ਵਿਧਾਇਕ ਨੇ ਨਵੇਂ ਪੀਸੀਆਰ ਵਾਹਨਾਂ ਨੂੰ ਦਿਖਾਈ ਝੰਡੀ
ਪੱਤਰ ਪ੍ਰੇਰਕ
ਧਰਮਕੋਟ, 21 ਨਵੰਬਰ
ਧਰਮਕੋਟ ਹਲਕੇ ਦੇ ਤਿੰਨ ਥਾਣਿਆਂ ਦੇ ਲੋਕਾਂ ਦੀ ਸੁਰੱਖਿਆ ਹਿੱਤ ਪੰਜ ਪੀਸੀਆਰ ਮੋਟਰਸਾਈਕਲ ਅਤੇ ਦੋ ਨਵੀਆਂ ਗੱਡੀਆਂ ਮੁੱਹਈਆ ਕਰਵਾਈਆਂ ਗਈਆਂ ਹਨ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਇਨ੍ਹਾਂ ਨਵੇਂ ਵਾਹਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਕ ਸਾਦੇ ਸਮਾਗਮ ਵਿੱਚ ਵਿਧਾਇਕ ਨੇ ਵਾਹਨਾਂ ਨੂੰ ਲੋਕ ਸੁਰੱਖਿਆ ਲਈ ਸਮਰਪਿਤ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ, ਥਾਣਾ ਧਰਮਕੋਟ ਦੇ ਮੁਖੀ ਜਤਿੰਦਰ ਸਿੰਘ, ਥਾਣਾ ਕੋਟ ਈਸੇ ਖਾਂ ਦੇ ਮੁਖੀ ਅਮਰਜੀਤ ਸਿੰਘ ਤੇ ਹੋਰ ਹਾਜ਼ਰ ਸਨ। ਵਿਧਾਇਕ ਢੋਸ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਤੇ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਹੋਰ ਚੁਸਤ-ਦਰੁਸਤ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਸਮੇਤ ਅਤੇ ਹੋਰ ਗ਼ਲਤ ਗਤੀਵਿਧੀਆਂ ਵਿੱਚ ਸ਼ਾਮਲ ਅਨਸਰਾਂ ਉੱਤੇ ਨਜ਼ਰ ਰੱਖਣ ਲਈ ਇਨ੍ਹਾਂ ਨਵੇਂ ਪੁਲੀਸ ਵਾਹਨਾਂ ਨੂੰ ਫ਼ੀਲਡ ਵਿੱਚ ਉਤਾਰਿਆ ਗਿਆ ਹੈ। ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੀਸੀਆਰ ਮੋਟਰਸਾਈਕਲਾਂ ਵਿੱਚੋਂ 2 ਧਰਮਕੋਟ, 2 ਕੋਟ ਈਸੇ ਖਾਂ ਅਤੇ 1 ਥਾਣਾ ਮਹਿਣਾ ਭੇਜੇ ਗਏ ਹਨ। ਇਸੇ ਤਰ੍ਹਾਂ ਥਾਣਾ ਧਰਮਕੋਟ ਅਤੇ ਥਾਣਾ ਕੋਟ ਈਸੇ ਖਾਂ ਨੂੰ ਇੱਕ-ਇੱਕ ਗੱਡੀ ਮੁੱਹਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਵਾਹਨਾਂ ਲਈ ਵੱਖਰੀ ਫੋਰਸ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹ 24 ਘੰਟੇ ਦਿਨ ਰਾਤ ਡਿਊਟੀ ਨਿਭਾਉਣਗੇ।