ਵਿਧਾਇਕ ਨੇ ਫਿਰਨੀ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ
ਪੱਤਰ ਪ੍ਰੇਰਕ
ਮਾਨਸਾ, 18 ਨਵੰਬਰ
ਵਿਧਾਇਕ ਡਾ. ਵਿਜੈ ਸਿੰਗਲਾ ਨੇ ਪਿੰਡ ਹੀਰੋ ਕਲਾਂ ਵਿਚ ਪਿੰਡ ਦੀ ਫਿਰਨੀ ਦੀ ਨਵੀਂ ਉਸਾਰੀ ਲਈ ਤਕਰੀਬਨ 43 ਲੱਖ ਰੁਪਏ ਦੀ ਰਾਸ਼ੀ ਦੇ ਫੰਡ ਪੰਜਾਬ ਮੰਡੀ ਬੋਰਡ ਤੋਂ ਪਾਸ ਕਰਵਾ ਕੇ ਫਿਰਨੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ਸੀ ਕਿ ਪਿੰਡ ਦੀ ਫਿਰਨੀ ਵਾਲੀ ਸੜਕ ਦੁਬਾਰਾ ਨਵੀਂ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਫਿਰਨੀ ਦੀ ਸੜਕ ਲਗਪਗ ਡੇਢ ਕਿਲੋਮੀਟਰ ਪਿੰਡ ਦੇ ਆਲੇ ਦੁਆਲੇ ਹੋਣ ਕਰਕੇ ਇਸ ਸੜਕ ’ਤੇ ਹੀ ਪਿੰਡ ਦਾ ਸਕੂਲ, ਪਿੰਡ ਦਾ ਹਸਪਤਾਲ ਅਤੇ ਪਿੰਡ ਦੀ ਅਨਾਜ ਮੰਡੀ ਸਥਿਤ ਹੈ ਜਿਸ ਕਾਰਨ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਇਸ ਸੜਕ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਨਸਾ ਹਲਕੇ ਦੇ ਹੋਰਨਾਂ ਪਿੰਡਾਂ ਵਿੱਚ ਵੀ ਖਰਾਬ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਹਰਮੰਦਰ ਸਿੰਘ, ਪੱਪੀ ਜੱਸੜ, ਦਰਸ਼ਨ ਫੌਜੀ, ਬੱਗਾ ਸਿੰਘ ਵੀ ਮੌਜੂਦ ਸਨ।