For the best experience, open
https://m.punjabitribuneonline.com
on your mobile browser.
Advertisement

ਚੰਨ ਵੇ ਕਿ ਸ਼ੌਂਕਣ ਮੇਲੇ ਦੀ...

08:42 AM May 18, 2024 IST
ਚੰਨ ਵੇ ਕਿ ਸ਼ੌਂਕਣ ਮੇਲੇ ਦੀ
ਸਕੈੱਚ: ਬਲਰਾਜ ਬਰਾੜ ਮਾਨਸਾ
Advertisement

ਅਸ਼ੋਕ ਬਾਂਸਲ ਮਾਨਸਾ

Advertisement

ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ
ਗਲ਼ੀ ਗਲ਼ੀ ਡੰਡ ਪਾਉਂਦੀਆਂ ਗਈਆਂ
ਸਾਂਭ ਕੇ ਤੇ ਰੱਖ ਨੀਂ ਨਣਾਨੇ ਗੋਰੀਏ
ਰੂਪ ਦਾ ਸ਼ਿੰਗਾਰ ਜਾਲ਼ੀਦਾਰ ਡੋਰੀਏ
‘ਨੂਰਪੁਰੀ’ ਕੋਲੋਂ ਸ਼ਰਮਾਉਂਦੀਆਂ ਗਈਆਂ...
ਜੇ ਇਸ ਗੀਤ ਦੇ ਅੰਤ ਵਿੱਚ ‘ਨੂਰਪੁਰੀ’ ਦਾ ਨਾਮ ਨਾ ਆਉਂਦਾ ਤਾਂ ਇਸ ਨੂੰ ਲੋਕਗੀਤ ਹੀ ਸਮਝਿਆ ਜਾਣ ਲੱਗ ਪੈਣਾ ਸੀ। ਭਾਵੇਂ ਕਿ ਹੁਣ ਵੀ ਇਸ ਗੀਤ ਨੂੰ ਲੋਕਗੀਤ ਦੇ ਬਰਾਬਰ ਦਾ ਹੀ ਦਰਜਾ ਹਾਸਲ ਹੈ। ਅਜਿਹੇ ਇੱਕ ਨਹੀਂ ਅਨੇਕਾਂ ਗੀਤਾਂ ਦੇ ਗੀਤਕਾਰ ਦਾ ਨਾਮ ਹੈ ‘ਨੰਦ ਲਾਲ ਨੂਰਪੁਰੀ’। ਨੰਦ ਲਾਲ ਦਾ ਜਨਮ 1906 ਵਿੱਚ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮ ਦੇਈ ਦੇ ਘਰ ਸਾਂਝੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਲਾਗਲੇ ਪਿੰਡ ਨੂਰਪੁਰ ਵਿੱਚ ਹੋਇਆ ਸੀ।
ਨੰਦ ਲਾਲ ਦਾ ਬਚਪਨ ਪਿੰਡ ’ਚ ਬਤੀਤ ਹੋਇਆ। ਸਕੂਲ ਪੜ੍ਹਦਿਆਂ ਹੀ ਉਸ ਦੇ ਦਿਮਾਗ਼ ਵਿੱਚ ਕਵਿਤਾ ਮੌਲਣ ਲੱਗ ਪਈ ਸੀ। ਉਸ ਵੇਲੇ ਭਾਰਤ ’ਤੇ ਗੋਰੀ ਹਕੂਮਤ ਦਾ ਰਾਜ ਸੀ। ਨੌਜਵਾਨਾਂ ਦੇ ਖੂਨ ’ਚ ਦੇਸ਼ ਦੀ ਆਜ਼ਾਦੀ ਦੀ ਲਹਿਰ ਅੰਗੜਾਈਆਂ ਲੈ ਰਹੀ ਸੀ। ਨੰਦ ਲਾਲ ਵੀ ਕਵਿਤਾ ਦੇ ਰੂਪ ਵਿੱਚ ਆਜ਼ਾਦੀ ਦੇ ਸੁਪਨੇ ਦੇਖਣ ਲੱਗ ਪਿਆ ਸੀ। ਉਸ ਨੂੰ ਗ਼ੁਲਾਮੀ ਪਰੇਸ਼ਾਨ ਕਰ ਰਹੀ ਸੀ:
ਫੁੱਲਾਂ ਦੀਆਂ ਸੇਜਾਂ ’ਤੇ ਸੌਣ ਨੂੰ ਦਿਲ ਨਹੀਂ ਕਰਦਾ
ਸ਼ਗਨਾਂ ਦੀਆਂ ਤਰਬਾਂ ਵੱਜਣ, ਗੌਣ ਨੂੰ ਦਿਲ ਨਹੀਂ ਕਰਦਾ
ਬੱਦਲੋ ਵੇ! ਗੱਜਣ ਲੱਗੋ, ਬਿਜਲੀਓ ਕੜਕਣ ਲੱਗੋ
ਕਬਰੋ ਨੀਂ! ਸੁੱਤੀਆਂ ਜਾਗੋ, ਸ਼ੇਰੋ ਵੇ ਬੁੱਕਣ ਲੱਗੋ
ਸੀਨਾ ਏ ਲੀਰਾਂ ਲੀਰਾਂ ਸਿਉਣ ਨੂੰ ਦਿਲ ਨਹੀਂ ਕਰਦਾ
ਮੇਰਾ ਗ਼ੁਲਾਮ ਜੀਵਨ, ਜਿਉਣ ਨੂੰ ਦਿਲ ਨਹੀਂ ਕਰਦਾ
ਪੜ੍ਹਾਈ ਉਪਰੰਤ ਨੰਦ ਲਾਲ ਨੂੰ ਅਧਿਆਪਕ ਦੀ ਨੌਕਰੀ ਮਿਲ ਗਈ। ਅਧਿਆਪਨ ਦੇ ਕਿੱਤੇ ਦੇ ਨਾਲ ਉਸ ਦਾ ਕਵਿਤਾ ਵੱਲ ਰੁਝਾਨ ਵੀ ਵਧਦਾ ਗਿਆ। ਉਸ ਵੇਲੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਚੁੱਕੀਆਂ ਸਨ। ਨੰਦ ਲਾਲ ਉਮਰ ਵਿੱਚ ਭਗਤ ਸਿੰਘ ਦਾ ਹਾਣੀ ਸੀ। ਉਸ ਦੀ ਕਵਿਤਾ ’ਤੇ ਇਨ੍ਹਾਂ ਦੇਸ਼ ਭਗਤਾਂ ਦੀ ਸੋਚ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਰਾਣੀ ਜਿੰਦਾ ਦੀ ਖੁੱਸੀ ਹੋਈ ਤਲਵਾਰ ਦੇਖ ਕੇ ਨੂਰਪੁਰੀ ਆਪਣੇ ਲੋਕਾਂ ਦੀ ਆਵਾਜ਼ ਨੂੰ ਇੰਝ ਜਗਾਉਂਦਾ ਹੈ:
ਵੇਖਿਆ ਸ਼ਾਹੀ ਕਿਲ੍ਹਾ, ਪੰਜਾਬ ਦੇ ਲਾਹੌਰ ਦਾ
ਖ਼ੂਨ ਜਿੱਥੋਂ ਉੱਛਲਦਾ ਸੀ, ਗੁਜ਼ਰੇ ਹੋਏ ਦੌਰ ਦਾ
ਡਿੱਠੇ ਇੱਕ ਕਮਰੇ ਦੇ ਵਿੱਚ, ਕੁਝ ਜੰਗ ਦੇ ਹਥਿਆਰ ਸੀ
ਕੋਲ ਇੱਕ ਪਈ ਲਟਕਦੀ, ਸਹਿਮੀ ਹੋਈ ਤਲਵਾਰ ਸੀ
ਉੱਛਲ ਕੇ ਤਲਵਾਰ ਕਹਿੰਦੀ
‘‘ਸੁਣ ਬੁਲਾਵਣ ਵਾਲਿਆ!
ਦੂਸਰੇ ਦੇ ਮੋਢੇ ’ਤੇ, ਧਰ ਕੇ ਚਲਾਵਣ ਵਾਲਿਆ
ਜੇ ਤੂੰ ਹਿੰਦੋਸਤਾਨ ਦਾ ਹਿੰਦੂ ਏਂ, ਏਥੋਂ ਦੂਰ ਹੋ
ਜੇ ਕੋਈ ਤੂੰ ਮੁਸਲਮਾਂ ਏਂ, ਭੱਜ ਜਾ ਕਾਫੂਰ ਹੋ...
