For the best experience, open
https://m.punjabitribuneonline.com
on your mobile browser.
Advertisement

ਸਾਉਣ ਮਹੀਨਾ ਬਿਰਹਣ ਦਾ...

10:50 AM Jul 25, 2020 IST
ਸਾਉਣ ਮਹੀਨਾ ਬਿਰਹਣ ਦਾ
Advertisement

ਡਾ. ਪ੍ਰਿਤਪਾਲ ਸਿੰਘ ਮਹਿਰੋਕ

Advertisement

ਬਿਰਹਾ ਦੇ ਸੱਲ੍ਹ ਸਹਿਣੇ ਬਹੁਤ ਕਠਨਿ ਹੁੰਦੇ ਹਨ। ਉਂਜ ਤਾਂ ਸਾਲ ਦੇ ਬਾਰਾਂ ਮਹੀਨੇ ਹੀ ਅਜਿਹੀ ਤਕਲੀਫ਼ ਝੱਲਣੀ ਔਖੀ ਹੁੰਦੀ ਹੈ, ਪਰ ਵਿਸ਼ੇਸ਼ ਕਰਕੇ ਸਾਉਣ ਦੇ ਮਹੀਨੇ ਵਿਚ ਬਿਰਹਣ ਦੇ ਕੋਮਲ ਮਨ ਦੀਆਂ ਖਿੜੀਆਂ ਕੋਂਪਲਾਂ ਵੀ ਮੁਰਝਾ ਜਾਂਦੀਆਂ ਹਨ। ਉਸਦੇ ਵਸਲ-ਅੰਬਰਾਂ ਨੂੰ ਕਾਲੀ ਬੋਲੀ ਰਾਤ ਆਪਣੇ ਕੱਜਲਵਈ ਦੁਪੱਟੇ ਓਹਲੇ ਢੱਕ ਲੈਂਦੀ ਹੈ ਤੇ ਚੰਦ ਚਾਨਣੀ ਬਿਰਹਾ ਬੱਦਲਾਂ ਦੀ ਸਿਆਹੀ ਪਿੱਛੇ ਲੁਕ ਜਾਂਦੀ ਹੈ। ਅਜਿਹੀ ਬਿਰਹਣ ਦੀਆਂ ਵੇਦਨਾਵਾਂ ਸਾਉਣ ਦੇ ਲੁਭਾਵਣੇ ਮਹੀਨੇ ਵਿਚ ਬੜੀਆਂ ਦਿਲ ਟੁੰਬਵੀਆਂ ਹੁੰਦੀਆਂ ਹਨ। ਵਿਛੋੜੇ ਦੇ ਤੀਰ ਚਲਾ ਕੇ ਚਲੇ ਜਾਣ ਵਾਲੇ ਮਾਹੀ ਨੂੰ ਸੰਬੋਧਨ ਕਰਦਿਆਂ ਉਹ ਤਰਲੇ ਪਾਉਂਦੀ ਹੈ। ਉਸਨੂੰ ਆਪਣੀ ਪ੍ਰੀਤ ਦੇ ਰਾਹ ਕੰਡਿਆਲੇ ਹੋ ਗਏ ਜਾਪਦੇ ਹਨ। ਆਪਣੀਆਂ ਭਾਵਨਾਵਾਂ ਨੂੰ ਉਹ ਪੰਜਾਬੀ ਲੋਕ ਗੀਤਾਂ ਰਾਹੀਂ ਪ੍ਰਗਟਾਉਂਦੀ ਹੈ:

