For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਸ਼ਹੀਦੀਆਂ ਦਾ ਮਹੀਨਾ ਦਸੰਬਰ

06:05 AM Dec 11, 2024 IST
ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਸ਼ਹੀਦੀਆਂ ਦਾ ਮਹੀਨਾ ਦਸੰਬਰ
Advertisement

ਡਾ. ਰਣਜੀਤ ਸਿੰਘ

Advertisement

ਖਾਲਸਾ ਪੰਥ ਦੇ ਸਿਰਜਕ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੇ ਸਿੰਘਾਂ ਨੂੰ ਹੀ ਸਿਰ ਤਲੀ ’ਤੇ ਰੱਖਣ ਲਈ ਨਹੀਂ ਆਖਿਆ ਸਗੋਂ ਆਪਣੇ ਸਾਰੇ ਪਰਿਵਾਰ ਦੀ ਵੀ ਕੁਰਬਾਨੀ ਦਿੱਤੀ। ਸੰਸਾਰ ਵਿਚ ਕੋਈ ਹੋਰ ਪੀਰ ਪੈਗੰਬਰ ਨਹੀਂ ਹੋਇਆ, ਜਿਸ ਨੇ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦੀ ਦੇਣ ਲਈ ਤੋਰਿਆ ਹੋਵੇ। ਗੁਰੂ ਗੋਬਿੰਦ ਸਿੰਘ ਜੀ ਸਿਰਫ ਨੌਂ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਲਈ ਤੋਰ ਦਿੱਤਾ। ਉਦੋਂ ਦੇਸ਼ ਵਿਚ ਔਰੰਗਜ਼ੇਬ ਦਾ ਰਾਜ ਸੀ। ਉਹ ਧੱਕੇ ਨਾਲ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਪੰਡਿਤਾਂ ਨੂੰ ਵੀ ਧਰਮ ਤਬਦੀਲ ਕਰਨ ਦਾ ਹੁਕਮ ਸੁਣਾਇਆ ਗਿਆ। ਕਿਸੇ ਹਿੰਦੂ ਰਾਜੇ-ਮਹਾਰਾਜੇ ਨੇ ਪੰਡਿਤਾਂ ਦੀ ਬਾਂਹ ਨਾ ਫੜੀ। ਅਖੀਰ ਉਹ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ। ਬਾਲ ਗੋਬਿੰਦ ਰਾਏ ਨੇ ਪੁੱਛਿਆ, ‘ਪਿਤਾ ਜੀ ਇਸ ਜ਼ੁਲਮ ਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ।’ ਪਿਤਾ ਜੀ ਦਾ ਉਤਰ ਸੀ ਕਿ ਕਿਸੇ ਮਹਾਪੁਰਖ ਦੇ ਕੁਰਬਾਨੀ ਦੇਣ ਨਾਲ ਹੀ ਇਸ ਜ਼ੁਲਮ ਨੂੰ ਠੱਲ ਪਾਈ ਜਾ ਸਕਦੀ ਹੈ। ਬਾਲ ਗੋਬਿੰਦ ਰਾਏ ਨੇ ਆਖਿਆ, ‘ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ।’ ਆਪਣੇ ਪੁੱਤਰ ਦੇ ਸ਼ਬਦ ਸੁਣ ਕੇ ਗੁਰੂ ਜੀ ਨਿਹਾਲ ਹੋ ਗਏ। ਉਨ੍ਹਾਂ ਪੰਡਿਤਾਂ ਨੂੰ ਆਖਿਆ, ‘ਜਾ ਕੇ ਬਾਦਸ਼ਾਹ ਨੂੰ ਆਖ ਦਿਓ ਕਿ ਜੇ ਸਾਡਾ ਗੁਰੂ ਇਸਲਾਮ ਕਬੂਲ ਕਰ ਲਵੇ ਤਾਂ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ।’
