ਵਿਧਾਇਕ ਨੇ ਸ਼ਾਹਕੋਟ ਦੀਆਂ ਪੰਚਾਇਤਾਂ ਨਾਲ ਕੀਤੀ ਮਿਲਣੀ
ਪੱਤਰ ਪ੍ਰੇਰਕ
ਸ਼ਾਹਕੋਟ, 2 ਦਸੰਬਰ
‘ਪੰਚਾਇਤਾਂ ਨੂੰ ਬਿਨਾਂ ਕਿਸੇ ਭੇਦ-ਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਪੰਚਾਇਤਾਂ ਵੱਲੋਂ ਨੇਕਦਿਲੀ ਤੇ ਇਮਾਨਦਾਰੀ ਨਾਲ ਕੰਮ ਕੀਤੇ ਜਾਣ ਨਾਲ ਹੀ ਹੇਠਲੀ ਪੱਧਰ ’ਤੇ ਲੋਕਤੰਤਰ ਮਜ਼ਬੂਤ ਹੋ ਸਕਦਾ ਹੈ।’ ਇਹ ਗੱਲ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇੱਥੋਂ ਦੇ ਇਕ ਪੈਲੇਸ ’ਚ ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਨਵੀਆਂ ਪੰਚਾਇਤਾਂ ਲਈ ਕਰਵਾਏ ਮਿਲਣੀ ਸਮਾਰੋਹ ਵਿੱਚ ਜੁੜੇ ਸਰਪੰਚਾਂ ਤੇ ਪੰਚਾਂ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ 60 ਫੀਸਦੀ ਨਿਰੋਲ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣਨ ਨਾਲ 2027 ਵਿੱਚ ਦੁਬਾਰਾ ਆਪ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਧਰਦਿਆਂ ਬੀਬੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਕੰਮਲ ਭੋਗ ਪੈ ਚੁੱਕਾ ਹੈ। ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਦੇ ਵਰਤਾਉ ਤੋਂ ਹਰ ਹਲਕਾ ਵਾਸੀ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਪਾਰਟੀ ਵਾਲੰਟੀਅਰਾਂ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਵਿਰੋਧੀ ਪਾਰਟੀ ਦੇ ਵਰਕਰਾਂ ਦੇ ਵੱਧ ਤੋਂ ਵੱਧ ਕੰਮ ਕਰਵਾ ਕੇ ਉਨ੍ਹਾਂ ਨੂੰ ਆਪ ਨਾਲ ਜੋੜਨ ਲਈ ਕਿਹਾ। ਉਨ੍ਹਾਂ ਵਾਲੰਟੀਅਰਾਂ ਨੂੰ ਨਗਰ ਪੰਚਾਇਤ ਸ਼ਾਹਕੋਟ, ਮਹਿਤਪੁਰ ਤੇ ਬਿਲਗਾ ਦੀਆਂ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਵਿੱਚ ਡਟਣ ਦਾ ਸੱਦਾ ਦਿੱਤਾ।ਹਲਕਾ ਸ਼ਾਹਕੋਟ ਦੇ ਹਲਕਾ ਇੰਚਾਰ ਪਰਿੰਮਦਰ ਸਿੰਘ (ਪਿੰਦਰ) ਪੰਡੋਰੀ ਨੇ ਕਿਹਾ ਕਿ ਹਲਕਾ ਸ਼ਾਹਕੋਟ ਵਿਚ 170 ਪੰਚਾਇਤਾਂ ਨਿਰੋਲ ‘ਆਪ’ ਦੀਆਂ ਚੁਣੇ ਜਾਣ ਨੇ ਦਰਸਾ ਦਿਤਾ ਕਿ ਲੋਕ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਡੀ.ਐਸ.ਪੀ ਸ਼ਾਹਕੋਟ ਉਕਾਂਰ ਸਿੰਘ ਬਰਾੜ ਨੇ ਅਪਰਾਧਾਂ ਉੱਪਰ ਕਾਬੂ ਪਾਉਣ ਲਈ ਪੰਚਾਇਤਾਂ ਕੋਲੋ ਸਹਿਯੋਗ ਮੰਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ, ਬਲਾਕ ਪ੍ਰਧਾਨ ਸਵਿੰਦਰ ਸਿੰਘ ਸੋਨੂੰ, ਪਰਵੀਨ ਗਰੋਵਰ, ਬੂਟਾ ਸਿੰਘ ਕਲਸੀ, ਮਨੋਜ ਅਰੋੜਾ,ਸੀਚੇਵਾਲ ਦੇ ਸਰਪੰਚ ਬੂਟਾ ਸਿੰਘ, ਪੰਚ ਸੁਰਜੀਤ ਸਿੰਘ ਸੰਟੀ, ਬਾਹਮਣੀਆਂ ਦੇ ਸਰਪੰਚ ਸੁਖਵਿੰਦਰ ਸਿੰਘ ਸਾਬਾ ਆਦਿ ਹਾਜ਼ਰ ਸਨ।