ਘਨਘੋਰ ਘਟਾਵਾਂ ਬਰਸਣ ਕਣੀਆਂ

ਪੌਣਾਂ ਪਾਉਣ ਕਹਾਣੀਆਂ ਵੇ।

ਸਾਉਣ ਮਹੀਨਾ ਰੁੱਤ ਵਸਲਾਂ ਦੀ

ਤੂੰ ਖ਼ਬਰਾਂ ਕਿਉਂ ਨਾ ਜਾਣੀਆਂ ਵੇ…

ਬਿਰਹਾ ਦੇ ਬਾਕੀ ਮਹੀਨਿਆਂ ਵਾਂਗ ਸਾਉਣ ਮਹੀਨੇ ਵਿਚ ਵੀ ਉਹ ਕਾਵਾਂ ਤੇ ਕਬੂਤਰਾਂ ਰਾਹੀਂ ਸੁਨੇਹੇ ਭੇਜਦੀ ਹੈ, ਉਦਾਸੀ ਵਿਚ ਆਪਣਾ ਜੀਵਨ ਬਤੀਤ ਕਰਦੀ ਹੈ। ਰਸੋਈ ਵਿਚ ਬੈਠੀ ਨੂੰ ਉਸਨੂੰ ‘ਧੂੰਏਂ ਦੇ ਪੱਜ’ ਰੋਣਾ ਪੈਂਦਾ ਹੈ। ਉਸਨੂੰ ਆਪਣਾ ਜੀਵਨ ਵਿਅਰਥ ਤੇ ਜਵਾਨੀ ਬੋਝਲ ਜਾਪਣ ਲੱਗਦੀ ਹੈ। ਉਸਦੇ ਮਾਹੀ ਦੀ ਵੀ ਸਾਉਣ ਮਹੀਨੇ ਘਰ ਨਾ ਆ ਸਕਣ ਦੀ ਕੋਈ ਮਜਬੂਰੀ ਹੋਵੇਗੀ, ਪਰ ਉਹ ਸਭ ਮਜਬੂਰੀਆਂ ਉਲੰਘਣੀਆਂ ਚਾਹੁੰਦੀ ਹੈ:

ਕੀਕਣ ਆਵਾਂ ਗੋਰੀਏ, ਸੁਣ ਜਾਨੇ ਮੇਰੀਏ

ਰਾਹ ਵਿਚ ਸ਼ੂਕਣ ਨਾਗ ਕਿ ਸਾਵਣ ਆਇਆ।

ਨਾਗਾਂ ਨੂੰ ਪਾ ਪਟਾਰੀਆਂ, ਸੁਣ ਜਾਨੀ ਮੇਰਿਆ

ਤੂੰ ਘਰ ਵਗਦਾ ਆ ਕਿ ਸਾਵਣ ਆਇਆ।

ਕੀਕਣ ਆਵਾਂ ਗੋਰੀਏ, ਸੁਣ ਜਾਨੇ ਮੇਰੀਏ

ਰਾਹ ਵਿਚ ਗੱਜਦੇ ਸ਼ੇਰ ਕਿ ਸਾਵਣ ਆਇਆ।

ਕੋਈ ਚਾਰਾ ਨਾ ਚੱਲਦਿਆਂ ਵੇਖ ਕੇ ਬਿਰਹਣ ਸਾਉਣ ਦਿਆਂ ਬੱਦਲਾਂ ਰਾਹੀਂ ਆਪਣੇ ਪ੍ਰੀਤਮ ਨੂੰ ਸੁਨੇਹਾ ਭੇਜ ਕੇ ਵਸਲ ਦੀ ਤਾਂਘ ਪ੍ਰਗਟਾਉਂਦੀ ਹੈ। ਅਸਮਾਨੀ ਛਾਏ ਕਾਲੇ ਬੱਦਲ ਉਸਨੂੰ ਬੇਹਾਲ ਕਰ ਦਿੰਦੇ ਹਨ:

