ਲਾਪਤਾ ਬੱਚੀ ਦੀ ਉੱਘ-ਸੁੱਘ ਨਾ ਲੱਗਣ ’ਤੇ ਜਾਮ ਲਾਇਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਨਵੰਬਰ
ਇਥੋਂ 10 ਅਕਤੂਬਰ ਤੋਂ ਭੇਤਭਰੀ ਹਾਲਤ ’ਚ ਲਾਪਤਾ ਹੋਈ ਗੋਬਿੰਦ ਬਾਗ ਕਲੋਨੀ ਦੀ 14 ਸਾਲਾ ਬੱਚੀ ਦੀ 24 ਦਿਨਾ ਮਗਰੋਂ ਵੀ ਕੋਈ ਉੱਘ ਸੁੱਘ ਨਹੀਂ ਨਿਕਲੀ। ਇਸ ਕਰਕੇ ਪਰਿਵਾਰ ਵੱਲੋਂ ਕੀਤੀ ਗਈ ਚਾਰਾਜੋਈ ’ਤੇ ਇਥੋਂ ਦੇ ਵੱਖ ਵੱਖ ਵਰਗਾਂ ਨੇ ‘ਜਾਗਦੀ ਜਮੀਰ ਵਾਲਾ ਸਮਾਜ’ ਦੇ ਬੈਨਰ ਹੇਠਾਂ ਇੱਕ ਮੰਚ ਬਣਾ ਕੇ ਅੱਜ ਇਥੇ ਰਾਜਪੁਰਾ ਰੋਡ ’ਤੇ ਸਥਿਤ ਨਵੇੇਂ ਬੱਸ ਸਟੈਂਡ ਦੇ ਬਾਹਰ ਸਥਿਤ ਬੱਤੀਆਂ ਵਾਲੇ ਚੌਕ ’ਚ ਧਰਨਾ ਦੇ ਕੇ ਰਾਜਪੁਰਾ ਤੇ ਪਟਿਆਲਾ ਸਮੇਤ ਸਰਹਿੰਦ ਅਤੇ ਸੰਗਰੂਰ ਸੜਕਾਂ ਨੂੰ ਜਾਂਦਾ ਬਾਈਪਾਸ ਵੀ ਜਾਮ ਕੀਤਾ।
ਜ਼ਿਕਰਯੋਗ ਹੈ ਕਿ 14 ਸਾਲਾਂ ਦੀ ਇਹ ਬੱਚੀ 10 ਅਕਤੂਬਰ ਤੋਂ ਭੇਤਭਰੀ ਹਾਲਤ ’ਚ ਲਾਪਤਾ ਹੈ, ਜਿਸ ਦੇ ਚੱਲਦਿਆਂ ਹੀ ਪੁਲੀਸ ਤੋਂ ਬੱਚੀ ਦਾ ਜਲਦੀ ਤੋਂ ਜਲਦੀ ਪਤਾ ਲਗਾਉਣ ਲਈ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੋਰਨਾ ਵਰਗਾਂ ਦੇ ਸਹਿਯੋਗ ਨਾਲ ਇਹ ਧਰਨਾ ਦਿਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਸਣੇ ਹੋਰਨਾ ਵਰਗਾਂ ਨਾਲ ਸਬੰਧਤ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ। ਇਸ ਧਰਨੇ ’ਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ’ਚ ਭਾਜਪਾ ਦੇ ਸੀਨੀਅਰ ਆਗੂ ਵਰੁਣ ਜਿੰਦਲ, ਸਾਬਕਾ ਮੇਅਰ ਸੰਜੀਵ ਬਿੱੱਟੂ, ਹਿੰਦੂ ਆਗੂ ਅਸ਼ਵਨੀ ਗੱਗੀ ਬ੍ਰਹਮ ਨੰਦ ਗਿਰੀ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਆਸ਼ੂਤੋਸ਼ ਗੌਤਮ, ਆਰਐੱਸਐੱਸ ਦੇ ਉਤਰ ਭਾਰਤ ਦੇ ਪ੍ਰਧਾਨ ਐਡਵੋਕੇਟ ਦਵਿੰਦਰ ਰਾਜਪੂਤ, ਸੁਸ਼ੀਲ ਨਈਅਰ ਸ਼ਾਮਲ ਸਨ। ਲੋਕਾਂ ਨੇ ਪੁਲੀਸ ਤੋਂ ਲਾਪਤਾ ਬੱਚੀ ਦੀ ਤਲਾਸ਼ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸੇ ਦੌਰਾਨ ਸੁਰੱਖਿਆ ਪ੍ਰਬੰਧਾਂ ਵਜੋਂ ਤਾਇਨਾਤ ਪੁਲੀਸ ਦੀ ਅਗਵਾਈ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਕਰ ਰਹੇ ਸਨ। ਉਨ੍ਹਾਂ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਸਬੰਧੀ ਪੁਲੀਸ ਪਹਿਲਾਂ ਹੀ ਸੰਜੀਦਾ ਹੈ। ਉਧਰ ਸੀਸੀਟੀਵੀ ਕੈਮਰਿਆਂ ਦੀ ਇੱਕ ਫੁਟੇਜ ਵਿੱਚ ਇਹ ਬੱਚੀ ਬੱਸ ਸਟੈਂਡ ’ਚ ਨਜ਼ਰ ਆਈ ਹੈ। ਇਸੇ ਦੌਰਾਨ ਜਿੱਥੇ ਇੰਸਪੈਕਟਰ ਅਮਨਦੀਪ ਬਰਾੜ ਨੇ ਸਰਗਰਮੀਆਂ ਹੋਰ ਤੇਜ ਕਰਨ ਦਾ ਭਰੋਸਾ ਦਿੱਤਾ, ਉਥੇ ਹੀ ਧਰਨੇ ’ਚ ਪਹੁੰਚ ਕੇ ਮੰਗ ਪੱਤਰ ਹਾਸਲ ਕਰਦਿਆਂ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਨੇ ਵੀ ਉਨ੍ਹਾਂ ਦੀ ਇਸ ਮੰਗ ਦੀ ਪੂਰਤੀ ਯਕੀਨੀ ਬਣਾਉਣ ਦਾ ਭਰੋਸਾ ਦਿਤਾ। ਇਸ ਮਗਰੋਂ ਹੀ ਇਹ ਧਰਨਾ ਸਮਾਪਤ ਹੋਇਆ।