ਵਿਧਾਇਕ ਵੱਲੋਂ ਜਲ-ਥਲ ਹੋਏ ਕੌਮੀ ਮਾਰਗ ਦਾ ਜਾਇਜ਼ਾ
ਪਵਨ ਗੋਇਲ
ਭੁੱਚੋ ਮੰਡੀ, 9 ਜੁਲਾਈ
ਹਲਕਾ ਭੁੱਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਤੇ ਰਿਸਰਚ ਅਤੇ ਹਸਪਤਾਲ ਭੁੱਚੋ ਖੁਰਦ ਅੱਗੇ ਜਮ੍ਹਾਂ ਹੋਏ ਮੀਂਹ ਦੇ ਪਾਣੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਅਤੇ ਸੀਐੱਮ ਹਾਊਸ ਦੇ ਅਧਿਕਾਰੀ ਕੇਸ਼ਵ ਗੋਇਲ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ। ਵਿਧਾਇਕ ਨੇ ਦੱਸਿਆ ਕਿ ਕੇਸ਼ਵ ਗੋਇਲ ਨੇ ਭਰੋਸਾ ਦਿੱਤਾ ਹੈ ਕਿ ਇਸ ਸਬੰਧੀ ਰਿਪੋਰਟ ਹਾਸਲ ਕਰਕੇ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਦੇ ਨਿੱਜੀ ਸਹਾਇਕ ਰਸਟੀ ਮਿੱਤਲ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਪਿ੍ਰੰਸ ਗੋਲਨ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਸ਼ਾਮ ਤੱਕ ਪਏ ਮੀਂਹ ਦੌਰਾਨ ਕੌਮੀ ਮਾਰਗ ਨੇ ਨਿਕਾਸੀ ਨਾ ਹੋਣ ਕਾਰਨ ਤਲਾਅ ਦਾ ਰੂਪ ਧਾਰਨ ਕਰ ਲਿਆ। ਪਾਣੀ ਐਨਾ ਜ਼ਿਆਦਾ ਸੀ ਕਿ ਅੱਜ ਦੂਜੇ ਦਿਨ ਵੀ ਸੜਕ ਖਾਲੀ ਨਹੀਂ ਹੋਈ। ਇਸ ਸੜਕ ’ਤੇ ਲਗਦੇ ਵੱਡੇ ਸਹਿਰਾਂ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਆਦਿ ਦੀਆਂ ਟੂਰਿਸਟ ਥਾਵਾਂ ’ਤੇ ਜਾਣ ਲਈ ਗੁਆਂਢੀ ਰਾਜਾਂ ਦੇ ਵੱਡੀ ਗਿਣਤੀ ਵਿੱਚ ਲੋਕ ਲੰਘਦੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਪਾਣੀ ਜ਼ਿਆਦਾ ਖੜ੍ਹਾ ਹੋਣ ਕਾਰਨ ਉਨ੍ਹਾਂ ਦਾ ਰੁਜਗਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਅਥਾਰਟੀ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ।
ਇਸ ਸਬੰਧੀ ਪਟੇਲ ਕੰਪਨੀ ਦੇ ਸਾਈਟ ਇੰਚਾਰਜ ਇੰਜ: ਗੁਰਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਰੁਟੀਨ ਵਾਲੇ ਮੀਂਹ ਦੇ ਹਿਸਾਬ ਨਾਲ ਨਿਕਾਸੀ ਲਈ ਦੋ ਬੋਰ ਲਗਾਏ ਗਏ ਸਨ। ਉਹ ਜ਼ਿਆਦਾ ਮੀਂਹ ਪੈਣ ਕਾਰਨ ਮਿੱਟੀ ਨਾਲ ਭਰ ਗਏ ਹਨ। ਮੌਸਮ ਠੀਕ ਹੁਦਿਆਂ ਹੀ ਹੋਰ ਬੋਰ ਲਗਾ ਕੇ ਸਮੱਸਿਆ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।