‘ਗੁੰਮਸ਼ੁਦਾ ਔਰਤ’ ਨੇ ਪੇਸ਼ ਕੀਤਾ ਪੜ੍ਹੇ-ਲਿਖੇ ਲੋਕਾਂ ਦਾ ਗਿਆਨ-ਵਿਹੂਣਾ ਸੱਚ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਨਵੰਬਰ
ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਕਰਵਾਏ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਮੰਚ ਵੱਲੋਂ ਅਨੀਤਾ ਸ਼ਬਦੀਸ਼ ਨੇ ‘ਗੁੰਮਸ਼ੁਦਾ ਔਰਤ’ ਦਾ ਮੰਚਨ ਕੀਤਾ। ਇਸ ਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ ਤੇ ਇਸ ਸੋਲੋ ਨਾਟਕ ਨੂੰ ਅਨੀਤਾ ਸ਼ਬਦੀਸ਼ ਨੇ ਮੰਚ ’ਤੇ ਸਾਕਾਰ ਕੀਤਾ। ਉਹ ਖ਼ੁਦ ਨਾਟਕ ਦੇ ਨਿਰਦੇਸ਼ਕ ਵੀ ਸਨ। ਇਹ ਨਾਟਕ ਸਮਾਜੀ ਜੀਵਨ ’ਚ ‘ਗੁੰਮਸ਼ੁਦਾ’ ਜੂਨ ਹੰਢਾਅ ਰਹੇ ਲੋਕਾਂ ਦੀ ਗਾਥਾ ਹੈ। ਇਹ ਲੋਕ ਸੋਚਦੇ ਤਾਂ ਇਹੀ ਹਨ ਕਿ ਉਨ੍ਹਾਂ ਪੜ੍ਹ-ਲਿਖ ਕੇ ਆਪਾ ਲੱਭ ਲਿਆ ਹੈ, ਪਰ ਉਨ੍ਹਾਂ ਨੂੰ ਇਲਮ ਤੱਕ ਨਹੀਂ ਹੈ ਕਿ ਉਹ ਤਾਂ ਗਵਾਚੇ ਹੋਏ ਘੁੰਮ ਰਹੇ ਹਨ। ਇਸ ਨਾਟਕ ਦੀ ਕਹਾਣੀ ਘਰੇਲੂ ਨੌਕਰਾਣੀ ਦੇ ਨਜ਼ਰੀਏ ਤੋਂ ਦਰਸਾਈ ਗਈ ਹੈ, ਜੋ ਇੱਕ ਪੜ੍ਹੀ-ਲਿਖੀ ਔਰਤ ਦੀ ਦਿੱਤੀ ਮੱਤ ਮੁਤਾਬਕ ਡਾਇਰੀ ਲਿਖ ਰਹੀ ਹੈ। ਉਹ ਹਰ ਰੋਜ਼ ਪੂਰੇ ਦਿਨ ਦਾ ਹਾਲ-ਹਵਾਲ ਲਿਖਦੀ-ਲਿਖਦੀ ਦਿਲ ਦਾ ਹਾਲ ਵੀ ਲਿਖਣ ਲੱਗ ਪੈਂਦੀ ਹੈ। ਨਾਟਕ ਦੀ ਕਹਾਣੀ ਉਸ ਗਵਾਚੀ ਹੋਈ ਡਾਇਰੀ ਦੁਆਲੇ ਘੁੰਮਦੀ ਹੈ, ਜਿਸ ਵਿੱਚ ਉਸ ਨੇ ਸੂਝਵਾਨ ਸਮਾਜ ਦਾ ਅੰਦਰਲਾ ਖੋਲ੍ਹ ਦਿਖਾ ਦਿੱਤਾ ਹੈ। ਇਸ ਵਿੱਚ ਉਸ ਦੇ ਦੋ ਮਾਲਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਮੇਸ਼ਾ ਉਸ ਨੂੰ ਉਤਸ਼ਾਹਤ ਕੀਤਾ ਹੈ। ਉਸ ਦੇ ਮਾਲਕ ਪਤੀ-ਪਤਨੀ ਹਨ ਜਾਂ ਨਹੀਂ, ਇਹ ਰਹੱਸ ਅੰਤ ਤੱਕ ਕਾਇਮ ਰਹਿੰਦਾ ਹੈ।, ਉਹ ਦੋਵੇਂ ਪਹਿਲਾਂ ਵੱਖੋ-ਵੱਖਰੇ ਘਰ ਵਿੱਚ ਰਹਿੰਦੇ ਸਨ। ਫਿਰ ਉਹ ਇੱਕੋ ਘਰ ਵਿੱਚ ਰਹਿਣ ਲੱਗੇ ਸਨ ਤੇ ਉਨ੍ਹਾਂ ਘਰੇਲੂ ਨੌਕਰਾਣੀ ਨੂੰ ਪੱਕੇ ਤੌਰ ’ਤੇ ਆਪਣੇ ਕੋਲ ਰੱਖ ਲਿਆ ਸੀ।
ਜਦੋਂ ਸ਼ਹਿਰ ਵਿੱਚ ਇੱਕ ਇਕੱਲੀ ਰਹਿੰਦੀ ਬਜ਼ੁਰਗ ਦਾ ਕਤਲ ਹੋ ਗਿਆ ਤਾਂ ਉਹ ਉਸ ਘਰ ਦੀ ਨੌਕਰਾਣੀ ਦੀ ਗ੍ਰਿਫ਼ਤਾਰੀ ਕਾਰਨ ਪ੍ਰੇਸ਼ਾਨ ਹੈ, ਪਰ ਉਸ ਦੀ ਮਾਲਕਣ ਨੂੰ ਘਰੇਲੂ ਨੌਕਰਾਣੀ ’ਤੇ ਸ਼ੱਕ ਹੈ। ਉਹ ਘਰੇਲੂ ਨੌਕਰਾਣੀ ਇਸ ਤਰ੍ਹਾਂ ਦੇ ਸ਼ੱਕੀ ਰਵੱਈਏ ਤੋਂ ਖਿਝ ਕੇ ਬਾਗ਼ੀ ਹੋ ਜਾਂਦੀ ਹੈ। ਉਹ ਕੰਮ ਛੱਡ ਕੇ ਝੁੱਗੀ ਵਿੱਚ ਵਾਪਸ ਆ ਜਾਂਦੀ ਹੈ, ਜਿੱਥੇ ਬਾਪ ਦਵਾਈ ਖੁਣੋਂ ਮਰ ਚੁੱਕਾ ਹੈ; ਭਰਾ ਨਸ਼ੇੜੀ ਹੈ ਤੇ ਭੈਣ ਪਤੀ ਦੀ ਕੁੱਟ ਸਹਿ ਵੀ ਦਿਨਕਟੀ ਕਰ ਰਹੀ ਹੈ। ਉਸ ਦੀ ਇਮਾਨਦਾਰੀ ਤੇ ਸੂਝ ਦਾ ਸਫ਼ਰ, ਜੋ ਮਾਂ ਨੂੰ ਪਹਿਲੇ ਦਿਨੋਂ ਪਸੰਦ ਨਹੀਂ ਸੀ, ਉਸ ਦਾ ਗਿਲ੍ਹਾ ਡਾਇਰੀ ਗਵਾਚਣ ਨਾਲ ਹੋਰ ਪ੍ਰੇਸ਼ਾਨ ਕਰ ਜਾਂਦਾ ਹੈ। ਬੇਸ਼ੱਕ ਬਜ਼ੁਰਗ ਔਰਤ ਦੇ ਕਤਲ ਦੀ ਸੱਚਾਈ ਜ਼ਾਹਿਰ ਹੋਣ ’ਤੇ ਉਸ ਨੂੰ ਵਾਪਸ ਲਜਿਾਣ ਦੀ ਕੋਸ਼ਿਸ਼ ਹੁੰਦੀ ਪਰ ਉਹ ਇਨਕਾਰ ਕਰ ਦਿੰਦੀ ਹੈ।
ਅਨੀਤਾ ਸ਼ਬਦੀਸ਼ ਨੇ ਨੌਕਰਾਣੀ ਤੇ ਇਸਮਤ ਚੁਗਤਾਈ ਤੋਂ ਇਲਾਵਾ ਹੋਰ ਕਿਰਦਾਰਾਂ ਨੂੰ ਮੰਚ ’ਤੇ ਸਾਕਾਰ ਕੀਤਾ। ਸ਼ਬਦੀਸ਼ ਨੇ ਇਸ ਸੋਲੋ ਨਾਟਕ ਲਈ ਇਸਮਤ ਚੁਗਤਾਈ ਦੀ ਸਵੈ-ਜੀਵਨੀ ਦੇ ਕਾਂਡ ਦਾ ਸੰਪਾਦਤ ਰੂਪ ਪੇਸ਼ ਕੀਤਾ ਹੈ ਤੇ ਹਿੰਦੀ ਲੇਖਕ ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਵੀ ਇਸਤੇਮਾਲ ਕੀਤੀਆਂ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਈਨ ਕੀਤਾ ਹੈ।