ਅਧਿਆਪਨ ਵਿੱਚ ਨੰਦ ਲਾਲ ਦਾ ਮਨ ਨਹੀਂ ਲੱਗਿਆ ਤੇ ਉਹ ਮਾਸਟਰੀ ਛੱਡ ਕੇ ਬਤੌਰ ਸਹਾਇਕ ਥਾਣੇਦਾਰ ਭਰਤੀ ਹੋ ਗਿਆ ਪਰ ਦਿਲ ਦੇ ਅੰਦਰ ਕਵਿਤਾ ਤੇ ਗੀਤਾਂ ਦਾ ਮੋਹ ਹੋਰ ਵਧਦਾ ਗਿਆ। ਬਤੌਰ ਸਹਾਇਕ ਥਾਣੇਦਾਰ ਡਿਊਟੀ ਕਰਦਿਆਂ ਪੁਲੀਸ ਮੁਕਾਬਲਾ ਹੋ ਗਿਆ। ਪੁਲੀਸ ਪਾਰਟੀ ਦੀ ਅਗਵਾਈ ਨੰਦ ਲਾਲ ਕਰ ਰਿਹਾ ਸੀ। ਇਸ ਮੁਕਾਬਲੇ ਵਿੱਚ ਤਿੰਨ ਵਿਅਕਤੀ ਮਾਰੇ ਗਏ। ਇਨ੍ਹਾਂ ਮੌਤਾਂ ਦਾ ਨੰਦ ਲਾਲ ਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਕਿ ਅੰਗਰੇਜ਼ ਹਕੂਮਤ ਦੀ ਨੌਕਰੀ ਕਰਦਿਆਂ ਉਸ ਹੱਥੋਂ ਆਪਣੇ ਹੀ ਦੇਸ਼ਵਾਸੀ ਭਰਾ ਮਾਰੇ ਗਏ। ਭਾਵੇਂ ਉਹ ਵਿਅਕਤੀ ਦੋਸ਼ੀ ਹੀ ਸਨ ਪਰ ਇਸ ਘਟਨਾ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ। ਅੰਗਰੇਜ਼ ਹਕੂਮਤ ਨੇ ਉਸ ਨੂੰ ਸਨਮਾਨ ਵਜੋਂ ਤਰੱਕੀ ਦੇਣੀ ਚਾਹੀ ਪਰ ਉਸ ਨੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਤਰੱਕੀ ਨੂੰ ਠੋਕਰ ਹੀ ਨਹੀਂ ਮਾਰੀ, ਬਲਕਿ ਥਾਣੇਦਾਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ। ਉਸ ਨੇ ਉਸ ਵੇਲੇ ਗੀਤ ਲਿਖਿਆ:
ਏਥੋਂ ਉੱਡ ਜਾ ਭੋਲਿਆ ਪੰਛੀਆ
ਤੂੰ ਆਪਣੀ ਜਾਨ ਬਚਾ।
ਫਿਰ ਉਹ ਜਲੰਧਰ ਆ ਗਿਆ। ਉਦੋਂ ਇੱਕ ਕਵੀ ਵਜੋਂ ਉਸ ਦੇ ਨਾਮ ਦੀ ਚਰਚਾ ਚਾਰੇ ਪਾਸੇ ਛਿੜ ਚੁੱਕੀ ਸੀ। ਮੁਸ਼ਾਇਰਿਆਂ ’ਚ ਵਧ ਚੜ੍ਹ ਕੇ ਹਿੱਸਾ ਲੈਣ ਲੱਗਾ। ਉਹਦੇ ਗੀਤ ਵੀ ਘਰ ਘਰ ਸੁਣੇ ਜਾਣ ਲੱਗ ਪਏ ਸਨ। ਨੂਰਪੁਰੀ ਦੇ ਗੀਤਾਂ ਦੀ ਭਿਣਕ ਫਿਲਮਾਂ ਵਾਲਿਆਂ ਦੇ ਕੰਨੀਂ ਵੀ ਪੈ ਗਈ। 