ਵਿਧਾਇਕ ਵੱਲੋਂ ਰਾਮਪੁਰਾ ਦੇ ਸੁੰਦਰੀਕਰਨ ਦਾ ਉਦਘਾਟਨ
ਰਮਨਦੀਪ ਸਿੰਘ
ਰਾਮਪੁਰਾ ਫੂਲ 25 ਅਕਤੂਬਰ
ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸ਼ਹਿਰ ਰਾਮਪੁਰਾ ਦੇ ਸੁੰਦਰੀਕਰਨ ਸੁਪਨੇ ਪੂਰੇ ਕਰਨ ਦੇ ਆਪਣੇ ਦਾਅਵੇ ਨੂੰ ਅਮਲੀ ਰੂਪ ਦਿੰਦਿਆਂ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਨਮੂਨੇ ਦਾ ਸ਼ਹਿਰ ਬਣਾਉਣ ਦੇ ਸੁਪਨੇ ਪੂਰੇ ਕੀਤੇ ਜਾ ਰਹੇ ਹਨ ਸ਼ਹਿਰ ਦੀ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ।
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਿਧਾਇਕ ਨੇ ਸ਼ਹਿਰ ਰਾਮਪੁਰਾ ਲਈ ਵਾਰਡ ਵਿਚੋਂ ਸਰਬਸੰਮਤੀ ਕਰਨ ਵਾਲਿਆਂ ਲਈ ਪੰਜ ਲੱਖ ਰੁਪਏ ਪ੍ਰਤੀ ਵਾਰਡ ਗਰਾਂਟ ਦੇਣ ਦੀ ਗੱਲ ਵੀ ਆਖੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਯੋਗ ਵਿਅਕਤੀਆਂ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਹਿਰੀਆਂ ਲਈ ਲਗਪਗ ਡੇਢ ਕਰੋੜ ਰੁਪਏ ਦੀ ਗਰਾਂਟ ਨਾਲ ਪਟਿਆਲਾ ਮੰਡੀ ਮਾਰਕੀਟ ਕਮੇਟੀ ਵਾਲੀ ਥਾਂ ਤੇ ਪਾਰਕ ਅਤੇ ਸੂਏ ਨੂੰ ਲਗਭਗ ਗਿਆਰਾਂ ਕਰੋੜ ਲਾਗਤ ਨਾਲ ਪੱਕਾ ਤੇ ਆਲੇ ਦੁਆਲੇ ਤੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ, ਬੂਟਿਆਂ, ਘਾਹ ਲਾਈਟਾਂ ਲਗਾ ਕੇ ਸ਼ਾਨਦਾਰ ਸ਼ੈਰਗਾਹ ਦੀ ਸਥਾਪਨਾ ਕੀਤੀ ਜਾਵੇਗਾ।