ਕੇਟੀਐੈੱਫ ਕਾਰਕੁਨ ਕੋਲੋਂ ਬਰਾਮਦ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜੇ
ਐੱਨ.ਪੀ. ਧਵਨ
ਪਠਾਨਕੋਟ, 30 ਨਵੰਬਰ
ਪਠਾਨਕੋਟ ਪੁਲੀਸ ਵੱਲੋਂ ਲੰਘੇ ਦਿਨ ਫੜੇ ਗਏ ਖਾਲਿਸਤਾਨ ਟਾਈਗਰ ਫੋਰਸ ਦੇ ਕਾਰਕੁਨ ਮਨਦੀਪ ਸਿੰਘ ਧਾਲੀਵਾਲ ਕੋਲੋਂ ਬਰਾਮਦ ਹੋਏ ਤਿੰਨ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ। ਇਨ੍ਹਾਂ ਮੋਬਾਈਲਾਂ ਦੀ ਜਾਂਚ ਵਿੱਚ ਉਸ ਵੱਲੋਂ ਹਿੰਦੂ ਸੰਗਠਨ ਦੇ ਇਕ ਆਗੂ ਨੂੰ ਕਥਿਤ ਧਮਕੀਆਂ ਦਿੱਤੇ ਜਾਣ ਅਤੇ ਉਸ ਦੇ ਰਾਡਾਰ ’ਤੇ ਹੋਰ ਕਿਹੜੇ-ਕਿਹੜੇ ਆਗੂ ਸਨ, ਆਦਿ ਬਾਰੇ ਪਤਾ ਲੱਗਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਧਾਲੀਵਾਲ ਦਾ ਪੁਲੀਸ ਰਿਮਾਂਡ ਚੱਲ ਰਿਹਾ ਹੈ ਅਤੇ ਉਸ ਨੂੰ ਪੁੱਛ-ਪੜਤਾਲ ਲਈ ਅੰਮ੍ਰਿਤਸਰ ਐੱਸਟੀਐੱਫ ਹਵਾਲੇ ਕੀਤਾ ਜਾਵੇਗਾ। ਰਿਮਾਂਡ ਖਤਮ ਹੋਣ ਉਪਰੰਤ ਧਾਲੀਵਾਲ ਨੂੰ 2 ਦਸੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਟੀਐੱਫ ਆਗੂ ਮਨਦੀਪ ਸਿੰਘ ਧਾਲੀਵਾਲ ਨੇ ਹਿੰਦੂ ਸੰਗਠਨ ਦੇ ਇੱਕ ਆਗੂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਸੂਤਰਾਂ ਅਨੁਸਾਰ ਉਸ ਨੇ ਸ਼ਿਵ ਸੈਨਾ ਦੇ ਉਕਤ ਆਗੂ ਦੇ ਇੱਥੇ ਮਾਮੂਨ ਸਥਿਤ ਘਰ ਦੀ ਰੈਕੀ ਵੀ ਕੀਤੀ ਹੋਈ ਸੀ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਸਦਕਾ ਇਲਾਕੇ ’ਚ ਕਥਿਤ ਤੌਰ ’ਤੇ ਵੱਡੀ ਵਾਰਦਾਤ ਹੋਣੋਂ ਟਲ ਗਈ ਹੈ। ਮੁਲਜ਼ਮ ਮਨਦੀਪ ਸਿੰਘ ਧਾਲੀਵਾਲ ’ਤੇ ‘ਜੰਗਜੀਤ ਸਿੰਘ ਦਾਖਾ’ ਦੇ ਨਾਂ ’ਤੇ ਜਾਅਲੀ ਫੇਸਬੁੱਕ ਆਈਡੀ ਬਣਾ e/ ਪਠਾਨਕੋਟ ਦੇ ਇੱਕ ਹਿੰਦੂ ਸੰਗਠਨ ਦੇ ਆਗੂ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਧਮਕੀਆਂ ਦੇਣ ਦੋਸ਼ ਹੈ।