ਹਸਪਤਾਲ ’ਚੋਂ ਲਾਪਤਾ ਬੱਚੇ ਦੀ ਕੋਈ ਉੱਘ-ਸੁੱਘ ਨਾ ਲੱਗੀ
ਪੱਤਰ ਪ੍ਰੇਰਕ
ਜਲੰਧਰ, 17 ਸਤੰਬਰ
ਇੱਥੋਂ ਦੇ ਸਿਵਲ ਹਸਪਤਾਲ ਵਿੱਚੋਂ 11 ਸਤੰਬਰ ਨੂੰ ਲਾਪਤਾ ਹੋਏ 5 ਸਾਲਾ ਬੱਚੇ ਸਬੰਧੀ ਥਾਣਾ 4 ਦੀ ਪੁਲੀਸ ਨੇ ਬੱਚੇ ਨੂੰ ਅਗਵਾ ਕਰਨ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਬੱਚਾ ਪੰਜ ਦਿਨ ਪਹਿਲਾਂ ਸਿਵਲ ਹਸਪਤਾਲ ਤੋਂ ਲਾਪਤਾ ਹੋ ਗਿਆ ਸੀ। ਬੱਚੇ ਅੰਸ਼ੂ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਉਹ 5 ਦਿਨ ਪਹਿਲਾਂ ਆਪਣੇ ਲੜਕੇ ਨਾਲ ਕਿਸੇ ਕੰਮ ਲਈ ਸਿਵਲ ਹਸਪਤਾਲ ਆਇਆ ਸੀ। ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਉਸ ਦਾ ਬੇਟਾ ਉੱਥੇ ਨਹੀਂ ਸੀ। ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਪੁਲੀਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।
ਰੰਧਾਵਾ ਮਸੰਦਾ ਦੇ ਵਸਨੀਕ ਰਾਕੇਸ਼ ਨੇ ਦੱਸਿਆ ਕਿ ਜਦੋਂ ਬੱਚਾ ਲਾਪਤਾ ਹੋਇਆ ਤਾਂ ਉਸ ਨੇ ਆਪਣੇ ਪੱਧਰ ’ਤੇ ਕਾਫੀ ਖੋਜ ਕੀਤੀ। ਉਸ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਥਾਣਾ 4 ਦੀ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ 4 ਦੀ ਪੁਲੀਸ ਸਿਵਲ ਹਸਪਤਾਲ ਅਤੇ ਹਸਪਤਾਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਬੱਚੇ ਬਾਰੇ ਕੁਝ ਸੁਰਾਗ ਮਿਲ ਸਕਣ। ਬੱਚੇ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਜਦੋਂ ਬੱਚਾ ਲਾਪਤਾ ਹੋਇਆ ਤਾਂ ਉਸ ਨੇ ਆਪਣੇ ਪੱਧਰ ’ਤੇ ਕਾਫੀ ਖੋਜ ਕੀਤੀ। ਉਸ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ।