For the best experience, open
https://m.punjabitribuneonline.com
on your mobile browser.
Advertisement

ਮੁੜ ਬਦਲਿਆ ਮੌਸਮ ਦਾ ਮਿਜ਼ਾਜ

08:03 AM Mar 02, 2024 IST
ਮੁੜ ਬਦਲਿਆ ਮੌਸਮ ਦਾ ਮਿਜ਼ਾਜ
ਅੰਮ੍ਰਿਤਸਰ ਵਿੱਚ ਮੀਂਹ ਤੋਂ ਬਚਣ ਲਈ ਸਕੂਟਰ ’ਤੇ ਛਤਰੀ ਲੈ ਕੇ ਜਾਂਦੇ ਹੋਏ ਰਾਹਗੀਰ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਮਾਰਚ
ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਪਏ ਹਲਕੇ ਮੀਂਹ ਮਗਰੋਂ ਸਾਰਾ ਦਿਨ ਬੱਦਲਵਾਈ ਰਹਿਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਭਲਕੇ 2 ਮਾਰਚ ਲਈ ਵੀ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਮੀਂਹ, ਗੜੇ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ, ਪਠਾਨਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਕਈ ਥਾਈਂ ਹਲਕਾ ਮੀਂਹ ਪਿਆ। ਦੂਜੇ ਪਾਸੇ ਪਹਾੜਾਂ ਵਿੱਚ ਕਈ ਥਾਵਾਂ ’ਤੇ ਬਰਫਬਾਰੀ ਹੋਣ ਦੀ ਵੀ ਖ਼ਬਰ ਹੈ। ਮੀਂਹ ਅਤੇ ਬੱਦਲਵਾਈ ਕਾਰਨ ਸੂਬੇ ਵਿੱਚ ਔਸਤ ਤਾਪਮਾਨ ਲਗਪਗ ਦੋ ਡਿਗਰੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਪਗ 2 ਐੱਮਐੱਮ ਮੀਂਹ ਪਿਆ ਹੈ, ਜਦਕਿ ਪਠਾਨਕੋਟ ਜ਼ਿਲ੍ਹੇ ਵਿੱਚ 1.8 ਐੱਮਐੱਮ ਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 0.5 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਤੜਕੇ ਬੂੰਦਾਬਾਂਦੀ ਸ਼ੁਰੂ ਹੋ ਗਈ ਸੀ, ਜੋ ਲਗਪਗ 10.30 ਵਜੇ ਤੱਕ ਜਾਰੀ ਰਹੀ ਤੇ ਸ਼ਾਮ ਨੂੰ ਮੁੜ ਹਲਕੀ ਬੂੰਦਾਬਾਂਦੀ ਹੋਈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ ਮੁਹਾਲੀ ਵਿੱਚ 25.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ, ਗੜੇ ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ਸਮੇਤ ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਮਾਲੇਰਕੋਟਲਾ, ਐੱਸਏਐੱਸ ਨਗਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਲਈ ਆਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ।

Advertisement

ਮੀਂਹ ਕਾਰਨ ਆਲੂਆਂ ਦੀ ਪੁਟਾਈ ਰੁਕੀ, ਕਾਸ਼ਤਕਾਰ ਪ੍ਰੇਸ਼ਾਨ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿੱਚ ਪਏ ਮੀਂਹ ਕਾਰਨ ਆਲੂਆਂ ਦੀ ਪੁਟਾਈ ਰੁਕ ਗਈ ਹੈ। ਬੇਮੌਸਮੇ ਮੀਂਹ ਕਾਰਨ ਆਲੂ ਕਾਸ਼ਤਕਾਰਾਂ ਫਿਕਰਮੰਦ ਹਨ। ਆਲੂ ਉਤਪਾਦਕ ਨਿਰਮਲ ਸਿੰਘ ਖਾਲਸਾ ਦਾ ਕਹਿਣਾ ਸੀ ਕਿ ਇਸ ਵਾਰ ਭਰਪੂਰ ਆਲੂਆਂ ਦੀ ਫਸਲ ਹੋਈ ਹੈ। ਇਲਾਕੇ ਵਿੱਚ ਵੱਡੀ ਪੱਧਰ ’ਤੇ ਆਲੂਆਂ ਦੀ ਕਾਸ਼ਤ ਹੁੰਦੀ ਹੈ, ਪਰ ਮਜ਼ਦੂਰਾਂ ਦੀ ਕਿੱਲਤ ਕਾਰਨ ਇਸ ਫ਼ਸਲ ਦੀ ਪੁਟਾਈ ਪੱਛੜ ਗਈ ਹੈ। ਇਸ ਬੇਮੌਸਮੇ ਮੀਂਹ ਨੇ ਆਲੂ ਕਾਸ਼ਤਕਾਰਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਜੇਕਰ ਕੁਝ ਸਮਾਂ ਹੋਰ ਇਸੇ ਤਰ੍ਹਾਂ ਮੀਂਹ ਪੈਦਾਂ ਰਿਹਾ ਤਾਂ ਉਹ ਆਲੂਆਂ ਦੀ ਫ਼ਸਲ ਦਾ ਨੁਕਸਾਨ ਕਰ ਸਕਦਾ ਹੈ। ਕਿਸਾਨ ਸੁਖਪਾਲ ਸਿੰਘ ਰਾਈਵਾਲ ਦਾ ਕਹਿਣਾ ਸੀ ਕਿ ਇਸ ਮੀਂਹ ਨੇ ਆਲੂਆਂ ਦੀ ਪੁਟਾਈ ਤਾਂ ਰੋਕ ਦਿੱਤੀ ਹੈ। ਮੇਜਰ ਸਿੰਘ ਬਾਜਵਾ ਨੇ ਮੀਂਹ ਨੂੰ ਕਣਕ ਦੀ ਫ਼ਸਲ ਲਈ ਲਾਹੇਵੰਦ ਅਤੇ ਆਲੂਆਂ ਲਈ ਨੁਕਸਾਨਦੇਹ ਦੱਸਿਆ।

Advertisement
Author Image

joginder kumar

View all posts

Advertisement
Advertisement
×