ਸਫਲਤਾ ਦਾ ਮਿਰਗਜਾਲ
ਅਵਿਜੀਤ ਪਾਠਕ
ਹਰ ਸਾਲ ਇਨ੍ਹਾਂ ਦਿਨਾਂ ਵਿਚ ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸਾਡੇ ਨੌਉਮਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨ ਮਸਤਕ ‘ਤੇ ਛਾਏ ਹੁੰਦੇ ਹਨ ਤਾਂ ਅਸੀਂ ਆਪਣੇ ਆਲੇ ਦੁਆਲੇ ‘ਸਫਲਤਾ’ ਦੀ ਬੱਲੇ ਬੱਲੇ ਅਤੇ ‘ਅਸਫਲਤਾ’ ਦੀ ਤੋਏ ਤੋਏ ਹੁੰਦੀ ਤੱਕਦੇ ਹਾਂ। ਬਿਨਾ ਸ਼ੱਕ, ਟੌਪਰ ਵਿਦਿਆਰਥੀ ਪਲਾਂ ਛਿਣਾਂ ਵਿਚ ‘ਸੈਲੇਬ੍ਰਿਟੀ’ ਦਾ ਰੂਪ ਧਾਰ ਲੈਂਦੇ ਹਨ; ਬ੍ਰਾਂਡ ਮੁਖੀ ਸਕੂਲ ਅਤੇ ਮੁਨਾਫ਼ਾਖੋਰ ਕੋਚਿੰਗ ਕੇਂਦਰ ਹੁੱਬ ਹੁੱਬ ਕੇ ਆਪਣੀ ‘ਸਫਲਤਾ’ ਦੀਆਂ ਕਹਾਣੀਆਂ ਸੁਣਾਉਂਦੇ ਹਨ ਅਤੇ ਅਜਿਹੇ ਵਿਦਿਆਰਥੀ ਜਦੋਂ ਆਪਣੀ ਗਹਿ ਗੱਡਵੀਂ ਪੜ੍ਹਾਈ, ਸਵੈ-ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦੀਆਂ ਬਾਤਾਂ ਪਾਉਂਦੇ ਹਨ ਤਾਂ ਟੈਲੀਵਿਜ਼ਨ ਚੈਨਲ ਉਨ੍ਹਾਂ ਨੂੰ ਮਿੱਥ ਬਣਾ ਕੇ ਪਰੋਸਦੇ ਹਨ। ਫਿਰ ਸਫ਼ਲਤਾ ਦੇ ਇਸ ਜਸ਼ਨ ਦੌਰਾਨ ਹੀ ਸਾਨੂੰ ਖੁਦਕੁਸ਼ੀਆਂ, ਹਤਾਸ਼ਾ ਅਤੇ ਸ਼ਰਮਿੰਦਗੀ ਦੇ ਵਾਕਿਆਤ ਸੁਣਨ ਨੂੰ ਮਿਲਦੇ ਹਨ।
ਦਰਅਸਲ, ਜਿਹੜੇ ਬੱਚੇ ‘ਫੇਲ੍ਹ’ ਹੋ ਜਾਂਦੇ ਹਨ (ਨੰਬਰਾਂ ਦੀ ਇਸ ਖੇਡ ਵਿਚ 90 ਫ਼ੀਸਦ ਤੋਂ ਘੱਟ ਅੰਕ ਲੈਣ ਵਾਲੇ ਬੱਚਿਆਂ ਦੇ ਮਾਪੇ ਵੀ ਮਨ ਮਸੋਸ ਕੇ ਰਹਿ ਜਾਂਦੇ ਹਨ) ਉਨ੍ਹਾਂ ਨੂੰ ਤਿਰਸਕਾਰਿਆ ਜਾਂਦਾ ਹੈ ਅਤੇ ਅਕਸਰ ਉਨ੍ਹਾਂ ਨੂੰ ਗ਼ੈਰ-ਜਿ਼ੰਮੇਵਾਰ ਅਤੇ ਬੌਧਿਕ ਤੌਰ ‘ਤੇ ਕੰਗਾਲ ਕਰਾਰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਆਂਢ-ਗੁਆਂਢ ਅਤੇ ਦਫ਼ਤਰਾਂ ਵਿਚ ਨਮੋਸ਼ੀ ਝੱਲਣੀ ਪੈਂਦੀ ਹੈ ਅਤੇ ਇਸ ਚੜ੍ਹਦੀ ਉਮਰੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ‘ਨਾਕਾਮੀ’ ਦਾ ਬੋਝ ਆਪਣੇ ਮੋਢਿਆਂ ‘ਤੇ ਢੋਣਾ ਪੈਂਦਾ ਹੈ। ਕੋਈ ਉਨ੍ਹਾਂ ਦਾ ਮਨ ਟਟੋਲਣ ਅਤੇ ਉਨ੍ਹਾਂ ਦੀ ਪੀੜ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਅਤੇ ਉਨ੍ਹਾਂ ਨੂੰ ਇਹ ਨਹੀਂ ਦੱਸਦਾ ਕਿ ਜਿ਼ੰਦਗੀ ਦੀ ਜਟਿਲ ਖੇਡ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਬੋਰਡ ਦੀ ਕਿਸੇ ਪ੍ਰੀਖਿਆ ਵਿਚ 500 ਚੋਂ 499 ਨੰਬਰ ਲੈਂਦੇ ਹੋ ਜਾਂ ਨਹੀਂ।
ਤਰਾਸਦੀ ਇਹ ਹੈ ਕਿ ਅਸੀਂ ਜਿ਼ਆਦਾਤਰ ਸਫਲ ਕਹਾਣੀਆਂ ਦੇ ਖੋਖਲੇਪਣ ਦੀ ਸ਼ਾਇਦ ਹੀ ਕਦੇ ਪ੍ਰਵਾਹ ਕਰਦੇ ਹਾਂ। 99 ਫ਼ੀਸਦ ਅੰਕ ਹਾਸਲ ਕਰਨ ਵਾਲੇ ਇਹ ‘ਟੌਪਰ’ ਕੀ ਕਰਨਾ ਚਾਹੁੰਦੇ ਹਨ? ਜਾਂ ਉਹ ਦੁਨੀਆ ਨੂੰ ਕਿਵੇਂ ਦੇਖਦੇ ਹਨ? ਜਾਂ ਫਿਰ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਕੀ ਤਵੱਕੋ ਕਰਦੇ ਹਨ? ਅਧਿਆਪਕ ਅਤੇ ਮਨੁੱਖੀ ਹੋਂਦ ਦਾ ਪਾਰਖੂ ਹੋਣ ਨਾਤੇ ਮੈਂ ਬੇਸਬਰੀ ਨਾਲ ਉਡੀਕ ਕਰਦਾ ਰਿਹਾ ਹਾਂ ਕਿ ਕਦੇ ਕੋਈ ਟੌਪਰ ਵਿਦਿਆਰਥੀ ਆ ਕੇ ਆਖੇ ਕਿ ਉਹ ਸਿਧਾਂਤਕ ਭੌਤਿਕ ਵਿਗਿਆਨੀ, ਗਣਿਤ ਵਿਗਿਆਨੀ, ਇਤਿਹਾਸਕਾਰ ਜਾਂ ਫਿਰ ਮੇਧਾ ਪਟਕਰ ਜਿਹਾ ਸਮਾਜਿਕ ਕਾਰਕੁਨ, ਸਤਿਆਜੀਤ ਰੇਅ ਜਿਹਾ ਫਿਲਮਸਾਜ਼ ਜਾਂ ਅੰਮ੍ਰਿਤਾ ਪ੍ਰੀਤਮ ਜਿਹਾ ਸਾਹਿਤਕਾਰ ਬਣਨਾ ਚਾਹੁੰਦਾ/ਚਾਹੁੰਦੀ ਹੈ।
ਅੱਜ ਤੱਕ ਕੋਈ ਇਕ ਵੀ ‘ਟੌਪਰ ਆਮ ਤੇ ਸੁਰੱਖਿਅਤ ਪਰਵਾਜ਼ ਦੇ ਇਸ ਗਧੀ ਗੇੜ ਤੋਂ ਬਾਹਰ ਨਿਕਲਣ ਦਾ ਜੇਰਾ ਨਹੀਂ ਦਿਖਾ ਸਕਿਆ। ਇਹ ਇਕੋ ਉੱਤਰ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਹਨ: “ਮੈਂ ਕੰਪਿਊਟਰ ਇੰਜਨੀਅਰ ਬਣਨਾ ਚਾਹੁੰਦਾ/ਚਾਹੁੰਦੀ ਹਾਂ। ਮੈਂ ਡਾਕਟਰ ਜਾਂ ਆਈਏਐਸ ਅਫਸਰ ਬਣਨਾ ਚਾਹੁੰਦਾ/ਚਾਹੁੰਦੀ ਹਾਂ।” ਹਾਲਾਂਕਿ ਇਨ੍ਹਾਂ ਕਿੱਤਿਆਂ ਵਿਚ ਕਰੀਅਰ ਬਣਾਉਣਾ ਕੋਈ ਗ਼ਲਤ ਗੱਲ ਨਹੀਂ ਹੈ ਪਰ ਜਦੋਂ ਅਕਸਰ ਆਪਣੇ ਹਾਣੀਆਂ ਦੇ ਦਬਾਓ, ਮਾਪਿਆਂ ਦੀਆਂ ਖਾਹਿਸ਼ਾਂ, ਮੱਧ ਵਰਗ ਦੇ ਕਮਾਊ ਨੌਕਰੀਆਂ ਦੇ ਖ਼ਬਤ ਅਤੇ ਪਦਾਰਥਕ ਦੌਲਤ ਤੇ ਸਮਾਜਿਕ ਪੂੰਜੀ ਦੇ ਨਵ ਉਦਾਰਵਾਦੀ ਤਰਕ ਦੀ ਖਿੱਚ ਧੂਹ ਕਰ ਕੇ ਇਹ ਸਾਰੇ ਯੁਵਾ ‘ਟੌਪਰ’ ਜਦੋਂ ਤੋਤੇ ਵਾਂਗ ਇਕ ਹੀ ਫਾਰਮੂਲਾ ਰਟਦੇ ਹਨ, ਇਕ ਹੀ ਟੀਚੇ ਮਗਰ ਦੌੜਦੇ ਹਨ ਅਤੇ ਕਿਸੇ ਬਦਲਵੇਂ ਰਾਹ ਬਾਰੇ ਸੋਚਣ ਤੋਂ ਵੀ ਡਰਦੇ ਹਨ ਤਾਂ ਸਾਨੂੰ ਚਿੰਤਾ ਕਰਨੀ ਬਣਦੀ ਹੈ।
