ਵਿਧਾਇਕ ਵੱਲੋਂ ਸੀਵਰੇਜ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 16 ਅਗਸਤ
ਮੁਹਾਲੀ ਵਿੱਚ ਸੀਵਰੇਜ ਸਿਸਟਮ ਅਤੇ ਸਟਾਰਮ ਵਾਟਰ ਪਾਈਪ ਲਾਈਨਾਂ ਵਿੱਚ ਆਈ ਖ਼ਰਾਬੀ ਨੂੰ ਠੀਕ ਕਰਨ ਲਈ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ 2.62 ਕਰੋੜ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਸ਼ਹਿਰ ਵਾਸੀਆਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਦੇ ਸਾਹਮਣੇ 365 ਮੀਟਰ ਲੰਮੀ ਸੀਵਰੇਜ ਲਾਈਨ ਅਤੇ ਫੇਜ਼-3ਬੀ1 ਤੇ ਫੇਜ਼-3ਬੀ2 ਨੂੰ ਵੰਡਦੀ ਸੜਕ ’ਤੇ ਬਣੀਆਂ ਦੁਕਾਨਾਂ ਲਈ 135 ਮੀਟਰ ਲੰਮੀ ਸੀਵਰੇਜ ਲਾਈਨ ਪਾਉਣ ਦੇ ਕੰਮ ਸ਼ੁਰੂ ਕਰਵਾਏ।
ਕੁਲਵੰਤ ਸਿੰਘ ਨੇ ਦੱਸਿਆ ਕਿ ਲਖਨੌਰ ਚੋਅ ਵਿੱਚ ਸੀਵਰੇਜ ਦਾ ਪਾਣੀ ਜਾਣ ਤੋਂ ਰੋਕਣ ਲਈ ਅੱਜ ਸ਼ੁਰੂ ਕੀਤੇ ਕੰਮਾਂ ਤੋਂ ਇਲਾਵਾ ਫੇਜ਼-3ਬੀ1, 3ਬੀ2, ਫੇਜ਼-4, 5, 7, ਸੈਕਟਰ-70 ਤੇ 71 ਅਤੇ ਪਿੰਡ ਮਟੌਰ ਖੇਤਰ ਵਿੱਚ ਸੀਵਰੇਜ ਅਤੇ ਸਟਾਰਮ ਪਾਈਪ ਲਾਈਨਾਂ ਦੀ ਰਿਪੇਅਰ ਦੇ ਕੰਮ ਵੀ ਛੇਤੀ ਸ਼ੁਰੂ ਕੀਤੇ ਜਾਣਗੇ। ਇਹ ਸਾਰੇ ਕੰਮ ਮੁਕੰਮਲ ਹੋਣ ਨਾਲ ਪ੍ਰਭਾਵਿਤ ਖੇਤਰਾਂ ਦੇ ਸੀਵਰੇਜ ਪਾਣੀ ਨੂੰ ਐਸਟੀਪੀ ਵਿੱਚ ਪਾਇਆ ਜਾਵੇਗਾ। ਇਸ ਨਾਲ ਲਖਨੌਰ ਚੋਅ ਵਿੱਚ ਦਾਖ਼ਲ ਹੋ ਰਹੇ ਗੰਦੇ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ।