For the best experience, open
https://m.punjabitribuneonline.com
on your mobile browser.
Advertisement

ਮਨਿਸਟੀਰੀਅਲ ਕਾਮਿਆਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ

07:37 AM Nov 25, 2023 IST
ਮਨਿਸਟੀਰੀਅਲ ਕਾਮਿਆਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ
ਪਟਿਆਲਾ ਵਿੱਚ ਮੰਗਾਂ ਲਈ ਰੋਸ ਮਾਰਚ ਕਰਦੇ ਹੋਏ ਮੁਲਾਜ਼ਮ। ਫੋਟੋ: ਰਾਜੇਸ਼ ਸੱਚਰ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਨਵੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਵਿੱਚ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਅਤੇ ਲਾਲ ਬੱਤੀ ਚੌਕ ਵਿੱਚ ਆਵਾਜਾਈ ਠੱਪ ਕਰਕੇ ਪਿੱਟ ਸਿਆਪਾ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਰੈਲੀ ਕਰਨ ਮਗਰੋਂ ਰੋਸ ਮਾਰਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਮੁੱਚੇ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮ ਪਿਛਲੇ 17 ਦਿਨਾਂ ਤੋਂ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ’ਤੇ ਚੱਲ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸੂਬਾ ਵਿੱਤ ਸਕੱਤਰ ਅਨੁਜ਼ ਸ਼ਰਮਾ, ਰਣਜੀਤ ਸਿੰਘ ਭੀਖੀ, ਮਨਪ੍ਰੀਤ ਕੌਰ, ਹਰਵਿੰਦਰ ਸਿੰਘ ਕਾਲਾ ਅਤੇ ਤਰਸੇਮ ਖੰਨਾ ਨੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ 8 ਨਵੰਬਰ ਤੋਂ ਸੂਬੇ ਭਰ ਵਿੱਚ ਕਲਮਛੋੜ ਹੜਤਾਲ ਸ਼ੁਰੂ ਕਰ ਕੇ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਲਾਰਾ ਲੱਪਾ ਲਗਾ ਕੇ ਵਕਤ ਟਪਾਇਆ ਜਾ ਰਿਹਾ ਹੈ ਜਿਸ ਕਾਰਨ ਦਫ਼ਤਰੀ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਸੂਬਾ ਕਮੇਟੀ ਵੱਲੋਂ ਕਲਮਛੋੜ ਹੜਤਾਲ 28 ਨਵੰਬਰ ਤੱਕ ਵਧਾਈ ਗਈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਸਟੇਟ ਮਨੀਸਟੀਰੀਅਲ ਸਰਸਵਿਸਿਜ਼ ਯੂਨੀਅਨ (ਪੀ.ਐੱਸ.ਐੱਮ.ਐੱਸ.ਯੂ.) ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਵੱਲੋਂ ਡੀ.ਏ. ਦੀ ਕਿਸ਼ਤ ਜਾਰੀ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ ਸਮੇਤ ਹੋਰ ਮੰਗਾਂ ਲਈ ਅੱਜ ਪੰਜਾਬ ਸਰਕਾਰ ਖਿਲਾਫ ਮਿਨੀ ਸੈਕਟਰੀਏਟ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਮਿਨੀ ਸੈਕਟਰੀਏਟ ਚੌਕ ਤੋਂ ਥਾਪਰ ਕਾਲਜ ਚੌਕ ਤੱਕ ਸਰਕਾਰ ਖ਼ਿਲਾਫ਼ ਨਾਅਰੇ ਲਾਉਂਦਿਆਂ ਰੋਸ ਰੈਲੀ ਕੀਤੀ ਗਈ। ਥਾਪਰ ਕਾਲਜ ਚੌਕ ਜਾਮ ਕਰਕੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਚੌਕ ਵਿਚਕਾਰ ਸਾੜੀ ਗਈ।
ਪੀਐੱਮਐੱਸਯੂ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਗੁਰਮੇਲ ਵਿਰਕ ਨੇ ਕਿਹਾ,‘ਅਸੀਂ 8 ਨਵੰਬਰ ਤੋਂ ਕਲਮ ਛੋੜ, ਕੰਪਿਊਟਰ ਤੇ ਪੈਨ ਡਾਊਨ ਹੜਤਾਲ ’ਤੇ ਬੈਠੇ ਹਾਂ ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਇਸ ਮੌਕੇ ਦਰਜਾ ਚਾਰ ਕਾਮਿਆਂ, ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਦੇ ਸੈਂਕੜੇ ਮੁਲਾਜ਼ਮਾਂ ਨੇ ਵੀ ਮਨਿਸਟੀਰੀਅਲ ਕਾਮਿਆਂ ਨੂੰ ਹਮਾਇਤ ਦਿੱਤੀ।

Advertisement

Advertisement
Advertisement
Author Image

joginder kumar

View all posts

Advertisement