ਪੰਜਾਬ ’ਚ ਮੀਂਹ ਨਾਲ ਮੌਸਮ ਦਾ ਮਿਜ਼ਾਜ ਬਦਲਿਆ
ਸ਼ਗਨ ਕਟਾਰੀਆ
ਬਠਿੰਡਾ, 15 ਸਤੰਬਰ
ਪੰਜਾਬ ਵਿੱਚ ਅੱਜ ਜ਼ਿਆਦਾਤਰ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ-ਚਾਰ ਦਿਨ ਵੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਸਮ ਬਦਲਣ ਕਾਰਨ ਹੁਣ ਰਾਤਾਂ ਠੰਢੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਦਿਨ ਦੇ ਤਾਪਮਾਨ ਵਿਚ ਵੀ ਹੌਲੀ ਹੌਲੀ ਗਿਰਾਵਟ ਦਰਜ ਕੀਤੀ ਜਾਵੇਗੀ। ਦੂਜੇ ਪਾਸੇ ਮਾਲਵਾ ਵਿਚ ਕਰੀਬ ਦੋ ਮਹੀਨਿਆਂ ਦੀ ਲੰਮੀ ਔੜ ਮਗਰੋਂ ਅੱਜ ਹਲਕਾ ਮੀਂਹ ਪਿਆ। ਇਸ ਤੋਂ ਇਲਾਵਾ ਮਾਝਾ ਤੇ ਦੋਆਬਾ ਦੇ ਖੇਤਰਾਂ ਵਿਚ ਵੀ ਮੀਂਹ ਪਿਆ ਜਿਸ ਕਾਰਨ ਲਗਪਗ ਇਕ ਹਫ਼ਤੇ ਤੋਂ ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸੇ ਦੌਰਾਨ ਮੀਂਹ ਕਾਰਨ ਬਠਿੰਡਾ ਸ਼ਹਿਰ ਦੀਆਂ ਸੜਕਾਂ ਵੀ ਜਲ-ਥਲ ਹੋ ਗਈਆਂ। ਪੰਜਾਬ ਵਿਚ ਕਈ ਥਾਈਂ ਤੇਜ਼ ਹਵਾਵਾਂ ਕਾਰਨ ਦਰੱਖਤਾਂ ਦੇ ਟਾਹਣੇ ਟੁੱਟ ਗਏ ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਖੇਤੀ ਵਿਗਿਆਨੀਆਂ ਨੇ ਕਿਹਾ ਕਿ ਇਹ ਮੀਂਹ ਫਸਲਾਂ ਲਈ ਲਾਹੇਵੰਦ ਹੈ। ਪੀਏਯੂ ਦੇ ਖੇਤਰੀ ਕੈਂਪਸ ਬਠਿੰਡਾ ਅਨੁਸਾਰ ਬਠਿੰਡਾ ’ਚ ਅੱਜ 4.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਨਾਲ ਪਾਰਾ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਹਾਲਾਂਕਿ ਮੀਂਹ ਕਾਰਨ ਅਗੇਤੇ ਪੱਕਣ ਵਾਲੇ ਝੋਨੇ ਦੇ ਨੁਕਸਾਨ ਦਾ ਖਦਸ਼ਾ ਹੈ।