ਕਾਲੇ ਬੱਦਲ ਆ ਗਏ ਬਿਜਲੀ ਦੇ ਲਿਸ਼ਕਾਰ

ਮੇਰੇ ਨੈਣ ਉਡੀਕ ਵਿਚ ਵਰਸਣ ਮੋਹਲੇਧਾਰ।

ਫੁੱਲ ਖਿੜੇ ਕਚਨਾਰ ਦੇ, ਪੈਲਾਂ ਪਾਵਣ ਮੋਰ

ਚੰਨ, ਚੁਫੇਰੇ ਭਾਲਦੇ, ਮੇਰੇ ਨੈਣ ਚਕੋਰ।

ਸਾਉਣ ਦੇ ਮਹੀਨੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਕੁੜੀਆਂ ਬੜੇ ਚਾਵਾਂ ਮਲਾਰਾਂ ਨਾਲ ਪੀਂਘਾਂ ਝੂਟਦੀਆਂ ਹਨ। ਨਿੱਕੀ ਨਿੱਕੀ ਪੈਂਦੀ ਫੁਹਾਰ ਜੋਬਨ ਮੱਤੀਆਂ ਮੁਟਿਆਰਾਂ ਨੂੰ ਮਸਤੀ ਨਾਲ ਭਰਦੀ ਜਾਂਦੀ ਹੈ। ਇਸ ਸਮੇਂ ਬਿਰਹਣ ਕੋਲੋਂ ਆਪਣੀਆਂ ਸੱਧਰਾਂ ਸਾਂਭੀਆਂ ਨਹੀਂ ਜਾਂਦੀਆਂ। ਫਿਰ ਛੇਤੀ ਹੀ ਉਸਨੂੰ ਮਾਹੀ ਦੇ ਆਉਣ ਦੀਆਂ ‘ਤਰੀਕਾਂ’ ਦੇ ਅਜੇ ਦੂਰ ਹੋਣ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ:

ਘਟਾਂ ਕਾਲੀਆਂ ਛਾਈਆਂ

ਵਰ੍ਹਦਾ ਨੂਰ ਵੇ ਚੰਨਾ

ਤੇਰੇ ਆਉਣ ਦੀਆਂ

ਅਜੇ ਤਰੀਕਾਂ ਦੂਰ,ਵੇ ਚੰਨਾ…

ਮਾਹੀ ਦੇ ਛੇਤੀ ਮੁੜ ਆਉਣ ਦਾ ਦਿਲਾਸਾ ਹੁਣ ਉਸ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਆਪਣੇ ਮਾਹੀ ਵੱਲੋਂ ਕੀਤੀ ਜਾ ਰਹੀ ਕਮਾਈ ਵੀ ਉਸ ਵਾਸਤੇ ਕੋਈ ਬਹੁਤਾ ਮਹੱਤਵ ਨਹੀਂ ਰੱਖਦੀ ਕਿਉਂਜੋ ਕਮਾਈ ਦੇ ਇਵਜ਼ ਵਿਚ ਉਸਦੀ ਜਵਾਨੀ ਜੁ ਦਾਅ ’ਤੇ ਲੱਗ ਰਹੀ ਹੈ। ਭਰ ਜੋਬਨ ਮੁਟਿਆਰ ਨੂੰ ਸਾਉਣ ਦੇ ਮਹੀਨੇ ਵਿਚ ਆਪਣੇ ਪਤੀ ਦੀ ਨੌਕਰੀ ਵੀ ਉਸਦੇ ਮਿਲਾਪ ਤੋਂ ਹਲਕੀ ਜਾਪਦੀ ਹੈ।

ਉਸਦੇ ਹਉਕੇ ਹਾਵੇ ਉਸਦੇ ਪਤੀ ਦੇ ਰੁਝੇਵਿਆਂ ਨੂੰ ‘ਦੋ ਟਕਿਆਂ ਦੀ ਨੌਕਰੀ’ ਕਹਿੰਦੇ ਹਨ। ਇਸ ਮਹੀਨੇ ਦੀਆਂ ਮਨਮੋਹਕ ਤੇ ਠੰਢੀਆਂ ਹਵਾਵਾਂ ਵਿਚ ਬਿਰਹਣ ਨੂੰ ਆਪਣੇ ਪ੍ਰੀਤਮ ਦੀ ਯਾਦ ਸਤਾਉਂਦੀ ਹੈ ਤਾਂ ਉਹ ਆਪਣਾ ਆਪ ਭੁਲਾ ਕੇ ਪੀਂਘ ਵੀ

ਨਹੀਂ ਝੂਟ ਸਕਦੀ:

ਪਹਨਿ ਪੱਚਰ ਕੇ ਚੜ੍ਹ ਗਈ ਪੀਂਘ ’ਤੇ

ਡਿੱਗ ਪਈ ਹੁਲਾਰਾ ਖਾ ਕੇ

ਪੈਣ ਫੁਹਾਰਾਂ ਚਮਕੇ ਬਿਜਲੀ

ਮੈਨੂੰ ਵੇਖ ਲੈ ਰਾਂਝਿਆ ਆ ਕੇ

ਬੱਦਲਾਂ ਨੂੰ ਵੇਖ ਰਹੀ

ਮੈਂ ਤੇਰਾ ਸੁਨੇਹਾ ਪਾ ਕੇ…

ਸਾਉਣ ਦੇ ਮਹੀਨੇ ਵਿਚ ਪੇਕੇ ਘਰ ਬੈਠੀ, ਉਡੀਕ ਦੀ ਲੰਮੀ ਕਹਾਣੀ ਬਣੀ ਬਿਰਹਣ ਦੀ ਨਿੱਤ ਦੀ ਤਾਂਘ ਦਾ ਅਹਿਸਾਸ ਕਰਕੇ ਉਸਦਾ ਮਾਹੀ ਉਸ ਪਾਸ ਆ ਪਹੁੰਚਦਾ ਹੈ:

ਸੌਣ ਦਾ ਮਹੀਨਾ ਬਾਗੀਂ ਬੋਲਦੇ ਨੇ ਮੋਰ ਨੀਂ

ਤੁਰ ਚੱਲ ਨਖਰੋ, ਨਾ ਗੱਡੀ ਖਾਲੀ ਮੋੜ ਨੀਂ।

ਬਿਰਹਣ ਨੂੰ ਹੋਰ ਕੀ ਚਾਹੀਦਾ ਹੈ? ਜਿਸ ਬਿਰਹਣ ਨੂੰ ਸਾਉਣ ਦੇ ਮਹੀਨੇ ਵਿਚ ਵੀ ਆਪਣੀਆਂ ਗਲੀਆਂ ਵਿਚ ਸੋਕਾ ਪ੍ਰਤੀਤ ਹੁੰਦਾ ਰਿਹਾ ਹੋਵੇ, ਉਸਦੇ ਵਿਹੜੇ ਵਿਚ ਖ਼ੁਸ਼ੀਆਂ ਦੀ ਛਹਬਿਰ ਲੱਗ ਜਾਂਦੀ ਹੈ। ਉਸਦੇ ਬਿਰਹਾ ਭਾਵਾਂ ਦਾ ਸੋਕਾ ਮੱਠਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਕਹਿ ਉੱਠਦੀ ਹੈ:

ਸਾਉਣ ਦੇ ਮਹੀਨੇ ਬੱਦਲ ਘਿਰ ਆਏ ਕਾਲੇ

ਛੱਡ ਕੇ ਨਾ ਜਾਵੀਂ ਸਾਨੂੰ ਲੈ ਚੱਲੀਂ ਨਾਲੇ।

ਸ਼ਾਲਾ ! ਕਿਸੇ ਵੀ ਬਿਰਹਣ ਦੀ ਉਡੀਕ ਦੀ ਉਮਰ ਬਹੁਤੀ ਲੰਮੀ ਨਾ ਹੋਵੇ। ਸਭਨਾਂ ਦੇ ਵਿਹੜੇ ਮੇਲ ਮਿਲਾਪ ਦੀਆਂ ਬਰਕਤਾਂ ਨਾਲ ਭਰੇ ਰਹਿਣ।

ਸੰਪਰਕ : 98885-10185

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×