ਵਿਧਾਇਕ ਵੱਲੋਂ ਚਾਰ ਪਾਰਕਾਂ ਦੇ ਨਵੀਨੀਕਰਨ ਸਬੰਧੀ ਪ੍ਰਾਜੈਕਟ ਸ਼ੁਰੂ
ਗਗਨ ਅਰੋੜਾ
ਲੁਧਿਆਣਾ, 5 ਨਵੰਬਰ
ਹਰਿਆਲੀ ਫੈਲਾਉਣ ਅਤੇ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਅੱਜ ਲੁਧਿਆਣਾ ਉੱਤਰੀ ਹਲਕੇ ਦੇ ਵਾਰਡ ਨੰਬਰ 83 (ਨਵਾਂ ਵਾਰਡ ਨੰਬਰ 70) ਵਿੱਚ ਜੰਡੂ ਚੌਕ ਅਤੇ ਆਕਾਸ਼ ਪੁਰੀ ਵਿੱਚ ਚਾਰ ਪਾਰਕਾਂ ਦੇ ਨਵੀਨੀਕਰਨ ਲਈ ਇੱਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਦੋ ਪਾਰਕ ਜੰਡੂ ਚੌਕ ਦੇ ਕੋਲ ਸਥਿਤ ਹਨ ਜਦੋਂ ਕਿ ਦੋ ਪਾਰਕ ਆਕਾਸ਼ ਪੁਰੀ ਵਿੱਚ ਸਥਿਤ ਹਨ। ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਪਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਵਿਧਾਇਕ ਸ੍ਰੀ ਬੱਗਾ ਨੇ ਕਿਹਾ ਕਿ ਇਲਾਕਾ ਵਾਸੀਆਂ ਤੋਂ ਫੀਡਬੈਕ ਲੈ ਕੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਦੇ ਸੁਝਾਅ ਅਨੁਸਾਰ ਪਾਰਕਾਂ ਵਿੱਚ ਬੱਚਿਆਂ ਦੇ ਖੇਡਣ ਲਈ ਢੁਕਵੀਂ ਥਾਂ, ਬੈਠਣ ਦੀ ਥਾਂ, ਫੁੱਟਪਾਥ ਆਦਿ ਵਿਕਸਤ ਕੀਤੇ ਜਾਣਗੇ। ਵਿਧਾਇਕ ਬੱਗਾ ਨੇ ਕਿਹਾ ਕਿ ਲੁਧਿਆਣਾ ਉੱਤਰੀ ਹਲਕੇ ਦੇ ਵਸਨੀਕਾਂ ਨੂੰ ਹਰੇ ਭਰੇ ਸਥਾਨ ਪ੍ਰਦਾਨ ਕਰਨ ਲਈ ਗਰੀਨ ਬੈਲਟਾਂ ਅਤੇ ਪਾਰਕਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਵਿਧਾਇਕ ਸ੍ਰੀ ਬੱਗਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰ ਵਾਸੀਆਂ ਨੂੰ ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਪਾਰਕਾਂ ਦੇ ਨਵੀਨੀਕਰਨ ਦਾ ਇਹ ਪ੍ਰਾਜੈਕਟ ਇਸ ਮਹੀਨੇ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਉੱਤਰੀ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।
ਨਵੀਂਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 1 ਅਧੀਨ ਭਾਰਤੀ ਕਲੋਨੀ ਅਤੇ ਮੈਟਰੋ ਰੋਡ, ਨੇੜੇ ਸੇਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਨਵੀਂਆਂ ਸੜਕਾਂ ਦੇ ਉਸਾਰੀ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਬੱਗਾ ਨਾਲ ਸੀਨੀਅਰ ‘ਆਪ’ ਆਗੂਆਂ ਤੋਂ ਇਲਾਵਾ ਇਲਾਕਾ ਵਾਸੀ ਵੀ ਮੌਜੂਦ ਸਨ। ਵਿਧਾਇਕ ਬੱਗਾ ਨੇ ਦੱਸਿਆ ਕਿ ਭਾਰਤੀ ਕਲੋਨੀ ਵਿੱਚ ਵੱਖ-ਵੱਖ ਸੜਕਾਂ ਦੇ ਉਸਾਰੀ ਕਾਰਜਾਂ ’ਤੇ ਕਰੀਬ 56 ਲੱਖ ਰੁਪਏ ਖਰਚ ਕੀਤੇ ਜਾਣਗੇ ਜਦਕਿ ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਮੈਟਰੋ ਰੋਡ, ਨੇੜੇ ਸੇਕਰਡ ਹਾਰਟ ਕਾਨਵੈਂਟ ਸਕੂਲ ਵਾਲੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ।