ਵਿਧਾਇਕ ਵੱਲੋਂ ਹਰੀ ਝੰਡੀ ਦੇ ਕੇ ਸਫ਼ਾਈ ਮਸ਼ੀਨ ਰਵਾਨਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 4 ਅਗਸਤ
ਸ਼ਹਿਰ ’ਚ ਸੀਵਰੇਜ ਦੀਆਂ ਲਾਈਨਾਂ ਦੀ ਸਫ਼ਾਈ ਲਈ ਨਗਰ ਕੌਂਸਲ ਵੱਲੋਂ ਲਿਆਂਦੀ ਸਕਸ਼ਨ ਕਮ ਜੈਟਿੰਗ ਮਸ਼ੀਨ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਦੇਖਣ ਨੂੰ ਮਿਲੀ। ਮਸ਼ੀਨ ਨੂੰ ਲਿਆਉਣ ਦਾ ਸਿਹਰਾ ਆਪਣੇ ਸਿਰ ਲੈਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਵੱਖ ਵੱਖ ਥਾਂ ’ਤੇ ਉਦਘਾਟਨ ਕੀਤੇ ਗਏ। ਇਸ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਪ੍ਰੋਗਰਾਮ ਉਲੀਕਿਆ, ਜਿਸ ਦਾ ਪਤਾ ਲੱਗਣ ’ਤੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਪਹਿਲਾ ਹੀ 2 ਵਜੇ ਇਥੋਂ ਦੇ ਵਾਰਡ-18 ਵਿਚ ਉਦਘਾਟਨ ਕਰ ਕੇ ਸਫਾਈ ਕਾਰਜ ਸ਼ੁਰੂ ਕਰਵਾਏ। ਉਥੇ ਹੀ ਵਿਧਾਇਕ ਸੌਂਦ ਨੇ ਮਸ਼ੀਨ ਦਾ ਉਦਘਾਟਨ ਕਰਦਿਆਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਸੀਵਰੇਜ ਲਾਈਨਾਂ ਦੀ ਸਫ਼ਾਈ ਦੇ ਪੱਕੇ ਹੱਲ ਲਈ ਮਸ਼ੀਨਾਂ ਖਰੀਦੀਆਂ ਗਈਆਂ ਹਨ। ਇਸੇ ਤਹਿਤ ਖੰਨਾ ਸ਼ਹਿਰ ਲਈ ਵੀ 53 ਲੱਖ ਰੁਪਏ ਦੀ ਲਾਗਤ ਨਾਲ ਸਕਸ਼ਨ ਮਸ਼ੀਨ ਦੀ ਖ੍ਰੀਦ ਕੀਤੀ ਗਈ ਹੈ। ਅਜਿਹਾ ਉਪਰਾਲਾ ਅੱਜ ਤੱਕ ਕਿਸੇ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਵਿਧਾਇਕ ਸੌਂਦ ਨੇ 150 ਪੈਡਲ ਰਿਕਸ਼ਾ ਵੀ ਵੱਖ ਵੱਖ ਵਾਰਡਾਂ ਲਈ ਰਵਾਨਾ ਕੀਤੇ। ਇਸ ਮੌਕੇ ਈਓ ਚਰਨਜੀਤ ਸਿੰਘ, ਕੌਂਸਲਰ ਸੁਨੀਲ ਕੁਮਾਰ ਨੀਟਾ, ਪਰਮਪ੍ਰੀਤ ਸਿੰਘ ਪੌਂਪੀ, ਜਗਤਾਰ ਸਿੰਘ, ਲਛਮਣ ਸਿੰਘ ਗਰੇਵਾਲ, ਦਿਲਬਾਗ ਸਿੰਘ, ਸੁਖਜੀਤ ਸਿੰਘ, ਬਲਕਾਰ ਸਿੰਘ, ਗੁਰਜੀਤ ਸਿੰਘ, ਮਹੇਸ਼ ਕੁਮਾਰ, ਅਵਤਾਰ ਸਿੰਘ, ਮੱਖਣ ਸਿੰਘ, ਕੁਲਵੰਤ ਸਿੰਘ, ਗੁਰਦੀਪ ਮਸ਼ਾਲ, ਸੁਰਿੰਦਰ ਬਾਵਾ, ਜਸਵਿੰਦ ਸਿੰਘ ਆਦਿ ਹਾਜ਼ਰ ਸਨ।