1942 ਵਿੱਚ ਆਰ. ਐੱਲ. ਸ਼ੋਰੀ ਨੇ ਆਪਣੀ ਫਿਲਮ ‘ਮੰਗਤੀ’ ਦੇ ਸਾਰੇ ਗੀਤ ਨੰਦ ਲਾਲ ਨੂਰਪੁਰੀ ਤੋਂ ਹੀ ਲਿਖਵਾਏ, ਜਿਨ੍ਹਾਂ ਨੂੰ ਉਸ ਸਮੇਂ ਦੇ ਬਹੁਤ ਵੱਡੇ ਗਾਇਕਾਂ ਸ਼ਮਸ਼ਾਦ ਬੇਗਮ, ਜੀਨਤ ਬੇਗਮ, ਰਹਿਮਤ ਬਾਈ, ਸ਼ਤੀਸ਼ ਬੱਤਰਾ ਆਦਿ ਨੇ ਗਾਇਆ। ਨੂਰਪੁਰੀ ਦੇ ਗੀਤਾਂ ਦੀ ਮੰਗ ਰਿਕਾਰਡਿੰਗ ਕੰਪਨੀਆਂ ਵੀ ਕਰਨ ਲੱਗੀਆਂ। ਵੱਡੇ ਗਾਇਕਾਂ ਦੀ ਆਵਾਜ਼ ਵਿੱਚ ਉਸ ਦੇ ਗੀਤ ਰਿਕਾਰਡ ਹੋਣ ਲੱਗ ਪਏ। ਜਿਵੇਂ:
* ਚੰਨ ਵੇ ਕਿ ਸ਼ੌਂਕਣ ਮੇਲੇ ਦੀ
ਪੈਰ ਧੋ ਕੇ ਝਾਂਜਰਾਂ ਪਾਉਂਦੀ
ਮੇਲ੍ਹਦੀ ਆਉਂਦੀ
ਕਿ ਸ਼ੌਂਕਣ ਮੇਲੇ ਦੀ
* ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ
ਨੀਂ ਜੀਹਨੂੰ ਝੂਠ ਝੂਠ ਕਹਿੰਦੇ ਨੇ
ਹੋ ਸੱਚ ਲੈਣ ਦੇ
* ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ
ਚਰਖੀ ਦਾ ਸ਼ੌਕ, ਕੱਤਣੀ ’ਚ ਪੂਣੀਆਂ
ਰੁੱਸ ਰੁੱਸ ਬਹਿਣ ਵੀਣੀਆਂ ਤੇ ਕੂਹਣੀਆਂ
ਧੱਮ ਧੱਮ ਚਾਟੀ ’ਚ ਮਧਾਣੀ ਵੱਜਦੀ
* ਇੱਕ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ
ਨੀਂ ਮਾਏਂ ਤੇਰੇ ਕੰਮ ਨਾ ਮੁੱਕੇ
ਇਹਨੇ ਮੁੜ ਮੁੜ ਸਾਡੇ ਕਦ ਆਉਣਾ
ਨੀਂ ਮਾਏ ਤੇਰੇ ਕੰਮ ਨਾ ਮੁੱਕੇ
ਕਵਿਤਾ ਜਾਂ ਗੀਤਕਾਰੀ ਮਾਨਸਿਕ ਸਕੂਨ ਤਾਂ ਦੇ ਸਕਦੀ ਹੈ ਪਰ ਇੱਕ ਗੀਤਕਾਰ ਦਾ ਆਰਥਿਕ ਭਾਰ ਹੌਲਾ ਨਹੀਂ ਕਰ ਸਕਦੀ। ਇਸ ਤਰ੍ਹਾਂ ਨੂਰਪੁਰੀ ਵੀ ਮਾੜੇ ਆਰਥਿਕ ਦੌਰ ’ਚੋਂ ਗੁਜ਼ਰਨ ਲੱਗਾ। ਉਸ ਨੇ ਭਾਸ਼ਾ ਵਿਭਾਗ ਵਿੱਚ ਨੌਕਰੀ ਕਰ ਲਈ ਪਰ ਪਰਿਵਾਰ ਵੱਡਾ ਹੋਣ ਕਰਕੇ ਥੋੜ੍ਹੀ ਜਿਹੀ ਨਿਸ਼ਚਿਤ ਆਮਦਨ ਨਾਲ ਗੁਜ਼ਾਰਾ ਮੁਸ਼ਕਿਲ ਹੋ ਗਿਆ। ਆਜ਼ਾਦੀ ਦੇ ਸੁਪਨੇ ਨਾਲ ਨੂਰਪੁਰੀ ਦੇ ਮਨ ਵਿੱਚ ਕਵਿਤਾ ਦੀ ਧੂਣੀ ਧੁਖੀ ਸੀ ਪਰ ਆਜ਼ਾਦੀ ਤੋਂ ਬਾਅਦ ਦਾ ਭਾਰਤ ਉਸ ਨੂੰ ਆਪਣੇ ਸੁਪਨਿਆਂ ਦਾ ਭਾਰਤ ਨਹੀਂ ਜਾਪਿਆ:
ਓ ਦੁਨੀਆ ਦੇ ਬੰਦਿਓ ਪੂਜੋ, ਪੂਜੋ ਉਨ੍ਹਾਂ ਇਨਸਾਨਾਂ ਨੂੰ
ਦੇਸ਼ ਦੀ ਖਾਤਰ ਵਾਰ ਗਏ ਜੋ,
ਪਿਆਰੀਆਂ ਪਿਆਰੀਆਂ ਜਾਨਾਂ ਨੂੰ
ਜਿਉਣਾ ਹੁੰਦਾ ਓਸ ਮਰਦ ਦਾ, ਕਿਸੇ ਲਈ ਜੋ ਮਰਦਾ ਏ
ਆਪਣੇ ਦੇਸ਼ ਕੌਮ ਦੀ ਖਾਤਰ, ਜੀਵਨ ਅਰਪਣ ਕਰਦਾ ਏ
‘ਨੂਰਪੁਰੀ’ ਬੰਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆ ਦੇ ਬੰਦਿਓ ਪੂਜੋ, ਪੂਜੋ ਉਨ੍ਹਾਂ ਇਨਸਾਨਾਂ ਨੂੰ
ਨੂਰਪੁਰੀ ਦਾ ਦੇਸ਼ ਪਿਆਰ ਦਾ ਇੱਕ ਹੋਰ ਗੀਤ ਹੈ:
ਮੈਂ ਵਤਨ ਦਾ ਸ਼ਹੀਦ ਹਾਂ, ਮੇਰੀ ਯਾਦ ਭੁਲਾ ਦੇਣੀ
ਮੇਰੇ ਖੂਨ ਦੀ ਇੱਕ ਪਿਆਲੀ, ਕਿਸੇ ਪਿਆਸੇ ਨੂੰ ਪਿਲਾ ਦੇਣੀ
ਕਿਸੇ ਅਬਲਾ ਦਾ ਹੱਥ ਫੜ ਕੇ, ਮੇਰੇ ਖੂਨ ਦੀ ਲਾ ਮਹਿੰਦੀ
ਉਹਦੀ ਦੁਨੀਆ ਵਸਾ ਦੇਣੀ, ਮੇਰੀ ਦੁਨੀਆ ਮਿਟਾ ਦੇਣੀ
ਮੈਂ ਵਤਨ ਦਾ ਸ਼ਹੀਦ ਹਾਂ...
ਦੇਸ਼ ਪਿਆਰ ਦੇ ਗੀਤਾਂ ਤੋਂ ਇਲਾਵਾ ਨੂਰਪੁਰੀ ਦੇ ਧਾਰਮਿਕ ਗੀਤ ਵੀ ਪੰਜਾਬੀ ਜ਼ੁਬਾਨ ਦਾ ਸਰਮਾਇਆ ਹਨ:
* ਚੁੰਮ-ਚੁੰਮ ਰੱਖੋ ਨੀਂ, ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ, ਹੀਰਿਆਂ ਦੇ ਹਾਰ ਦੀ
* ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ
* ਅੱਧੀ ਰਾਤੀਂ ਮਾਂ ਗੁਜਰੀ,
ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ
ਅੱਖੀਆਂ ਦੇ ਤਾਰਿਆਂ ਦਾ,
ਮੈਨੂੰ ਚਾਨਣਾ ਨਜ਼ਰ ਨਾ ਆਵੇ
* ਕਿੱਡੇ ਸੋਹਣੇ ਚੰਦ ਨੀਂ ਤੇ ਕਿੱਡੇ ਸੋਹਣੇ ਬਾਲ ਨੀਂ
ਤੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀਂ
ਫਿਲਮ ‘ਮੰਗਤੀ’ ਤੋਂ ਇਲਾਵਾ ਨੂਰਪੁਰੀ ਨੇ ‘ਵਲਾਇਤ ਪਾਸ’ (1961), ‘ਖੇਡਣ ਦੇ ਦਿਨ ਚਾਰ’ (1962) ਅਤੇ ‘ਗੀਤ ਬਹਾਰਾਂ ਦੇ’ (1964) ਪੰਜਾਬੀ ਫਿਲਮਾਂ ਦੇ ਗੀਤ ਵੀ ਲਿਖੇ ਜਿਨ੍ਹਾਂ ਨੂੰ ਮੁਹੰਮਦ ਰਫੀ, ਆਸ਼ਾ ਭੌਸਲੇ, ਸੁਮਨ ਕਲਿਆਣਪੁਰ ਵਰਗੇ ਵੱਡੇ ਕਲਾਕਾਰਾਂ ਨੇ ਆਵਾਜ਼ ਦਿੱਤੀ। ਇਨ੍ਹਾਂ ਵਿੱਚੋਂ ਹੀ ਫਿਲਮ ‘ਖੇਡਣ ਦੇ ਦਿਨ ਚਾਰ’ ਵਿਚਲਾ ਨਿਮਨ ਗੀਤ ਜੋ ਮੁਹੰਮਦ ਰਫੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ, ਇਹ ਗੀਤ ਰਫੀ ਦੇ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਹੈ:
ਰਾਵੀ ਛੱਡ ਚੱਲੇ ਆਂ, ਝਨਾਂ ਛੱਡ ਚੱਲੇ ਆਂ
ਵਤਨਾਂ ਦੀ ਮਿੱਠੀ ਮਿੱਠੀ ਛਾਂ ਛੱਡ ਚੱਲੇ ਆਂ
ਜਿੱਥੇ ਕਦੇ ਅੰਮੜੀ ਨੇ ਦਿੱਤੀਆਂ ਸੀ ਲੋਰੀਆਂ
ਜਿੱਥੇ ਕਦੇ ਭੈਣਾਂ ਦੀਆਂ ਡੋਲੀਆਂ ਸੀ ਤੋਰੀਆਂ
ਵਿਹੜੇ ਛੱਡ ਚੱਲੇ ਆਂ, ਉਹ ਥਾਂ ਛੱਡ ਚੱਲੇ ਆਂ...
ਦੇਸ਼ ਦੀ ਆਜ਼ਾਦੀ ਤੋਂ ਅਗਲੇ ਵਰ੍ਹੇ ਸ਼ੁਰੂ ਹੋਏ ਭਾਖੜਾ ਡੈਮ, ਜਿਸ ਦੇ ਪਾਣੀ ਨਾਲ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਮਿਲੀ ’ਤੇ ਨੂਰਪੁਰੀ ਨੇ ਲਿਖਿਆ ਸੀ:
ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ
ਚੰਦ ਨਾਲੋਂ ਸੋਹਣੀ, ਉੱਤੇ ਚੁੰਨੀ ਸੁੱਚੇ ਕੱਚ ਦੀ
ਨੂਰਪੁਰੀ ਨੇ ਹਰ ਵੰਨਗੀ ਦੇ ਗੀਤ ਲਿਖੇ, ਉਹਦੇ ਗੀਤਾਂ ਵਿੱਚ ਸਿੱਖਿਆ ਤੇ ਸੰਦੇਸ਼ ਹੈ। ਉਹ ਫ਼ਕੀਰ ਕਿਸਮ ਦਾ ਸ਼ਾਇਰ ਸਾਰੀ ਉਮਰ ਭੁੱਖ-ਨੰਗ ਨਾਲ ਹੀ ਦਸਤਪੰਜਾ ਲੈਂਦਾ ਰਿਹਾ। ਆਪਣੇ ਨਿੱਜੀ ਤਜਰਬੇ ’ਚੋਂ ਨੰਦ ਲਾਲ ਅਕਸਰ ਕਿਹਾ ਕਰਦਾ ਸੀ ਕਿ ‘ਸ਼ੇਅਰ ਕਹਿਣਾ ਜਾਂ ਤਾਂ ਬਾਦਸ਼ਾਹਾਂ ਦਾ ਕੰਮ ਹੈ ਜਾਂ ਫੇਰ ਫ਼ਕੀਰਾਂ ਦਾ, ਕਿਉਂਕਿ ਇਹ ਦੋਵੇਂ ਹੀ ਆਰਥਿਕ ਪੱਖੋਂ ਪੂਰੀਆਂ ਹੋਣ ਵਾਲੀਆਂ ਲੋੜਾਂ ਲਈ ਕਿਸੇ ਦੇ ਮੁਹਤਾਜ ਨਹੀਂ ਹੁੰਦੇ।’
ਨੂਰਪੁਰੀ ਨੇ ਕਦੇ ਵੀ ਸਰਕਾਰੀ ਸਨਮਾਨ, ਆਪਣੀਆਂ ਲਿਖਤਾਂ ’ਤੇ ਗੋਸ਼ਟੀਆਂ ਕਰਾਉਣ, ਪਰਚੇ ਲਿਖਵਾ ਕੇ ਪੜ੍ਹਾਉਣ ਦੇ ਤਰਲੇ ਨਹੀਂ ਕੀਤੇ। ਉਸ ’ਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਢਹਿੰਦੀ ਕਲਾ ਵਾਲੀਆਂ ਰਚਨਾਵਾਂ ਲਿਖਣ ਲੱਗ ਪਿਆ :
ਚੱਲ ਜੀਆ ਘਰ ਆਪਣੇ ਚੱਲੀਏ
ਨਾ ਕਰ ਮੱਲਾ ਅੜੀਆਂ
ਇਹ ਪ੍ਰਦੇਸ, ਦੇਸ਼ ਨਹੀਂ ਸਾਡਾ
ਏਥੇ ਗੁੰਝਲਾਂ ਬੜੀਆਂ
13 ਮਈ 1966 ਦੀ ਅੱਧੀ ਰਾਤ ਨੂੰ ਨੰਦ ਲਾਲ ਦੇ ਘਰ ਨੇੜਲੇ ਖੂਹ ਵਿੱਚ ਜਦ ਖੜਾਕ ਹੋਇਆ ਤਾਂ ਲੋਕ ਖੂਹ ਵੱਲ ਨੱਸੇ। ਖੂਹ ਦੇ ਲਾਗੇ ਨੂਰਪੁਰੀ ਦੀਆਂ ਚੱਪਲਾਂ ਸਿਆਣ ਕੇ ਮਾਤਮ ਛਾ ਗਿਆ। ਨੂਰਪੁਰੀ ਦੀ ਆਤਮ-ਹੱਤਿਆ ਇਸ ਸਿਸਟਮ ਦੇ ਮੱਥੇ ’ਤੇ ਕਲੰਕ ਹੈ। ਨੰਦ ਲਾਲ ਨੇ ਆਪਣੀ ਕਵਿਤਾ ਦੇ ਮੁੱਢਲੇ ਦੌਰ ਵਿੱਚ ਖੁਸ਼ਹਾਲ ਭਾਰਤ ਦੇ ਸੁਪਨਿਆਂ ਦੀ ਮੰਜ਼ਿਲ ਮਿੱਥੀ ਹੋਈ ਸੀ। ਉਸ ਦੇ ਮਨ ਵਿੱਚ ਉੱਕਰੀ ਹੋਈ ਉਹ ਇਮਾਰਤ ਜਦ ਢਹਿਣੀ ਸ਼ੁਰੂ ਹੋ ਗਈ ਤਾਂ ਉਹ ਇਸ ਇਮਾਰਤ ਦਾ ਮਲਬਾ ਚੁੱਕਣ ਵੇਲੇ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਿਆ। ਨੂਰਪੁਰੀ ਦਾ ਘਾਟਾ ਕਦੇ ਵੀ ਪੰਜਾਬੀ ਜਗਤ ਤੋਂ ਪੂਰਾ ਨਹੀਂ ਹੋਵੇਗਾ। ਨੂਰਪੁਰੀ ਨੂੰ ਯਾਦ ਕਰਦੇ ਹੋਏ ਪ੍ਰਸਿੱਧ ਕਵੀ ਗੁਰਦਾਸ ਰਾਮ ਆਲਮ ਲਿਖਦੇ ਹਨ:
ਪੰਜਾਬੀ ਗੀਤਾਂ ਦੇ ਸ਼ਹਿਨਸ਼ਾਹ ਨੂਰਪੁਰੀਆ
ਅੱਖਾਂ ਮੀਟ ਕੇ ਕਹਿਰ ਗੁਜ਼ਾਰ ਗਿਓਂ
ਹਮਦਮ, ਸ਼ਰਫ, ਸ਼ਹੀਦ, ਖੁਸ਼ਨੀਦ ਪਿੱਛੇ
ਚਾਤ੍ਰਿਕ ਵਾਂਗ ਉਡਾਰੀਆਂ ਮਾਰ ਗਿਓਂ
ਸੰਪਰਕ: 98151-30226

Advertisement
Author Image

joginder kumar

View all posts

Advertisement
Advertisement
×