ਸ਼ਰਾਰਤੀਆਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਭੰਨ-ਤੋੜ
ਜਗਤਾਰ ਸਮਾਲਸਰ
ਏਲਨਾਬਾਦ, 4 ਦਸੰਬਰ
ਸ਼ਹਿਰ ਦੇ ਡੱਬਵਾਲੀ ਰੋਡ ’ਤੇ ਚੌਕ ਵਿੱਚ ਸਥਾਪਤ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਉਣ ਕਾਰਨ ਕੰਬੋਜ ਬਰਾਦਰੀ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਕਸ਼ਮੀਰ ਚੰਦ ਕੰਬੋਜ, ਭਗਵਾਨ ਦਾਸ, ਰਮੇਸ਼ ਕੰਬੋਜ, ਬਲਦੇਵ ਰਾਜ, ਰਘਬੀਰ ਜੋਸਨ, ਹਰਵਿੰਦਰ ਸਿੰਘ, ਮਲੂਕ ਸਿੰਘ ਆਦਿ ਨੇ ਆਖਿਆ ਕਿ ਲੰਘੀ 2 ਦਸੰਬਰ ਦੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਹੱਥ ਵਿੱਚ ਬਣੀ ਪਿਸਤੌਲ ਨੂੰ ਤੋੜ ਦਿੱਤੀ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਸ਼ਰਾਰਤੀ ਅਨਸਰਾਂ ਨੇ ਅਜਿਹਾ ਕਰਕੇ ਜਿੱਥੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਉੱਥੇ ਹੀ ਸਮਾਜ ਵਿਚਲੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕੰਬੋਜ ਬਰਾਦਰੀ ਅਤੇ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਮੰਗ ਕੀਤੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਹੁੁੰਚੀ ਪੁਲੀਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ।