ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੱਧਰਾਂ ਅਤੇ ਚਾਵਾਂ ਦਾ ਮਹੀਨਾ ਸਾਉਣ

08:36 AM Jul 20, 2024 IST

ਜਗਤਾਰ ਸਮਾਲਸਰ

Advertisement

ਸਾਲ ਦੇ 12 ਦੇਸੀ ਮਹੀਨਿਆਂ ਵਿੱਚੋਂ ਸਾਉਣ ਦੇ ਮਹੀਨੇ ਦੀ ਵਿਲੱਖਣ ਪਹਿਚਾਣ ਹੈ। ਜੇਠ-ਹਾੜ੍ਹ ਵਿੱਚ ਪੈਂਦੀਆਂ ਤੇਜ਼ ਧੁੱਪਾਂ ਕਾਰਨ ਸੜ ਚੁੱਕੀ ਧਰਤੀ ਅਤੇ ਮੁਰਝਾਈਆਂ ਫ਼ਸਲਾਂ ’ਤੇ ਜਦੋਂ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਹੈ ਤਾਂ ਚਾਰੇ ਪਾਸੇ ਹਰਿਆਲੀ ਨਜ਼ਰ ਆਉਣ ਲੱਗਦੀ ਹੈ। ਪੰਛੀ ਚਹਿਕ ਉੱਠਦੇ ਹਨ। ਮੋਰ ਪੈਲਾਂ ਪਾਉਂਦੇ ਨਜ਼ਰ ਆਉਂਦੇ ਹਨ। ਕੋਇਲ ਆਪਣੀ ਸੁਰੀਲੀ ਅਤੇ ਮਿੱਠੀ ਆਵਾਜ਼ ਨਾਲ ਕਾਇਨਾਤ ਵਿੱਚ ਨਵੀਆਂ ਤਰੰਗਾਂ ਛੇੜਦੀ ਹੈ। ਪ੍ਰਕਿਰਤੀ ਵਿੱਚ ਆਉਂਦੀ ਇਹ ਤਬਦੀਲੀ ਹਰ ਜੀਵ-ਜੰਤੂ ਵਿੱਚ ਨਵਾਂ ਰੰਗ ਭਰਦੀ ਹੈ ਅਤੇ ਮੌਸਮ ਐਨਾ ਖ਼ੁਸ਼ਨੁਮਾ ਹੋ ਜਾਂਦਾ ਹੈ ਕਿ ਹਰ ਪਾਸੇ ਖ਼ੁਸ਼ੀਆਂ-ਖੇੜੇ ਪਰਤ ਆਉਂਦੇ ਹਨ।
ਸਾਉਣ ਦੇ ਮਹੀਨੇ ਨੂੰ ਮੀਂਹ ਪੈਣ ਦੇ ਮਹੀਨੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਅਸਮਾਨ ਵਿੱਚ ਛਾਈਆਂ ਕਾਲੀਆਂ ਘਟਾਵਾਂ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਪੰਛੀਆਂ ਦੇ ਆਲ੍ਹਣਿਆਂ ਵਿੱਚ ਪਿਆ ਸੁੱਕਾ ਖੱਬਲ ਘਾਹ ਵੀ ਇਸ ਮਹੀਨੇ ਧਰਤੀ ’ਤੇ ਡਿੱਗ ਕੇ ਫਿਰ ਤੋਂ ਹਰਾ ਹੋ ਜਾਂਦਾ ਹੈ ਜੋ ਨਿਰਾਸ਼ਾ ਵਿੱਚ ਆਸ਼ਾ ਦੀ ਮਿਸਾਲ ਪੈਦਾ ਕਰਦਾ ਹੈ। ਇਸ ਮਹੀਨੇ ਦਾ ਜਿੱਥੇ ਕਿਸਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਉੱਥੇ ਹੀ ਕੁੜੀਆਂ ਲਈ ਵੀ ਇਹ ਮਹੀਨਾ ਨਵੀਆਂ ਖ਼ੁਸ਼ੀਆਂ, ਉਮੰਗਾਂ ਅਤੇ ਚਾਅ ਲੈ ਕੇ ਆਉਂਦਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਅਨੇਕ ਤਿਓਹਾਰ ਅਤੇ ਪਰੰਪਰਾਵਾਂ ਅਲੱਗ-ਅਲੱਗ ਮਹੀਨਿਆਂ ਨਾਲ ਜੁੜੀਆਂ ਹੋਈਆਂ ਹਨ। ਇਸੇ ਤਰ੍ਹਾਂ ਹੀ ਸਾਉਣ ਦੇ ਮਹੀਨੇ ਨੂੰ ਵੀ ਤੀਆਂ ਦੇ ਤਿਓਹਾਰ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਭਾਵੇ ਅਜੋਕੇ ਪਦਾਰਥਵਾਦੀ ਯੁੱਗ ਨੇ ਅੱਜਕੱਲ੍ਹ ਦੀਆਂ ਮੁਟਿਆਰਾਂ ਨੂੰ ਅਜਿਹੇ ਰੀਤੀ-ਰਿਵਾਜਾਂ ਤੋਂ ਦੂਰ ਕਰ ਦਿੱਤਾ ਹੈ। ਹੁਣ ਇਹ ਤਿਓਹਾਰ ਵੀ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਜਾਂ ਪਾਰਕਾਂ ਤੱਕ ਸਿਮਟ ਕੇ ਰਹਿ ਗਏ ਹਨ। ਹੁਣ ਦੀਆਂ ਮੁਟਿਆਰਾਂ ਤਾਂ ਪੀਂਘਾਂ ਝੂਟਣ ਤੋਂ ਵੀ ਡਰਦੀਆਂ ਹਨ ਪਰ ਬਹੁਤੇ ਪਿੰਡਾਂ ਵਿੱਚ ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਓਹਾਰ ਨੂੰ ਵੱਡੇ ਪੱਧਰ ’ਤੇ ਮਨਾਏ ਜਾਣ ਦੇ ਉਪਰਾਲੇ ਪਿੰਡਾਂ ਵਿੱਚ ਬਣੇ ਕਲੱਬਾਂ ਵੱਲੋਂ ਕੀਤੇ ਜਾ ਰਹੇ ਹਨ ਜੋ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਅਤਿ ਜ਼ਰੂਰੀ ਹਨ।
ਤਿੰਨ ਕੁ ਦਹਾਕੇ ਪਹਿਲਾਂ ਤੀਆਂ ਦਾ ਤਿਓਹਾਰ ਪਿੰਡ ਦੀ ਕਿਸੇ ਖੁੱਲ੍ਹੀ ਥਾਂ ’ਤੇ ਇੱਕ ਵੱਡੇ ਤਿਓਹਾਰ ਵਾਂਗ ਮਨਾਇਆ ਜਾਂਦਾ ਸੀ ਜਦੋਂ ਸਾਰੀਆਂ ਨਵ-ਵਿਆਹੀਆਂ ਕੁੜੀਆਂ ਆਪਣੇ-ਆਪਣੇ ਪੇਕੇ ਘਰ ਆਉਂਦੀਆਂ ਅਤੇ ਤੀਆਂ ਦੇ ਇਸ ਤਿਓਹਾਰ ਨੂੰ ਹੱਸਦੀਆਂ-ਖੇਡਦੀਆਂ ਰਲਮਿਲ ਕੇ ਮਨਾਉਂਦੀਆਂ ਸਨ। ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਅਤੇ 13 ਦਿਨ ਚੱਲਣ ਤੋਂ ਬਾਅਦ ਸਾਉਣ ਦੀ ਪੁੰਨਿਆ ਨੂੰ ਸਮਾਪਤ ਹੁੰਦਾ ਹੈ। ਇਹ ਤਿਓਹਾਰ ਵਿਆਹੀਆਂ ਕੁੜੀਆਂ ਦੇ ਮੁੜ ਮਿਲਣ ਦਾ ਸਬੱਬ ਵੀ ਬਣਦਾ ਹੈ। ਇਸ ਮਹੀਨੇ ਹਰ ਨਵੀਂ ਵਿਆਹੀ ਮੁਟਿਆਰ ਨੂੰ ਆਪਣੇ ਪੇਕੇ ਘਰ ਜਾਣ ਦੀ ਤਾਂਘ ਹੁੰਦੀ ਹੈ। ਕੁੜੀਆਂ ਦੇ ਮਨਾਂ ਵਿੱਚ ਦੱਬੇ ਚਾਅ ਇਸ ਮਹੀਨੇ ਹੁਲਾਰੇ ਲੈਣ ਲੱਗਦੇ ਹਨ। ਉਨ੍ਹਾਂ ਦੀਆਂ ਸੱਧਰਾਂ ਨੂੰ ਬੂਰ ਪੈਂਦਾ ਹੈ ਅਤੇ ਉਹ ਆਪਣੇ ਦਿਲ ਦੇ ਵਲਵਲਿਆਂ ਨੂੰ ਆਪਣੀਆਂ ਸਹੇਲੀਆਂ ਨਾਲ ਸਾਂਝਾ ਕਰਕੇ ਆਪਣੀਆਂ ਸੱਧਰਾਂ ਪੂਰੀਆਂ ਕਰਦੀਆਂ ਹਨ। ਰਹੁ-ਰੀਤਾਂ ਅਨੁਸਾਰ ਨਵੀਆਂ ਵਿਆਹੀਆਂ ਕੁੜੀਆਂ ਆਪਣਾ ਪਹਿਲਾ ਸਾਉਣ ਆਪਣੇ ਪੇਕੇ ਘਰ ਬਤੀਤ ਕਰਦੀਆਂ ਹਨ। ਇਸ ਮਹੀਨੇ ਵਿੱਚ ਕੁੜੀਆਂ ਹੱਥਾਂ ’ਤੇ ਮਹਿੰਦੀ ਲਾ ਕੇ ਅਤੇ ਬਾਹਾਂ ਵਿੱਚ ਰੰਗਲੇ ਚੂੜੇ ਪਾ ਕੇ ਹਾਰ-ਸ਼ਿੰਗਾਰ ਕਰਦੀਆਂ ਹਨ। ਤੀਆਂ ਦੌਰਾਨ ਇੱਕ ਦੂਜੀ ਨੂੰ ਮਿਲ ਕੇ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਹਨ। ਆਪਣੇ-ਆਪਣੇ ਸਹੁਰੇ ਪਰਿਵਾਰ ਦੇ ਵਰਤ-ਵਰਤਾਵੇ ਨੂੰ ਇੱਕ-ਦੂਜੀ ਕੋਲ ਦੱਸਦੀਆਂ ਹਨ।
ਬੀਤੇ ਸਮੇਂ ਦੌਰਾਨ ਤੀਆਂ ਮੌਕੇ ਆਥਣ ਵੇਲੇ ਵੱਡੇ ਰੁੱਖਾਂ ’ਤੇ ਪੀਂਘਾਂ ਪਾਈਆਂ ਜਾਂਦੀਆਂ ਸਨ ਅਤੇ ਕੁੜੀਆਂ ਇੱਕ-ਦੂਜੀ ਨਾਲ ਮੁਕਾਬਲਾ ਕਰਦੀਆਂ ਹੋਈਆਂ ਜ਼ੋਰ ਦੀ ਪੀਂਘ ਚੜ੍ਹਾਉਣ ਦਾ ਯਤਨ ਕਰਦੀਆਂ ਸਨ। ਪੀਂਘ ਨੂੰ ਆਪਣੇ ਜ਼ੋਰ ਨਾਲ ਚੜ੍ਹਾਉਣਾ ਵੀ ਇੱਕ ਕਲਾ ਮੰਨਿਆ ਜਾਂਦਾ ਸੀ ਜੋ ਹਰ ਕੁੜੀ ਵਿੱਚ ਨਹੀਂ ਹੁੰਦੀ ਸੀ। ਇਸ ਸਮੇਂ ਕੁੜੀਆਂ ਵੱਲੋਂ ਤੀਆਂ ਨਾਲ ਸਬੰਧਿਤ ਬੋਲੀਆਂ ਪਾਈਆਂ ਜਾਂਦੀਆਂ ਅਤੇ ਗਿੱਧੇ ਵਿੱਚ ਨੱਚ ਕੇ ਖ਼ੁਸ਼ੀ ਮਨਾਈ ਜਾਂਦੀ ਸੀ। ਚਾਰੇ ਪਾਸੇ ਗੋਲ ਘੇਰਾ ਬਣਾ ਕੇ ਖੜ੍ਹੀਆਂ ਮੁਟਿਆਰਾਂ ਗਿੱਧਾ ਪਾਉਂਦੀਆਂ ਅਤੇ ਇਸ ਘੇਰੇ ਵਿੱਚ ਨੱਚਣ ਵਾਲੀਆਂ ਕੁੜੀਆਂ ਇੱਕ-ਦੂਜੀ ਨਾਲ ਨੱਚਣ ਦਾ ਮੁਕਾਬਲਾ ਕਰਦੀਆਂ ਸਨ।
ਸਾਉਣ ਦੀ ਪੁੰਨਿਆ ਨੂੰ ਜਦੋਂ ਇਹ ਤਿਓਹਾਰ ਖ਼ਤਮ ਹੁੰਦਾ ਤਾਂ ਬੱਲ੍ਹੋ ਪਾਈ ਜਾਂਦੀ ਅਤੇ ਫਿਰ ਮਿਲਣ ਦੇ ਵਾਅਦੇ ਨਾਲ ਕੁੜੀਆਂ ਇੱਕ-ਦੂਜੀ ਤੋਂ ਭਰੇ ਮਨਾਂ ਨਾਲ ਵਿੱਛੜ ਜਾਂਦੀਆਂ। ਸਾਉਣ ਦੇ ਮਹੀਨੇ ਨੂੰ ਮੇਲ-ਮਿਲਾਪ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਇਸੇ ਲਈ ਸਾਉਣ ਦਾ ਮਹੀਨਾ ਖ਼ਤਮ ਹੋਣ ਤੋਂ ਬਾਅਦ ਅਕਸਰ ਇਹ ਬੋਲੀ ਪਾਈ ਜਾਂਦੀ ਹੈ, ‘ਸਾਉਣ ਵੀਰ ’ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।’
ਆਪਣੀਆਂ ਵਿਆਹੀਆਂ ਕੁੜੀਆਂ ਨੂੰ ਪੇਕੇ ਪਰਿਵਾਰ ਵੱਲੋਂ ਸਾਉਣ ਦੇ ਮਹੀਨੇ ਵਿੱਚ ਸੰਧਾਰਾ ਵੀ ਭੇਜਿਆ ਜਾਂਦਾ ਹੈ। ਜਿਸ ਵਿੱਚ ਕੱਪੜੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਇਸ ਮਹੀਨੇ ਪੈਂਦੇ ਮੀਂਹ ਨਾਲ ਜਦੋਂ ਮੌਸਮ ਪੂਰਾ ਠੰਢਾ ਹੋ ਜਾਂਦਾ ਤਾਂ ਘਰਾਂ ਵਿੱਚ ਖੁੱਲ੍ਹੇ-ਡੁੱਲ੍ਹੇ ਖੀਰ-ਪੂੜੇ ਬਣਾਏ ਜਾਂਦੇ ਸਨ। ਪਰਿਵਾਰ ਦੀਆਂ ਬਜ਼ੁਰਗ ਔਰਤਾਂ ਖੀਰ-ਪੂੜੇ ਬਣਾਉਣ ਵਿੱਚ ਪੂਰੀਆਂ ਮਾਹਿਰ ਹੁੰਦੀਆਂ ਸਨ। ਦੁੱਧ ਨੂੰ ਪੂਰੀ ਤਰ੍ਹਾਂ ਕਾੜ੍ਹ ਕੇ ਬਣਾਈ ਖੀਰ ਅਜੋਕੇ ਮਹਿੰਗੇ ਪਕਵਾਨਾਂ ਨੂੰ ਫਿੱਕੇ ਪਾ ਦਿੰਦੀ ਸੀ।
ਜਿਨ੍ਹਾਂ ਔਰਤਾਂ ਨੇ ਉਹ ਸਮਾਂ ਹੰਢਾਇਆ ਹੈ, ਉਹ ਅੱਜ ਵੀ ਉਸ ਵੇਲੇ ਨੂੰ ਯਾਦ ਕਰਦੀਆਂ ਹੋਈਆਂ ਉਸ ਦੇ ਮੁੜ ਆਉਣ ਦੀ ਉਡੀਕ ਕਰਦੀਆਂ ਹਨ। ਉਹ ਉਨ੍ਹਾਂ ਸਮਿਆਂ ਨੂੰ ਆਪਣੀ ਨਵੀਂ ਪੀੜ੍ਹੀ ਨਾਲ ਸਾਂਝਾ ਕਰਕੇ ਅੱਜ ਵੀ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੀਆਂ ਹਨ ਪਰ ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਹੋਇਆ ਪਾਣੀ ਅਤੇ ਸਮਾਂ ਕਦੇ ਵਾਪਸ ਨਹੀਂ ਆਉਂਦੇ।
ਅਜੋਕੀ ਬਦਲਦੀ ਜੀਵਨਸ਼ੈਲੀ ਵਿੱਚ ਹੁਣ ਵੱਡੇ ਬਦਲਾਅ ਆ ਚੁੱਕੇ ਹਨ। ਇਸ ਕਾਰਨ ਸਾਡਾ ਕਿਰਤ ਸੱਭਿਆਚਾਰ ਅਤੇ ਅਜਿਹੇ ਤਿਓਹਾਰ ਤੇਜ਼ੀ ਨਾਲ ਲੋਪ ਹੁੰਦੇ ਜਾ ਰਹੇ ਹਨ। ਅੱਜਕੱਲ੍ਹ ਦੀਆਂ ਮੁਟਿਆਰਾਂ ਜਿੱਥੇ ਪੰਜਾਬੀ ਸੱਭਿਆਚਾਰ ਦੀ ਅਜਿਹੀ ਅਨੋਖੀ ਅਤੇ ਵਿਲੱਖਣ ਪਹਿਚਾਣ ਤੋਂ ਅਣਜਾਣ ਹੋ ਰਹੀਆਂ ਹਨ, ਉੱਥੇ ਹੀ ਪੰਜਾਬੀ ਸੱਭਿਆਚਾਰ ਦੇ ਗੀਤਾਂ, ਬੋਲੀਆਂ, ਪਹਿਰਾਵੇ ਅਤੇ ਵਿਰਾਸਤ ਤੋਂ ਵੀ ਦੂਰ ਹੋ ਰਹੀਆਂ ਹਨ। ਅਜਿਹੇ ਤਿਓਹਾਰਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਢੁੱਕਵੇਂ ਉਪਰਾਲੇ ਕਰਨ ਦੀ ਲੋੜ ਹੈ।
ਸੰਪਰਕ: 94670-95953

Advertisement
Advertisement
Advertisement