ਵਿਧਾਇਕ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਪੰਚਕੂਲਾ, 15 ਜਨਵਰੀ
ਕਾਲਕਾ ਦੇ ਵਿਧਾਇਕ ਪ੍ਰਦੀਪ ਚੌਧਰੀ ਨੇ 13 ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਨ੍ਹਾਂ ਵਿੱਚ ਨਾਨਕਪੁਰ, ਸੀਤੇਵਾਲਾ, ਖੁਦਾਬਖਸ਼ ਬਨੋਈ, ਪਿੱਪਲਘਾਟੀ, ਨੱਗਲ ਰੁਤਾਲ, ਗੋਦਾਮ, ਖੇੜਾਵਾਲੀ, ਲੇਹੀ, ਪਪਲੀਹਾ, ਮਾਜਰਾ, ਰਾਮਪੁਰਜੰਗੀ, ਖੋਲ ਫਤਹਿ ਸਿੰਘ, ਕਰਨਪੁਰ ਪਿੰਡ ਸ਼ਾਮਲ ਸਨ। ਵਿਧਾਇਕ ਨੇ ਕਿਹਾ ਕਿ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਕਾਲਕਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਬਕਾ ਸਾਥ, ਸਬ ਕਾ ਵਿਕਾਸ ਦਾ ਨਾਅਰਾ ਦੇਣ ਵਾਲੀ ਭਾਜਪਾ ਅਸਲ ਵਿੱਚ ਵਿਕਾਸ ਕਰਵਾਉਣ ਤੋਂ ਭਟਕ ਗਈ ਹੈ। ਉਨ੍ਹਾਂ ਸਰਕਾਰ ਤੋਂ 25 ਕਰੋੜ ਰੁਪਏ ਦੀਆਂ ਸੜਕਾਂ ਦੀ ਮੰਗ ਕੀਤੀ ਅਤੇ ਖੇਤਾਂ ਅਤੇ ਕੋਠਿਆਂ ਤੱਕ ਪੱਕੀਆਂ ਸੜਕਾਂ ਦੀ ਸੂਚੀ ਭੇਜੀ ਪਰ ਸਰਕਾਰ ਨੇ ਕੰਮ ਕਰਵਾਉਣ ਦੀ ਬਜਾਏ ਉਨ੍ਹਾਂ ਕੰਮਾਂ ਨੂੰ ਹੀ ਟਾਲ ਦਿੱਤਾ ਹੈ। ਇਸ ਸਬੰਧੀ ਉਹ ਮੁੱਖ ਮੰਤਰੀ ਨੂੰ ਵੀ ਮਿਲੇ ਹਨ। ਵਿਧਾਇਕ ਨੇ ਦੋਸ਼ ਲਾਇਆ ਕਿ ਕਈ ਠੇਕੇਦਾਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘਟੀਆ ਸੜਕਾਂ ਬਣਾ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਰਵਿੰਦਰ ਪਾਲ ਮਹਿਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਸਿੰਘ ਕਰਨਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਜਿੰਦਰ ਖੇੜਾਵਾਲੀ, ਬਲਾਕ ਸਮਿਤੀ ਮੈਂਬਰ ਰਵੀਕਾਂਤ ਆਦਿ ਹਾਜ਼ਰ ਸਨ।