ਵਿਧਾਇਕ ਨੇ ਘਟੀਆ ਸਮੱਗਰੀ ਨਾਲ ਉਸਾਰੀ ਸੜਕ ਪੁਟਵਾਈ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਨਵ ਨਿਰਮਾਣ ਸੜਕਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਗਿੱਲ ਗਾਰਡਨ ਤੋਂ ਲੈ ਕੇ ਨਹਿਰ ਤੱਕ ਬੇਗੁਆਣਾ ਸੜਕ ਦੀ ਉਸਾਰੀ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ ਜਿਸ ’ਤੇ ਫੌਰੀ ਕਾਰਵਾਈ ਕੀਤੀ ਗਈ।
ਨਗਰ ਨਿਗਮ ਦੇ ਬੀ ਐਂਡ ਆਰ ਦੇ ਐਕਸੀਅਨ ਰਾਕੇਸ਼ ਸਿੰਗਲਾ ਦੀ ਮੌਜੂਦਗੀ ਵਿੱਚ ਜਦੋਂ ਸੜਕ ਦਾ ਨਿਰੀਖਣ ਕੀਤਾ ਗਿਆ ਤਾਂ ਉਸ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਸਾਹਮਣੇ ਆਈ। ਇਸ ਦੇ ਚੱਲਦਿਆਂ ਵਿਧਾਇਕ ਛੀਨਾ ਨੇ ਤੁਰੰਤ ਐਕਸ਼ਨ ਲੈਂਦਿਆਂ ਪੂਰੀ ਸੜਕ ਪੁਟਵਾ ਕੇ ਮੁੜ ਤੋਂ ਸੜਕ ਦੇ ਨਿਰਮਾਣ ਦੇ ਹੁਕਮ ਜਾਰੀ ਕੀਤੇ ਅਤੇ ਠੇਕੇਦਾਰ ਨੂੰ ਨੋਟਿਸ ਵੀ ਕੱਢਿਆ ਗਿਆ।
ਇਸ ਦੌਰਾਨ ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਦੇ ਵਿਕਾਸ ’ਚ ਕਿਸੇ ਵੀ ਤਰਾਂ ਦੀ ਧਾਂਦਲੀ ਜਾਂ ਮਾੜੇ ਮਟੀਰੀਅਲ ਦੀ ਵਰਤੋਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪੈਸੇ ਹਨ ਜੋ ਲੋਕਾਂ ਦੇ ਵਿਕਾਸ ਲਈ ਲਗਾਏ ਜਾ ਰਹੇ ਹਨ, ਉਨ੍ਹਾਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਦੀ ਮੁੜ ਉਸਾਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜੇਕਰ ਠੇਕੇਦਾਰ ਨੇ ਮੁੜ ਤੋਂ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਤਾਂ ਉਸ ਨੂੰ ਬਲੈਕਲਿਸਟ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।