ਬਣਾਂਵਾਲਾ ਤਾਪਘਰ ਅੱਗੇ ਲੱਗਣ ਵਾਲਾ ਮੋਰਚਾ ਰੱਦ
ਜੋਗਿੰਦਰ ਸਿੰਘ ਮਾਨ
ਮਾਨਸਾ, 14 ਸਤੰਬਰ
ਬਣਾਂਵਾਲਾ ਤਾਪਘਰ ਅੱਗੇ ਪਿੰਡ ਅਸਪਾਲ ਕੋਠੇ ਦੇ ਕੁੱਝ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਾਹ ਅਤੇ ਨਹਿਰੀ ਪਾਣੀ ਵਾਲੇ ਉਲਝੇ ਹੋਏ ਮਾਮਲੇ ਸਬੰਧੀ ਪੰਜਾਬ ਕਿਸਾਨ ਯੂਨੀਅਨ ਵੱਲੋਂ 16 ਸਤੰਬਰ ਤੋਂ ਲਾਇਆ ਜਾਣਾ ਵਾਲਾ ਪੱਕਾ ਮੋਰਚਾ ਅੱਜ ਮਸਲੇ ਦਾ ਪੱਕਾ ਹੱਲ ਹੋਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਸੰਘਰਸ਼ ਰੱਦ ਕਰਨ ਸਬੰਧੀ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਦਿੱਤੀ ਗਈ। ਕਿਸਾਨ ਆਗੂ ਨੇ ਦੱਸਿਆ ਕਿ ਇਸ ਮਸਲੇ ਲਈ ਥਰਮਲ ਪਲਾਂਟ ਵਾਲੀ ਜ਼ਮੀਨ ਛੱਡੀ ਗਈ ਹੈ ਅਤੇ ਜਿਹੜੇ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਲਈ ਰਾਹ ਨਹੀਂ ਸੀ, ਉਨ੍ਹਾਂ 16 ਫੁੱਟ ਪਹੀ ਦਿਵਾ ਦਿੱਤੀ ਗਈ ਹੈ ਅਤੇ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਲਈ ਖਾਲ ਨਹੀਂ ਸੀ, ਉਨ੍ਹਾਂ ਨੂੰ ਖਾਲ ਦਿਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੀਆਂ ਧਿਰਾਂ ਦੇ ਮਸਲੇ ਹੱਲ ਹੋ ਗਏ ਹਨ, ਜਿਸ ਤੋਂ ਸੰਘਰਸ਼ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੂੰ ਜਾਂਦੇ ਰੇਲਵੇ ਟਰੈਕ ’ਤੇ ਪਿੰਡ ਅਸਪਾਲ ਕੋਠੇ ਦੇ ਕੁੱਝ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਾਹ ਦੇ ਉਲਝੇ ਹੋਏ ਮਸਲੇ ਦੇ ਹੱਲ ਲਈ ਜਥੇਬੰਦੀ ਵੱਲੋਂ ਜੋ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ, ਉਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਤਾਪਘਰ ਦੇ ਪ੍ਰਬੰਧਕਾਂ ਦੇ ਯਤਨਾਂ ਤੋਂ ਬਾਅਦ ਹੁਣ ਮਾਮਲਾ ਨਿਬੜ ਗਿਆ ਹੈ।