ਨੌਵੇਂ ਗੁਰੂ ਨੇ ਆਪਣੀ ਮਰਜ਼ੀ ਨਾਲ ਸ਼ਹਾਦਤ ਦੇਣ ਲਈ ਦਿੱਲੀ ਵੱਲ ਚਾਲੇ ਪਾਏ। ਇਹ ਸ਼ਹਾਦਤ ਉਨ੍ਹਾਂ ਆਪਣੀ ਮਰਜ਼ੀ ਨਾਲ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ। ਇਹ ਅਦੁੱਤੀ ਸ਼ਹਾਦਤ ਸੀ ਕਿਉਂਕਿ ਸੰਸਾਰ ਵਿਚ ਬਹੁਤੀਆਂ ਸ਼ਹਾਦਤਾਂ ਮੌਕੇ ਦੇ ਹਾਕਮਾਂ ਵੱਲੋਂ ਆਪਣੇ ਵਿਰੋਧੀਆਂ ਨੂੰ ਸਜ਼ਾ ਦੇ ਰੂਪ ਵਿੱਚ ਦਿੱਤੀ ਗਈਆਂ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦੀਵਾਨ ਵਿਚ ਮਿਆਨ ’ਚੋਂ ਲਿਸ਼ਕਦੀ ਤਲਵਾਰ ਕੱਢ ਕੇ ਇਕ ਸਿਰ ਦੀ ਮੰਗ ਕੀਤੀ। ਇੰਝ ਉਨ੍ਹਾਂ ਪੰਜ ਜਿਊਂਦੇ ਸ਼ਹੀਦਾਂ ਦੀ ਚੋਣ ਕੀਤੀ, ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਸਿੰਘ ਸਜਾ ਕੇ ਪੰਜ ਪਿਆਰਿਆਂ ਦਾ ਨਾਮ ਦਿੱਤਾ। ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਆਪਣੇ ਆਪ ਨੂੰ ਉਸੇ ਪੰਗਤੀ ਵਿਚ ਖੜ੍ਹਾ ਕਰ ਦਿੱਤਾ। ਗੁਰੂ ਸਾਹਿਬ ਨੇ ਸਮਾਜ ’ਚੋ ਊਚਨੀਚ ਤੇ ਜਾਤ ਪਾਤ ਦੇ ਫ਼ਰਕ ਨੂੰ ਮੇਟ ਸਭਨਾਂ ਨੂੰ ਬਰਾਬਰੀ ਬਖ਼ਸ਼ੀ। ਗੁਰੂ ਦਾ ਸਿੰਘ ਕੇਵਲ ਆਪਣੇ ਹੱਕਾਂ ਦੀ ਰਾਖੀ ਨਹੀਂ ਕਰਦਾ ਸਗੋਂ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਵੀ ਕਰਦਾ ਹੈ। ਉਹ ਕਿਰਤ ਕਰਦਾ ਹੈ, ਵੰਡ ਛਕਦਾ ਹੈ ਤੇ ਨਾਮ ਜਪਦਾ ਹੈ। ਉਹ ਮਿੱਠ ਬੋਲੜਾ ਹੈ ਤੇ ਉੱਚੇ ਆਚਰਣ ਵਾਲਾ ਹੈ।
ਇਸ ਇਨਕਲਾਬੀ ਤਬਦੀਲੀ ਨੇ ਮੌਕੇ ਦੇ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਭੀਤ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਇਹ ਚੰਗਿਆੜੀ ਭਾਂਬੜ ਦਾ ਰੂਪ ਧਾਰ ਲਵੇ, ਸ਼ਾਸਕਾਂ ਨੇ ਇਸ ਨੂੰ ਬੁਝਾਉਣ ਲਈ ਭਾਰੀ ਫੌਜਾਂ ਨਾਲ ਦਸਮੇਸ਼ ਦੇ ਗੜ੍ਹ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫੌਜਾਂ ਨੇ 1701 ਤੋਂ 1704 ਦੇ ਵਿਚਕਾਰ ਆਨੰਦਪੁਰ ਸਾਹਿਬ ’ਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫੌਜ ਨਾਲ ਸ਼ਾਹੀ ਫੌਜਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਇਹ ਘੇਰਾ ਛੇ ਮਹੀਨੇ ਚੱਲਦਾ ਰਿਹਾ। ਸ਼ਾਹੀ ਫੌਜਾਂ ਨੇ ਗੁਰੂ ਜੀ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਲੜਾਈ ਬੰਦ ਕਰਕੇ ਆਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਘੇਰਾ ਚੁੱਕ ਲਿਆ ਜਾਵੇਗਾ।
ਗੁਰੂ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਕੀਰਤਪੁਰ ਸਾਹਿਬ ਵੱਲ ਤੁਰ ਪਏ। ਦੁਸ਼ਮਣ ਆਪਣੇ ਵਾਅਦੇ ਤੋਂ ਮੁੱਕਰ ਗਏ ਤੇ ਉਨ੍ਹਾਂ ਨੇ ਗੁਰੂ ਜੀ ’ਤੇ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਹੜ੍ਹ ਆਇਆ ਹੋਇਆ ਸੀ। ਪਿੱਛੋਂ ਵੈਰੀ ਦਾ ਹਮਲਾ, ਅੱਗੇ ਹੜ੍ਹ, ਸਾਰੀ ਵਹੀਰ ਨਿੱਖੜ ਗਈ। ਗੁਰੂ ਜੀ ਦਾ ਪਰਿਵਾਰ ਵੀ ਨਿੱਖੜ ਗਿਆ। ਜਦੋਂ ਗੁਰੂ ਜੀ ਨੇ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਡੇਢ ਸੌ ਦੇ ਕਰੀਬ ਸਿੰਘ ਰਹਿ ਗਏ। ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਨ੍ਹਾਂ ’ਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇਥੋਂ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਸਿਰਫ 40 ਸਿੰਘ ਹੀ ਰਹਿ ਗਏ, ਬਾਕੀ ਸ਼ਹੀਦੀਆਂ ਪਾ ਗਏ। ਉਸ ਦਿਨ ਸੱਤ ਪੋਹ ਸੀ ਤੇ ਕੜਾਕੇ ਦੀ ਠੰਢ ਪੈ ਰਹੀ ਸੀ। ਇਥੇ ਗੁਰੂ ਜੀ ਨੇ ਇਕ ਵੱਡੀ ਹਵੇਲੀ ਵਿਚ ਟਿਕਾਣਾ ਕੀਤਾ, ਜਿਸ ਨੂੰ ਗੜ੍ਹੀ ਆਖਿਆ ਜਾਂਦਾ ਹੈ। ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਦੁਪਹਿਰ ਤੀਕ ਸਿੰਘਾਂ ਦੇ ਤੀਰ ਤੇ ਗੋਲੀ-ਸਿੱਕਾ ਖ਼ਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ, ਜਿਨ੍ਹਾਂ ਗੜ੍ਹੀ ’ਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ। ਦੋ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਥਾਪੇ ਗਏ। ਬਾਬਾ ਅਜੀਤ ਸਿੰਘ ਦੀ ਉਸ ਵੇਲੇ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ 15 ਸਾਲ ਸੀ। ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਜਾਮ ਪੀ ਲੈਂਦਾ। ਵਾਰੀ ਆਉਣ ’ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋਰਿਆ। ਪੁੱਤਰ ਦੀ ਬਹਾਦਰੀ ਨੂੰ ਆਪ ਗੜ੍ਹੀ ਦੀ ਕੰਧ ’ਤੇ ਖੜ੍ਹੇ ਹੋ ਕੇ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਉਨ੍ਹਾਂ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਯੁੱਧ ਵਿਚ ਭੇਜ ਦਿੱਤਾ। ਜਿਸ ਫੁਰਤੀ ਅਤੇ ਸਿਆਣਪ ਨਾਲ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਯੁੱਧ ਕੀਤਾ, ਉਸ ਨੇ ਵੈਰੀਆਂ ਨੂੰ ਵੀ ਦੰਗ ਕਰ ਦਿੱਤਾ। ਰਾਤ ਪੈਣ ਤੱਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।
ਰਾਤ ਨੂੰ ਖਾਲਸੇ ਦਾ ਹੁਕਮ ਮੰਨ ਕੇ ਗੁਰੂ ਜੀ ਤਿੰਨ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ’ਚੋਂ ਨਿਕਲ ਗਏ। ਗੁਰੂ ਜੀ ਦਾ ਘੋੜਾ ਇਕ ਥਾਂ ਆ ਕੇ ਰੁੱਕ ਗਿਆ ਤੇ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ। ਗੁਰੂ ਜੀ ਨੇ ਭਾਈ ਦਇਆ ਸਿੰਘ ਨੂੰ ਆਖਿਆ ਕਿ ਵੇਖੋ ਘੋੜਾ ਕਿਉਂ ਰੁਕਿਆ ਹੈ। ਦਇਆ ਸਿੰਘ ਨੇ ਦੱਸਿਆ ਕਿ ਸਾਹਿਬਜ਼ਾਦੇ ਦਾ ਸਰੀਰ ਪਿਆ ਹੈ ਤੇ ਘੋੜਾ ਉਨ੍ਹਾਂ ਦੇ ਪੈਰ ਚੁੰਮ ਰਿਹਾ ਹੈ। ਭਾਈ ਦਇਆ ਸਿੰਘ ਆਪਣਾ ਕਮਰਕੱਸਾ ਖੋਲ੍ਹ ਸਾਹਿਬਜ਼ਾਦੇ ’ਤੇ ਪਾਉਣ ਲੱਗੇ ਤਾਂ ਗੁਰੂ ਜੀ ਨੇ ਰੋਕ ਦਿੱਤਾ। ਉਨ੍ਹਾਂ ਕਿਹਾ, ‘ਇਹ ਸਾਰੇ ਮੇਰੇ ਹੀ ਸਾਹਿਬਜ਼ਾਦੇ ਹਨ। ਕੋਈ ਆ ਕੇ ਆਪੇ ਹੀ ਇਨ੍ਹਾਂ ਦਾ ਸਸਕਾਰ ਕਰ ਦੇਵੇਗਾ।’ ਸ਼ਹੀਦਾਂ ਦੇ ਸਤਿਕਾਰ ਵਜੋਂ ਗੁਰੂ ਜੀ ਆਪ ਵੀ ਘੋੜੇ ਤੋਂ ਉਤਰੇ ਅਤੇ ਆਪਣੇ ਜੋੜੇ ਉਤਾਰ ਨੰਗੇ ਪੈਰੀਂ ਤੁਰ ਪਏ। ਨਾਲ ਦੇ ਸਿੰਘਾਂ ਨੇ ਸੋਚਿਆ ਗੁਰੂ ਜੀ ਮੁੜ ਘੋੜੇ ’ਤੇ ਸਵਾਰ ਹੋਣਗੇ ਪਰ ਉਹ ਤਾਂ ਅੱਗੇ ਜਾ ਚੁੱਕੇ ਸਨ। ਗੁਰੂ ਜੀ ਨਾਲ ਉਨ੍ਹਾਂ ਦਾ ਮੇਲ ਮਾਛੀਵਾੜੇ ਜਾ ਕੇ ਹੋਇਆ, ਜਿੱਥੇ ਦਸਮੇਸ਼ ਪਿਤਾ ਇਕ ਟਿੰਡ ਦਾ ਸਰਾਹਣਾ ਬਣਾਈ ਸੁੱਤੇ ਪਏ ਸਨ। ਤੜਕੇ ਇਕ ਸਿੰਘਣੀ ਬੀਬੀ ਸ਼ਰਨ ਕੌਰ ਨੇ ਚਿਤਾ ਸਜਾਈ ਤੇ ਸਾਰੇ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਉਸ ’ਤੇ ਰੱਖ ਅੱਗ ਲਗਾ ਦਿੱਤੀ। ਅੱਗ ਦੀ ਲਪਟਾਂ ਵੇਖ ਵੇਰੀ ਦੀ ਫ਼ੌਜ ਵਿਚ ਭਗਦੜ ਮਚ ਗਈ ਤੇ ਉਨ੍ਹਾਂ ਚਿਤਾ ਨੂੰ ਘੇਰਾ ਪਾ ਲਿਆ। ਇਸ ਤੋਂ ਪਹਿਲਾਂ ਕਿ ਫ਼ੌਜੀ ਬੀਬੀ ਨੂੰ ਫੜ ਲੈਂਦੇ, ਉਸ ਨੇ ਬਲਦੀ ਚਿਖਾ ਵਿਚ ਛਾਲ ਮਾਰ ਕੇ ਆਪਣੀ ਕੁਰਬਾਨੀ ਦੇ ਦਿੱਤੀ। ਬਾਕੀ ਸਿੰਘਾਂ ਨੇ ਸ਼ਾਹੀ ਫੌਜਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਰਾਹ ਦੇ ਦੁੱਖਾਂ-ਤਕਲੀਫਾਂ ਨੂੰ ਝੱਲਦਿਆਂ ਖਿਦਰਾਣੇ ਦੀ ਢਾਬ ਪੁੱਜੇ। ਉਦੋਂ ਤੱਕ ਵਿਛੜੇ ਕੁਝ ਸਾਥੀ ਅਤੇ ਇਲਾਕੇ ਦੀ ਸੰਗਤ ਉਨ੍ਹਾਂ ਦੇ ਨਾਲ ਹੋ ਗਈ। ਜ਼ਾਲਮ ਦੀ ਫੌਜ ਵੀ ਪਿੱਛਾ ਕਰਦੀ ਹੋਈ ਇਥੇ ਪੁੱਜ ਗਈ। ਘਮਸਾਣ ਦਾ ਯੁੱਧ ਹੋਇਆ। ਮਜ਼ਲੂਮ ਸਮਝੀਆਂ ਜਾਂਦੀਆਂ ਚਿੜੀਆਂ ਨੇ ਜ਼ਾਲਮ ਬਾਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਮਰਜੀਵੜਿਆਂ ਦੀ ਇਸ ਥੋੜ੍ਹੀ ਜਿਹੀ ਗਿਣਤੀ ਨੇ ਸ਼ਾਹੀ ਫੌਜਾਂ ਨੂੰ ਮੁੜਨ ਲਈ ਮਜਬੂਰ ਕਰ ਦਿੱਤਾ। ਮੁੜ ਸ਼ਾਹੀ ਫੌਜ ਦਾ ਗੁਰੂ ਜੀ ਉਤੇ ਹਮਲਾ ਕਰਨ ਦਾ ਕਦੇ ਵੀ ਹੌਸਲਾ ਨਹੀਂ ਹੋਇਆ। ਇਸ ਯੁੱਧ ’ਚ ਉਨ੍ਹਾਂ 40 ਸਿੰਘਾਂ ਨੇ ਵੀ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਆਨੰਦਪੁਰ ਸਾਹਿਬ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ।
ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਹਿ ਸਿੰਘ (7 ਸਾਲ) ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਸਿਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਤੋਂ ਵਿਛੜ ਗਏ ਸਨ। ਉਨ੍ਹਾਂ ਨਾਲ ਸਿਰਫ ਗੁਰੂ ਘਰ ਦਾ ਰਸੋਈਆ ਗੰਗੂ ਸੀ। ਉਹ ਇਨ੍ਹਾਂ ਨੂੰ ਮੋਰਿੰਡੇ ਲਾਗੇ ਪੈਂਦੇ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫੌਜ ਦਾ ਡਰ ਅਤੇ ਕੁਝ ਇਨਾਮ ਮਿਲਣ ਦੇ ਲਾਲਚ ਨਾਲ ਉਸ ਦੀ ਨੀਅਤ ਵਿਗੜ ਗਈ। ਉਸ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਕ ਬਜ਼ੁਰਗ ਔਰਤ ਅਤੇ ਦੋ ਮਾਸੂਮ ਬੱਚੇ ਮੁਲਜ਼ਮਾਂ ਦੇ ਰੂਪ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤੇ ਗਏ। ਇਸਲਾਮ ਕਬੂਲਣ ਲਈ ਡਰਾਇਆ ਤੇ ਧਮਕਾਇਆ ਗਿਆ, ਤਸੀਹੇ ਦਿੱਤੇ ਗਏ। ਜਦੋਂ ਡਰ ਅਤੇ ਤਸੀਹੇ ਇਨ੍ਹਾਂ ਮਹਾਨ ਰੂਹਾਂ ਨੂੰ ਡਰਾ ਨਾ ਸਕੇ ਤਾਂ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦੇ ਅਟਲ ਰਹੇ। ਇਸ ਤੋਂ ਵੱਡੀ ਸਿਰੜ ਤੇ ਸਿਦਕ ਦੀ ਕੋਈ ਹੋਰ ਮਿਸਾਲ ਨਹੀਂ ਹੋ ਸਕਦੀ। ਸੂਬੇਦਾਰ ਨੇ ਗੁੱਸੇ ਵਿਚ ਆ ਕੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾਉਣ ਦਾ ਹੁਕਮ ਸੁਣਾ ਦਿੱਤਾ।
ਸੂਬੇਦਾਰ ਨੂੰ ਉਮੀਦ ਸੀ ਕਿ ਸਜ਼ਾ ਸੁਣ ਕੇ ਬੱਚੇ ਡੋਲ ਜਾਣਗੇ ਤੇ ਇਸਲਾਮ ਕਬੂਲ ਕਰ ਲੈਣਗੇ ਪਰ ਬੱਚਿਆਂ ਦੇ ਮੁੱਖ ਉੱਤੇ ਇਕ ਇਲਾਹੀ ਨੂਰ ਸੀ, ਉਹ ਸ਼ਹੀਦੀ ਦਾ ਜਾਮ ਪੀਣ ਲਈ ਤਿਆਰ ਸਨ। ਬੱਚੇ ਅਡੋਲ ਖੜ੍ਹੇ ਸਨ ਤੇ ਰਾਜ ਇੱਟਾਂ ਚਿਣ ਰਿਹਾ ਸੀ। ਇਸ ਤੋਂ ਵੱਡਾ ਸ਼ਾਇਦ ਕੋਈ ਹੋਰ ਜ਼ੁਲਮ ਹੋ ਹੀ ਨਹੀਂ ਸਕਦਾ ਅਤੇ ਇਸ ਤੋਂ ਵੱਡੀ ਹੋਰ ਕੋਈ ਕੁਰਬਾਨੀ ਹੋ ਨਹੀਂ ਸਕਦੀ। ਜਦੋਂ ਇਹ ਖਬਰ ਮਾਤਾ ਗੁਜ਼ਰੀ ਜੀ ਕੋਲ ਪੁੱਜੀ ਤਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਕਈ ਇਤਿਹਾਸਕਾਰ ਲਿਖਦੇ ਹਨ ਕਿ ਮਾਤਾ ਜੀ ਨੂੰ ਛੱਤ ਤੋਂ ਧੱਕਾ ਦੇ ਕੇ ਥੱਲੇ ਸੁੱਟਿਆ ਗਿਆ। ਇੰਝ ਦਸਮੇਸ਼ ਪਿਤਾ ਨੇ ਖਾਲਸੇ ਦੀ ਸਿਰਜਣਾ ਸ਼ਹੀਦੀ ਰੂਪੀ ਇੱਟਾਂ ਨਾਲ ਕੀਤੀ।

Advertisement

Advertisement
Author Image

joginder kumar

View all posts

Advertisement