ਇਹ ਇਕਰੂਪਤਾ ਗ਼ੈਰ-ਕੁਦਰਤੀ ਹੈ (ਤੁਸੀਂ ਕੰਪਿਊਟਰ ਇੰਜਨੀਅਰ ਬਣਨ ਲਈ ਸਾਇੰਸ ਨਹੀਂ ਪੜ੍ਹਦੇ; ਜਾਂ ਤੁਸੀਂ ਇਤਿਹਾਸ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਦਾ ਅਧਿਐਨ ਨਹੀਂ ਕਰਦੇ ਸਗੋਂ ਆਈਏਐਸ ਅਫਸਰ ਬਣਨ ਲਈ ਪੜ੍ਹਦੇ ਹੋ); ਇਹ ਕਿਸੇ ਨੌਜਵਾਨ ਜਗਿਆਸੂ ਦੀ ਖੁਦਮੁਖ਼ਤਾਰੀ ਅਤੇ ਵਿਲੱਖਣਤਾ ਨੂੰ ਤੋੜਦੀ ਹੈ (ਸਾਇੰਸ ਦੇ ਕਿਸੇ ਵਿਦਿਆਰਥੀ ਵਿਚ ਵੀ ਸੰਗੀਤ, ਪੇਂਟਿੰਗ ਅਤੇ ਸਾਹਿਤ ਦੀ ਛੁਪੀ ਹੋਈ ਪ੍ਰਤਿਭਾ ਜਾਂ ਰੁਚੀ ਹੋ ਸਕਦੀ ਹੈ) ਅਤੇ ਸਭ ਤੋਂ ਵਧ ਕੇ ਇਹ ਕਿ ਇਹ ਇਕਰੂਪਤਾ ਇਨ੍ਹਾਂ ਟੌਪਰਾਂ ਨੂੰ ਸੂਖਮ ਉਤਪਾਦ ਬਣਾ ਦਿੰਦੀ ਹੈ- ਭਾਵ, ਲਕੀਰ ਦੇ ਫ਼ਕੀਰਾਂ ਦਾ ਸਮੂਹ ਜੋ ਪਲੇਸਮੈਂਟ ਅਤੇ ਭਾਰੀ ਭਰਕਮ ਤਨਖ਼ਾਹ ਪੈਕੇਜਾਂ ਦੇ ਮਿੱਥ ਦੇ ਪਾਤਰ ਬਣ ਕੇ ਰਹਿ ਜਾਂਦੇ ਹਨ। ਇਹ ਪ੍ਰਵਾਨ ਕਰਨਾ ਪੈਣਾ ਹੈ ਕਿ ਵਿਆਹ ਬੰਧਨ ਵਿਚ ਦਾਜ ਦੇ ਲੈਣ ਦੇਣ ਦੀ ਅਮੁੱਕ ਪ੍ਰਥਾ, ਬਹੁਤੇ ਮੈਡੀਕਲ ਇੰਜਨੀਅਰਿੰਗ ਮੈਨੇਜਮੈਂਟ ਕਾਲਜਾਂ ਵਿਚ ਕੈਪੀਟੇਸ਼ਨ ਫੀਸ ਦਾ ਰਿਵਾਜ਼ ਅਤੇ ਸਮਾਜਿਕ ਦਕੀਆਨੂਸੀ ਅਤੇ ਸਜਾਵਟੀ ਆਧੁਨਿਕਤ, ਇਹ ਸਭ ਇਸੇ ਲਕੀਰ ਦੀ ਫ਼ਕੀਰੀ ਦੀ ਉਪਜ ਹਨ।
ਇਸ ਸਮਾਜਿਕ ਜਨੂਨ ਦੇ ਹੋਰ ਵੀ ਬਹੁਤ ਸਾਰੇ ਸਿੱਟੇ ਹਨ। ਚਾਰੇ ਪਾਸੇ ਫੈਲੇ ਕੋਚਿੰਗ ਸੈਂਟਰਾਂ ਅਤੇ ਐਡ ਟੈੱਕ ਕੰਪਨੀਆਂ ਦੇ ਜੰਜਾਲ ਤੋਂ ਲੈ ਕੇ ਪ੍ਰਾਈਵੇਟ ਮੈਡੀਕਲ, ਇੰਜਨੀਅਰਿੰਗ ਕਾਲਜਾਂ ਦੀ ਭਰਮਾਰ ਜਾਂ ਆਪਣੀਆਂ ਸੰਪਤੀਆਂ ਵੇਚ ਕੇ ਅਤੇ ਬੈਂਕਾਂ ਤੋਂ ਕਰਜ਼ ਚੁੱਕ ਕੇ ਆਪਣੇ ਬੱਚਿਆਂ ਨੂੰ ਅਜਿਹੇ ਜੀਆ-ਘਾਤ ਚੈਂਬਰਾਂ ਵਿਚ ਧੱਕਣ ਦੀ ਮੱਧ ਵਰਗੀ ਮਾਪਿਆਂ ਦੀ ਹੋੜ ਜਿਸ ਕਰ ਕੇ ਨੌਜਵਾਨ ਵਿਦਿਆਰਥੀ ਹਰ ਸਮੇਂ ਤਣਾਅ ਤੇ ਡਰ ਵਿਚ ਘਿਰੇ ਰਹਿੰਦੇ ਹਨ- ਤੇ ਇਹ ਪਾਗਲਪਣ ਹਰ ਪਾਸੇ ਪਸਰਿਆ ਹੋਇਆ ਹੈ। ਮੱਧ ਵਰਗੀ ਮਾਪਿਆਂ ਵਲੋਂ ਮਣਾਂ ਮੂੰਹੀਂ ਰਕਮ ਖਰਚ ਕਰਨ ਦੇ ਬਾਵਜੂਦ ਹਰ ਬੱਚਾ ਤਾਂ ਕਿਸੇ ਇੰਜਨੀਅਰਿੰਗ ਜਾਂ ਮੈਡੀਕਲ ਕਾਲਜ ਵਿਚ ਦਾਖ਼ਲਾ ਨਹੀਂ ਪਾ ਸਕੇਗਾ; ਦਿੱਲੀ ਦੇ ਮੁਖਰਜੀ ਨਗਰ ਵਿਚ ਸ਼ਰਨ ਲੈ ਕੇ ਬੈਠੇ ਬਿਹਾਰ, ਉੱਤਰ ਪ੍ਰਦੇਸ਼, ਉੜੀਸਾਾ ਤੋਂ ਹਜ਼ਾਰਾਂ ਵਿਦਿਆਰਥੀ, ਆਈਏਐਸ ਕੋਚਿੰਗ ਸੈਂਟਰਾਂ ਦੇ ਚੱਕਰ ਕੱਟਦੇ ਹਨ, ਰਾਤਾਂ ਜਾਗ ਕੇ ਆਮ ਗਿਆਨ, ਇਤਿਹਾਸ ਅਤੇ ਸਮਾਜ ਸ਼ਾਸਤਰ ਦੇ ਨੋਟਸ ਪੜ੍ਹਦੇ ਹਨ, ਫਿਰ ਵੀ ਛੋਟੇ ਕਸਬਿਆਂ ਤੋਂ ਆਇਆ ਹਰ ਵਿਦਿਆਰਥੀ ਵੱਡੇ ਵੱਡੇ ਬੰਗਲੇ ਵਾਲਾ ਕੁਲੈਕਟਰ ਜਾਂ ਰਾਜਕੀ ਸੱਤਾ ਦੇ ਜਲੌਅ ਦੇ ਪ੍ਰਤੀਕ ਪੁਲੀਸ ਸੁਪਰਡੈਂਟ ਬਣਨ ਆਪਣੇ ਮਿੱਥ ਦਾ ਟੀਚਾ ਹਾਸਲ ਨਹੀਂ ਕਰ ਸਕੇਗਾ।
ਕੀ ਅਸੀਂ ਨਾਖੁਸ਼ ਲੋਕ ਪੈਦਾ ਕਰਨ ਲੱਗੇ ਹੋਏ ਹਾਂ? ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ। ਕੀ ਤੁਹਾਨੂੰ ਆਪਣੇ ਆਪ ਅੰਦਰ ਝਾਤੀ ਮਾਰਨ ਲਈ ਕਦੇ ਹੱਲਾਸ਼ੇਰੀ ਦਿੱਤੀ ਗਈ ਹੈ, ਕੀ ਤੁਸੀਂ ਹਮੇਸਾ ਆਪਣੇ ਆਪ ਨੂੰ ਦੂਜਿਆਂ ਦੀਆਂ ਨਜ਼ਰਾਂ ਨਾਲ ਹੀ ਤੱਕਣ ਦੀ ਕੋਸ਼ਿਸ਼ ਕਰਦੇ ਹੋ ਅਤੇ ਕੀ ਤੁਹਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਨਾਲ ਤੁਸੀਂ ਭਰੇ ਹੋਏ ਮਹਿਸੂਸ ਨਹੀਂ ਕਰਦੇ ਅਤੇ ਬੇਗਾਨਗੀ ਮਹਿਸੂਸ ਕਰਦੇ ਹੋ; ਤੇ ਬੇਗਾਨਗੀ ਅੰਦਰੂਨੀ ਭਰੱਪਣ, ਰਚਨਾਤਮਿਕਤਾ ਅਤੇ ਆਨੰਦ ਦਾ ਨਿਸ਼ੇਧ ਹੁੰਦੀ ਹੈ। ਤੱਥ ਇਹ ਹੈ ਕਿ ਨਾਖੁਸ਼ੀ ਦਾ ਅਹਿਸਾਸ ਕੇਵਲ ਉਨ੍ਹਾਂ ਲੋਕਾਂ ਤੱਕ ਸੀਮਤ ਨਹੀਂ ਹੈ ਜਿਨ੍ਹਾਂ ਨੂੰ ਸਿਸਟਮ ਨੇ ‘ਨਾਕਾਮ’ ਐਲਾਨ ਦਿੱਤਾ ਹੈ; ਭਾਵ, ਜੋ ਕੰਪਿਊਟਰ ਇੰਜਨੀਅਰ, ਡਾਕਟਰ ਜਾਂ ਆਈਏਐਸ ਅਫਸਰ ਨਹੀਂ ਬਣ ਸਕੇ। ਅਸੀਂ ਇਹ ਕਹਿਣ ਤੋਂ ਡਰਦੇ ਹਾਂ ਕਿ ਸਫਲ ਐਲਾਨੇ ਗਏ ਉਹ ਸ਼ਖ਼ਸ ਵੀ ਨਾਖੁਸ਼ ਰਹਿੰਦੇ ਹਨ। ਤੁਸੀਂ ਸਫ਼ਲ, ਤਾਕਤਵਰ ਅਤੇ ਧਨਾਢ ਹੋਣ ਦੇ ਬਾਵਜੂਦ ਬੇਚੈਨ ਅਤੇ ਅੰਦਰੋਂ ਟੁੱਟੇ ਹੋਏ ਹੋ ਸਕਦੇ ਹੋ। ਖਪਤ ਜਾਂ ਸਰਕਾਰੀ ਰੁਤਬੇ ਦੇ ਰੋਹਬ-ਦਾਬ ਦੇ ਤਰਕ ਨਾਲ ਚਲਦੀ ‘ਚੰਗੀ ਜਿ਼ੰਦਗੀ’ ਦੀ ਮਿੱਥ ਵੀ ਇਸ ਜ਼ਖ਼ਮ ਨੂੰ ਭਰ ਨਹੀਂ ਸਕੇਗੀ। ਜੇ ਤੁਸੀਂ ਖੁਸ਼ ਅਤੇ ਸਫਲ ਹੋਣ ਦਾ ਦਿਖਾਵਾ ਕਰੋਗੇ ਤਾਂ ਅੰਦਰੋਂ ਹੋਰ ਖਾਲੀਪਣ ਮਹਿਸੂਸ ਕਰੋਗੇ। ਤੁਸੀਂ ਖੁਸ਼ ਕਿਵੇਂ ਹੋ ਸਕਦੇ ਹੋ ਜਦੋਂ ਕੋਈ ਸ਼ਖ਼ਸ ਜੋ ਬਾਕਮਾਲ ਇਤਿਹਾਸਕਾਰ ਹੋ ਸਕਦਾ ਸੀ, ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮਜ਼ ਅਫਸਰ ਵਜੋਂ ਕੰਮ ਕਰ ਰਿਹਾ ਹੈ?
*ਲੇਖਕ ਸਮਾਜ ਸ਼ਾਸਤਰੀ ਹੈ।