੂਹ ਉੱਤੇ, ਫਿਰ ਪਿੰਡ ਦੇ ਸਾਂਝੇ ਖੂਹ ਉੱਤੇ, ਪਿੰਡ ਦੇ ਦਰਵਾਜ਼ੇ ਉੱਤੇ, ਪਿੰਡ ਦੀ ਪੁਰਾਣੀ ਧਰਮਸ਼ਾਲਾ ਉੱਤੇ, ਇੱਕ ਦੀਵਾ ਬਜ਼ੁਰਗਾਂ ਦੀਆਂ ਮੜ੍ਹੀਆਂ ਵਿਚ, ਅਨੋਖਾ ਰੱਜ ਆਉਂਦਾ ਅਜਿਹੇ ਦੀਵੇ ਧਰਦਿਆਂ। ਫਿਰ ਘਰ ਬਣਾਈ ਖੀਰ ਤੇ ਦੇਸੀ ਘੀ ਦਾ ਕੜਾਹ ਦੇਣ ਜਾਣਾ- ਸਕੂਲ ਮਾਸਟਰ ਜੀ ਦੇ ਘਰ, ਪੋਸਟ ਮਾਸਟਰ ਦੇ ਘਰ ਤੇ ਹੋਰ ਕਈ ਮੁਹੱਬਤੀਆਂ ਦੇ।
ਹੁਣ ਦਹਾਕਿਆਂ ਤੋਂ ਸ਼ਹਿਰ ਵਿਚ ਰਹਿੰਦਾ ਹਾਂ। ਆਦਤ ਵਜੋਂ ਦੀਵਾਲੀ ਵੀ ਮਨਾਉਂਦਾ ਹਾਂ। ਐਪਰ ਹਰ ਵਾਰੀ ਡਰਦਾ ਹਾਂ ਕੰਨ ਪਾੜਵੇਂ ਪਟਾਕਿਆਂ ਤੋਂ, ਵਧਦੇ ਜਾਂਦੇ ਸ਼ੋਰ ਅਤੇ ਧੂੰਏ ਤੋਂ, ਸਵੇਰ ਉੱਠਦਿਆਂ ਮਲੀਨ ਹੋਈ ਹਵਾ ਤੋਂ ਅਤੇ ਚਲਾਏ ਗਏ ਪਟਾਕਿਆਂ ਦੇ ਥਾਂ ਥਾਂ ਪਏ ਢੇਰਾਂ ਤੋਂ। ਰਾਤ ਦੀ ਰਾਣੀ ਨੇ ਦੀਵਾਲ਼ੀ ਦੀ ਰਾਤ ਵੀ ਬਥੇਰੀ ਮਹਿਕ ਲੁਟਾਈ ਹੋਣੀ ਐ ਪਰ ਆਲੇ-ਦੁਆਲੇ ਦੀ ਸਾਹ ਸੂਤਦੀ ਤੇਜ਼ ਬਾਸ ਅੱਗੇ ਇਸ ਦੀ ਵਾਸ਼ਨਾ ਦਾ ਕੀ ਵੁੱਕਤ। ਖ਼ਿਆਲ ਆਇਆ ਕਿ ਦੁਨੀਆ ਵਿਚ ਚੰਗਿਆਈ ਅਜੇ ਕੁੱਝ ਬਚੀ ਹੈ ਪਰ ਬੁਰਿਆਈਆਂ ਦੀ ਹਵਾੜ੍ਹ (ਧੁਆਂਖ) ਅੱਗੇ ਚੰਗਿਆਈਆਂ ਦੱਬੂ ਬਣੀਆਂ ਜਾਪਦੀਆਂ ਹਨ। ਇਸ ਤਰ੍ਹਾਂ ਦੀਆਂ ਸੋਚਾਂ ਕਾਰਨ ਉਦਾਸ ਹੋਏ ਨੂੰ ਮੈਨੂੰ ਜਾਣੋ ਰਾਤ ਦੀ ਰਾਣੀ ਦਾ ਕੋਈ ਬੂਟਾ ਹੌਲ਼ੀ ਜਿਹੇ ਕੁਝ ਆਖਦਾ ਹੈ, ਜਿਵੇਂ ਕੋਈ ਬੱਚਾ ਕਿਸੇ ਭੇਤ ਦੀ ਗੱਲ ਆਪਣੇ ਦਾਦੇ ਜਾਂ ਨਾਨੇ ਦੇ ਕੰਨ ਵਿਚ ਫੁਸਫੁਸਾਉਂਦਾ ਹੈ। ਕਿਸੇ ਦੇ ਭੇਤ ਦੀ ਗੱਲ ਉਂਝ ਅੱਗੇ ਉਜਾਗਰ ਨਹੀਂ ਕਰਨੀ ਹੁੰਦੀ। ਐਪਰ, ਇਹ ਗੱਲ ਢੋਲ ਵਜਾ ਕੇ ਸਭਨਾਂ ਨੂੰ ਦੱਸਣ ਵਾਲੀ ਸੀ। ਜਿਸ ਬੂਟੇ ਦੇ ਫੁੱਲ ਰਾਤਾਂ ਨੂੰ ਲਪਟਾਂ ਮਾਰਦੇ ਨਹੀਂ ਥੱਕਦੇ, ਉਸ ਨੇ ਕਿਹਾ, ਨਿਰਾਸ਼ ਨਾ ਹੋਵੋ, ਲੱਗੇ ਰਹੋ। ਅਸੀਂ ਤਾਂ ਕੰਡਿਆਲੀਆਂ ਵਾੜਾਂ ਵਿਚ ਉਗਦਿਆਂ ਨੇ ਵੀ ਆਪਣਾ ਸਿਦਕ ਅਜੇ ਕਾਇਮ ਰੱਖਿਆ ਹੈ ਤੇ ਰੱਖਣਾ ਹੈ; ਤੇ ਤੁਸੀਂ ਤਿਉਹਾਰ ਮਨਾ ਕੇ ਵੀ ਮੂੰਹ ਕਿਉਂ ਲਮਕਾਈ ਬੈਠੇ ਹੋਂ।
ਬਾਵਾ ਬਲਵੰਤ ਦੀ ਕਵਿਤਾ ‘ਰਾਤ ਰਾਣੀ ਦੀ ਸੁਗੰਧ’ ਦੀਆਂ ਆਰੰਭਿਕ ਸਤਰਾਂ ਹਨ:
ਰਾਤ ਰਾਣੀ ਦੀ ਸੁਗੰਧ,
ਆ ਹੀ ਜਾਂਦੀ ਹੈ,
ਚਾਹੇ ਹੁੰਦੇ ਨੇ ਮੇਰੇ ਦਰ ਬੰਦ।
ਸੰਪਰਕ: 98141-57137